ਗੁਰਜੀਤ ਔਜਲਾ ਨੇ ਫਿਰ ਰਚਿਆ ਇਤਿਹਾਸ, ਮਿਲੀ ਵੱਡੀ ਜਿੱਤ

05/23/2019 4:44:29 PM

ਅੰਮ੍ਰਿਤਸਰ - ਲੋਕ ਸਭਾ ਸੀਟ ਅੰਮ੍ਰਿਤਸਰ ਦੇ ਚੋਣ ਨਤੀਜੇ 'ਚ ਕੇਂਦਰੀ ਚੋਣ ਕਮਿਸ਼ਨ ਨੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਜੇਤੂ ਕਰਾਰ ਕਰ ਦਿੱਤਾ ਹੈ। ਜ਼ਿਲਾ ਚੋਣ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਦਫਤਰ ਤੋਂ ਮਿਲੇ ਅੰਕੜਿਆਂ ਅਨੁਸਾਰ ਗੁਰਜੀਤ ਸਿੰਘ ਔਜਲਾ 99626 ਵੋਟਾਂ ਦੀ ਲੀਡ ਨਾਲ ਜੇਤੂ ਰਹੇ ਹਨ, ਹਾਲਾਂਕਿ ਸਾਲ 2017 ਦੀ 1,99,189 ਦੀ ਲੀਡ ਦੀ ਤੁਲਨਾ 'ਚ ਔਜਲਾ ਨੂੰ ਕਾਫ਼ੀ ਘੱਟ ਵੋਟ ਮਿਲੇ ਹਨ ਪਰ ਉਹ ਦੂਜੀ ਵਾਰ ਅੰਮ੍ਰਿਤਸਰ ਸੀਟ ਤੋਂ ਜੇਤੂ ਬਣ ਚੁੱਕੇ ਹਨ। ਔਜਲਾ ਨੂੰ ਕੁਲ 445032 ਵੋਟਾਂ ਮਿਲੀਆਂ ਅਤੇ ਹਰਦੀਪ ਸਿੰਘ ਪੁਰੀ ਨੂੰ 345406, ਜਦੋਂ ਕਿ ਸਾਲ 2017 ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਰਜਿੰਦਰਮੋਹਨ ਸਿੰਘ ਛੀਨਾ ਨੂੰ 308964 ਵੋਟਾਂ ਮਿਲੀਆਂ ਸਨ। ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦੀ ਤੁਲਨਾ 'ਚ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਵਿਧਾਨ ਸਭਾ ਹਲਕਾ ਮਜੀਠਾ ਨੂੰ ਛੱਡ ਕੇ ਹੋਰ ਕਿਸੇ ਵੀ ਹਲਕੇ 'ਚ ਕਾਂਗਰਸੀ ਉਮੀਦਵਾਰ ਨੂੰ ਨਹੀਂ ਹਰਾ ਪਾਏ, ਹਾਲਾਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਪੁਰੀ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਨੂੰ ਕਾਂਟੇ ਦੀ ਟੱਕਰ ਦੇਣਗੇ ਪਰ ਅਜਿਹਾ ਨਹੀਂ ਹੋਇਆ, ਫਿਰ ਵੀ ਅਕਾਲੀ-ਭਾਜਪਾ ਗਠਜੋੜ ਦੂਜੇ ਨੰਬਰ 'ਤੇ ਰਿਹਾ ਹੈ।

ਆਮ ਆਦਮੀ ਪਾਰਟੀ ਫਿਰ ਬੁਰੀ ਤਰ੍ਹਾਂ ਅਸਫਲ
ਅੰਮ੍ਰਿਤਸਰ ਲੋਕ ਸਭਾ ਸੀਟ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਇਕ ਵਾਰ ਫਿਰ ਆਪਣਾ ਜਲਵਾ ਦਿਖਾਉਣ 'ਚ ਅਸਫ਼ਲ ਸਾਬਿਤ ਹੋਈ ਹੈ, ਹਾਲਾਂਕਿ ਸਾਲ 2017 ਵਿਚ ਆਪ ਉਮੀਦਵਾਰ ਉਪਕਾਰ ਸਿੰਘ ਸੰਧੂ 1,49,160 ਵੋਟ ਹਾਸਲ ਕਰਨ ਵਿਚ ਕਾਮਯਾਬ ਰਹੇ ਸਨ ਪਰ ਇਸ ਵਾਰ 'ਆਪ' ਦੇ ਕੁਲਦੀਪ ਸਿੰਘ ਧਾਲੀਵਾਲ ਸਾਬਕਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਦੀ ਤੁਲਨਾ ਸਿਰਫ 20087 ਵੋਟਾਂ ਹੀ ਹਾਸਲ ਕਰ ਸਕੇ ਹਨ।

ਕਾਂਗਰਸ ਦੇ ਪ੍ਰਭਾਵ ਵਾਲੀ ਇਸ ਸੀਟ 'ਤੇ 2014 'ਚ ਵੀ ਕਾਂਗਰਸ ਨੇ ਹੀ ਕਬਜ਼ਾ ਕੀਤਾ। 2014 'ਚ ਕੈਪਟਨ ਅਮਰਿੰਦਰ ਸਿੰਘ ਨੇ ਦਿੱਗਜ ਬੀ.ਜੇ.ਪੀ. ਨੇਤਾ ਅਰੁਣ ਜੇਤਲੀ ਨੂੰ ਹਰਾਇਆ ਸੀ। ਜੇਤਲੀ ਨੂੰ  ਮੈਦਾਨ 'ਚ ਇਸ ਕਰਕੇ ਉਤਾਰਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਤੋਂ ਨਾਰਾਜ਼ ਸਨ। ਸਿੱਧੂ ਦੇ ਬੀ.ਜੇ.ਪੀ. ਵਲੋਂ ਚੋਣ ਨਾ ਲੜਨ ਦਾ ਨਤੀਜਾ ਇਹ ਰਿਹਾ ਕਿ ਕਾਂਗਰਸ 1999 ਤੋਂ ਬਾਅਦ 2014 'ਚ ਅੰਮ੍ਰਿਤਸਰ ਸੀਟ ਜਿੱਤ ਸਕੀ। ਅਮਰਿੰਦਰ ਸਿੰਘ ਨੇ ਅਰੁਣ ਜੇਤਲੀ ਨੂੰ 1 ਲੱਖ ਤੋਂ ਜ਼ਿਆਦਾ ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ। ਅਮਰਿੰਦਰ ਸਿੰਘ ਨੂੰ 4,82,876 ਵੋਟਾਂ ਹਾਸਲ ਹੋਈਆਂ ਤੇ ਬੀਜੇਪੀ ਨੂੰ 3,80,106 ਵੋਟਾਂ ਪਾਈਆਂ। 

ਵਿਧਾਨ ਸਭਾ ਚੋਣਾਂ 2017 
ਸਾਲ 2017 'ਚ ਕਾਂਗਰਸ ਨੇ ਵਿਧਾਨ ਸਭਾ ਚੋਣਾਂ 'ਚ ਬਹੁਮਤ ਹਾਸਲ ਕੀਤਾ ਤੇ ਅਮਰਿੰਦਰ ਸਿੰਘ ਮੁੱਖਮੰਤਰੀ ਬਣੇ। ਸੀ.ਐੱਮ ਬਣਨ ਤੋਂ ਪਹਿਲਾਂ ਕੈਪਟਨ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। 2017 'ਚ ਹੀ ਜ਼ਿਮਨੀ ਚੋਣ ਹੋਈ ਤੇ ਦੋਬਾਰਾ ਕਾਂਗਰਸ ਨੇ ਜਿੱਤ ਹਾਸਲ ਕੀਤੀ। ਗੁਰਜੀਤ ਸਿੰਘ ਔਜਲਾ ਨੂੰ 5,08,153 ਵੋਟਾਂ ਹਾਸਲ ਹੋਈਆਂ ਜਦੋਂਕਿ ਬੀਜੇਪੀ ਉਮੀਦਵਾਰ ਰਾਜਿੰਦਰ ਮੋਹਨ ਛੀਨਾ ਨੂੰ ਕਰੀਬ 2 ਲੱਖ ਘਾਟ 3,08,964 ਵੋਟਾਂ ਹਾਸਲ ਹੋਈਆਂ। 

ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ (2017)
ਕਾਂਗਰਸ - ਗੁਰਜੀਤ ਸਿੰਘ ਔਜਲਾ - 5,08,153  
ਬੀਜੇਪੀ - ਰਾਜਿੰਦਰ ਮੋਹਨ ਛੀਨਾ - 3,08,964  
'ਆਪ' - ਉਪਕਾਰ ਸਿੰਘ ਸੰਧੂ  - 1,49,984

Baljeet Kaur

This news is Content Editor Baljeet Kaur