ਭਾਰਤ ਸਰਕਾਰ ਵੱਲੋਂ ਇਜਾਜ਼ਤ ਨਾ ਮਿਲਣ ਕਾਰਨ ਪਾਕਿਸਤਾਨ ਰਵਾਨਾ ਨਹੀਂ ਹੋ ਸਕਿਆ ਸਿੱਖ ਜਥਾ

06/14/2019 2:39:13 PM

ਅੰਮ੍ਰਿਤਸਰ (ਸੁਮਿਤ ਖੰਨਾ) : ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਿੱਲੀ ਅਤੇ ਹੋਰ ਸਥਾਨਾਂ ਤੋਂ ਆਏ ਲਗਭਗ 100 ਸਿੱਖ ਸ਼ਰਧਾਲੂ ਕੇਂਦਰ ਸਰਕਾਰ ਵਲੋਂ ਇਜਾਜ਼ਤ ਨਾ ਮਿਲਣ ਕਾਰਨ ਪਾਕਿਸਤਾਨ ਲਈ ਰਵਾਨਾ ਨਹੀਂ ਹੋ ਸਕੇ।

ਨਾਨਕਸ਼ਾਹੀ ਕਲੰਡਰ ਮੁਤਾਬਕ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਦੀਆਂ ਮਿਤੀਆਂ 'ਚ ਫਰਕ ਹੋਣ ਕਾਰਨ ਐੱਸ. ਜੀ. ਪੀ.ਸੀ. ਵਲੋਂ ਇਸ ਵਾਰ ਵੀ ਜੱਥਾ ਪਾਕਿਸਤਾਨ ਨਹੀਂ ਭੇਜਿਆ ਜਾ ਰਿਹਾ। ਪਾਕਿਸਤਾਨ ਵਲੋਂ ਭਾਵੇਂ ਗੱਡੀ ਨੂੰ ਵਾਹਗਾ ਸਰਹੱਦ 'ਤੇ ਭੇਜਿਆ ਗਿਆ ਸੀ ਪਰ ਭਾਰਤੀ ਰੇਲਵੇ ਵਲੋਂ ਉਸ ਗੱਡੀ ਨੂੰ ਭਾਰਤ 'ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਜਾਜ਼ਤ ਨਾ ਮਿਲਣ ਦੇ ਵਿਰੋਧ 'ਚ ਸ਼ਰਧਾਲੂਆਂ ਦੇ ਜਥੇ ਨੇ ਅਟਾਰੀ ਰੇਲਵੇ ਸਟੇਸ਼ਨ ਦਾ ਸਾਹਮਣੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜੋ ਖਬਰ ਲਿਖੇ ਜਾਣ ਤੱਕ ਜਾਰੀ ਸੀ। ਜਥਿਆਂ 'ਚ ਸ਼ਾਮਲ ਭਾਈ ਮਰਦਾਨਾ ਕੀਰਤਨ ਦਰਬਾਰ ਸੋਸਾਇਟੀ, ਫਿਰੋਜ਼ਪੁਰ, ਨਨਕਾਣਾ ਸਾਹਿਬ ਸਿੱਖ ਯਾਤਰੀ ਜੱਥਾ ਅੰਮ੍ਰਿਤਸਰ ਅਤੇ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਮੰਡੀ ਡੱਬਵਾਲੀ ਸਿਰਸਾ ਦੇ ਜਥੇ ਅੱਜ ਸਵੇਰੇ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਪਾਕਿਸਤਾਨ ਜਾਣ ਲਈ ਲਗਭਗ ਸਾਢੇ 10 ਵਜੇ ਅਟਾਰੀ ਰੇਲਵੇ ਸਟੇਸ਼ਨ 'ਤੇ ਪਹੁੰਚੇ ਸਨ ਪਰ ਭਾਰਤੀ ਰੇਲਵੇ ਨੇ ਯਾਤਰੀਆਂ ਲਈ ਰੇਲਗੱਡੀ ਦਾ ਪ੍ਰਬੰਧ ਨਹੀਂ ਕੀਤਾ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲ ਸਿੱਖ ਜਥੇ ਦੇ ਪਾਕਿਸਤਾਨ ਜਾਣ ਦੀ ਕੋਈ ਸੂਚਨਾ ਨਹੀਂ ਹੈ।

cherry

This news is Content Editor cherry