ਜਾਣੋ ਕਿਵੇਂ ਤੇ ਕਿਥੇ ਹੋਇਆ ਗੈਂਗਸਟਰ 'ਮਸਤੀ' ਦਾ ਐਨਕਾਊਂਟਰ

11/05/2018 5:48:42 PM

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਸ਼ਹਿਰ 'ਚ ਆਤੰਕ ਮਚਾ ਰਹੇ ਗੈਂਗਸਟਰ ਕਰਨ ਮਸਤੀ, ਰਿੰਕਾ, ਸ਼ੁਭਮ ਤੇ ਅਰੁਣ ਛੁਰੀਮਾਰ ਤੋਂ ਇਲਾਵਾ ਕਈ ਗੈਂਗਸਟਰਾਂ ਨੂੰ ਪੁਲਸ ਲਗਾਤਾਰ ਲੱਭ ਰਹੀ ਸੀ। ਹਾਲ ਹੀ 'ਚ ਗੁਰੂ ਬਾਜ਼ਾਰ ਸਥਿਤ ਜਿਊਲਰ ਦੀ ਦੁਕਾਨ ਤੋਂ ਲੁੱਟੇ ਗਏ 3.50 ਕਰੋੜ ਦੇ ਸੋਨੇ ਦੇ ਮਾਮਲੇ 'ਚ ਪੁਲਸ ਦੀ ਹੇਠੀ ਹੋ ਰਹੀ ਸੀ ਤੇ ਸੁਰਾਗ ਮਿਲਣ ਦੇ ਬਾਵਜੂਦ ਕੋਈ ਵੀ ਦੋਸ਼ੀ ਪੁਲਸ ਦੇ ਹੱਥੇ ਨਹੀਂ ਚੜ੍ਹ ਰਿਹਾ ਸੀ। ਦਰਜਨ ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਕਰਨ ਮਸਤੀ ਤੇ ਉਸ ਦੇ ਸਾਥੀ ਫਿਰ ਤੋਂ ਵੱਡੀ ਵਾਰਦਾਤ ਕਰਨ ਦਾ ਚੈਲੇਂਜ ਕਰ ਰਹੇ ਸਨ। 

ਇਕ ਪਾਸੇ ਜਿਥੇ ਜ਼ਿਲਾ ਪੁਲਸ ਗੈਂਗਸਟਰਾਂ ਨੂੰ ਫੜਨ ਲਈ ਲਗਾਤਾਰ ਅੱਡੀ-ਚੋਟੀ ਦਾ ਜ਼ੋਰ ਲਾ ਰਹੀ ਸੀ, ਉਥੇ ਦੂਸਰੇ ਪਾਸੇ ਜੇਲਾਂ 'ਚ ਬੈਠੇ ਗੈਂਗਸਟਰਾਂ ਦੇ ਗੁਰਗੇ ਕਈ ਤਰ੍ਹਾਂ ਦੀਆਂ ਆਡੀਓ-ਵੀਡੀਓ ਪਾ ਕੇ ਪੁਲਸ ਦੇ ਨੱਕ 'ਚ ਦਮ ਕਰ ਰਹੇ ਸਨ। ਸੀ. ਆਈ. ਏ. ਸਟਾਫ ਦੇ ਹੱਥ ਕੁਝ ਅਜਿਹੇ ਸੁਰਾਗ ਲੱਗੇ ਸਨ ਕਿ ਪਿਛਲੇ 4 ਦਿਨਾਂ ਤੋਂ ਉਹ ਇਸ ਗੈਂਗਸਟਰ ਦੀ ਭਾਲ ਵਿਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ 'ਚ ਡੇਰਾ ਲਾਈ ਬੈਠੇ ਸਨ।  ਦੂਜੇ ਪਾਸੇ ਉੱਤਰ ਪ੍ਰਦੇਸ਼ ਦੀ ਇੰਟੈਲੀਜੈਂਸ ਨੂੰ ਵੀ ਗੈਂਗਸਟਰ ਦੇ ਆਪਣੇ ਪ੍ਰਦੇਸ਼ 'ਚ ਹੋਣ ਦੀ ਭਿਣਕ ਲੱਗ ਚੁੱਕੀ ਸੀ। ਗਾਜ਼ੀਆਬਾਦ ਦੇ ਮੁਰਾਦ ਨਗਰ ਖੇਤਰ 'ਚ ਗੈਂਗਸਟਰ ਦੀ ਕੁਝ ਹਰਕਤ ਸਾਹਮਣੇ ਆਈ, ਜਿਸ 'ਤੇ ਪੰਜਾਬ ਪੁਲਸ ਤੇ ਉੱਤਰ ਪ੍ਰਦੇਸ਼ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਘੇਰਾਬੰਦੀ ਕੀਤੀ, ਜਿਵੇਂ ਹੀ ਗੈਂਗਸਟਰ ਕਰਨ ਮਸਤੀ ਦੇ ਨਾਲ ਪੁਲਸ ਦਾ ਐਨਕਾਊਂਟਰ ਹੋਇਆ ਤਾਂ ਮੌਕੇ 'ਤੇ ਮੌਜੂਦ ਅੰਮ੍ਰਿਤਸਰ ਦੇ ਸੀ. ਆਈ. ਏ. ਸਟਾਫ ਨੇ ਉਸ ਦੀ ਪਛਾਣ ਕਰ ਲਈ ਤੇ ਇਹ ਸਾਫ਼ ਹੋ ਗਿਆ ਕਿ ਪੁਲਸ ਐਨਕਾਊਂਟਰ 'ਚ ਵਾਂਟੇਡ ਗੈਂਗਸਟਰ ਕਰਨ ਮਸਤੀ ਮਾਰਿਆ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਐਨਕਾਊਂਟਰ 'ਚ ਮਾਰੇ ਗਏ ਕਰਨ ਮਸਤੀ  ਕੋਲ ਲੱਖਾਂ ਰੁਪਿਆਂ ਦਾ ਸੋਨਾ ਸੀ, ਜਦ ਕਿ ਪੁਲਸ ਨੂੰ ਉਸ ਦੇ ਕਬਜ਼ੇ 'ਚੋਂ 1 ਤੋਲਾ ਸੋਨਾ ਵੀ ਨਹੀਂ ਮਿਲਿਆ। ਸੂਤਰ ਦੱਸਦੇ ਹਨ ਕਿ ਢਾਈ ਕਿਲੋ ਤੋਂ ਵੱਧ ਸੋਨਾ ਹੋ ਸਕਦਾ ਹੈ ਪਰ ਰਿਕਾਰਡ ਅਨੁਸਾਰ ਉਸ ਦੇ ਕਬਜ਼ੇ 'ਚੋਂ 1 ਰਿਵਾਲਵਰ ਤੇ ਗੋਲੀ ਸਿੱਕਾ ਹੀ ਬਰਾਮਦ ਹੋਇਆ।  

Baljeet Kaur

This news is Content Editor Baljeet Kaur