ਅੰਮ੍ਰਿਤਸਰ : ਮਾਮੂਲੀ ਤਕਰਾਰ ਪਿੱਛੋਂ ਚਾਕੂਆਂ ਨਾਲ ਵੱਢੇ 'ਜਿਗਰੀ ਯਾਰ'

06/26/2019 11:22:10 AM

ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ (ਸੰਜੀਵ/ਅਠੌਲਾ/ਰਾਕੇਸ਼/ਸੁਮਿਤ) : ਪਿਛਲੇ ਕਈ ਦਿਨਾਂ ਤੋਂ ਮੋਬਾਇਲ ਨੂੰ ਲੈ ਕੇ ਦੋਸਤਾਂ 'ਚ ਚੱਲ ਰਿਹਾ ਝਗੜੇ ਅੱਜ ਉਸ ਸਮੇਂ ਭਿਆਨਕ ਰੂਪ ਲੈ ਗਿਆ ਜਦੋਂ ਮਾਰਨ ਦਾ ਫੈਸਲਾ ਕਰ ਚੁੱਕੇ ਤੇਜਵਿੰਦਰ ਸਿੰਘ ਜੱਗਾ, ਨਵਜੋਤ ਸਿੰਘ, ਅਕਬਰ ਸਿੰਘ ਅਤੇ ਹੀਰਾ ਨੇ ਤੇਜ਼ਧਾਰ ਚਾਕੂਆਂ ਨਾਲ ਆਪਣੇ ਹੀ ਦੋਸਤ ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਮਲਾ ਉਸ ਸਮੇਂ ਹੋਇਆ ਜਦੋਂ ਸਵੇਰੇ 8:30 ਵਜੇ ਦੇ ਕਰੀਬ ਸੰਦੀਪ ਅਤੇ ਗੁਰਪ੍ਰੀਤ ਘਰੋਂ ਕੰਮ 'ਤੇ ਨਿਕਲੇ ਅਤੇ ਉਨ੍ਹਾਂ ਨੂੰ ਰਸਤੇ 'ਚ ਘੇਰ ਲਿਆ ਗਿਆ। ਗੰਭੀਰ ਰੂਪ ਨਾਲ ਜ਼ਖਮੀ ਹੋਏ ਸੰਦੀਪ ਅਤੇ ਗੁਰਪ੍ਰੀਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਸੰਦੀਪ ਸਿੰਘ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਬਿਆਸ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਥੇ ਹੀ ਦੂਜੇ ਪਾਸੇ ਹੱਤਿਆ ਦੇ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਕੱਲ ਅਦਾਲਤ 'ਚ ਪੇਸ਼ ਕਰ ਕੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਦਾ ਮੋਬਾਇਲ ਫੋਨ ਗੁੰਮ ਹੋ ਗਿਆ ਸੀ ਅਤੇ ਉਹ ਤੇਜਵਿੰਦਰ ਸਿੰਘ 'ਤੇ ਦੋਸ਼ ਲਾ ਰਿਹਾ ਸੀ ਕਿ ਉਸ ਦਾ ਮੋਬਾਇਲ ਉਸ ਨੇ ਗੁੰਮ ਕੀਤਾ ਹੈ। ਇਸ ਨੂੰ ਲੈ ਕੇ ਆਪਸ 'ਚ ਝਗੜਾ ਚੱਲ ਰਿਹਾ ਸੀ। ਕਈ ਦਿਨਾਂ ਤੋਂ ਚੱਲ ਰਹੇ ਇਸ ਝਗੜੇ ਨੂੰ ਖਤਮ ਕਰਨ ਲਈ ਅੱਜ ਤੇਜਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲੇ ਦੀ ਯੋਜਨਾ ਬਣਾ ਲਈ। ਸੰਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਪੇਂਟ ਦਾ ਕੰਮ ਕਰਦੇ ਹਨ। ਹਮਲਾਵਰਾਂ ਨੇ ਉਨ੍ਹਾਂ ਨੂੰ ਘਰੋਂ ਨਿਕਲਣ ਤੋਂ ਬਾਅਦ ਰਸਤੇ ਵਿਚ ਘੇਰਨ ਦਾ ਫੈਸਲਾ ਲਿਆ, ਜਿਵੇਂ ਹੀ ਗੁਰਪ੍ਰੀਤ ਅਤੇ ਸੰਦੀਪ ਪਿੰਡ ਸਠਿਆਲਾ ਮੋੜ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਤੇਜਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।

ਕੀ ਕਹਿਣਾ ਹੈ ਥਾਣਾ ਮੁਖੀ ਦਾ?
ਥਾਣਾ ਬਿਆਸ ਦੇ ਇੰਚਾਰਜ ਇੰਸਪੈਕਟਰ ਮੋਹਿਤ ਕੁਮਾਰ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਦੀ ਹੱਤਿਆ ਤੋਂ ਬਾਅਦ ਤੇਜਵਿੰਦਰ ਸਿੰਘ, ਨਵਜੋਤ ਸਿੰਘ, ਅਕਬਰ ਸਿੰਘ ਅਤੇ ਹੀਰਾ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਸੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਉਸ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਤੋਂ ਬਾਅਦ ਚਾਰਾਂ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਨੂੰ ਕੱਲ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਜਾਵੇਗਾ।

Baljeet Kaur

This news is Content Editor Baljeet Kaur