ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਅੰਮ੍ਰਿਤਸਰ ਨਾਲ ਵੀ ਰਿਹਾ ਡੂੰਘਾ ਨਾਤਾ

08/24/2019 2:11:42 PM

ਅੰਮ੍ਰਿਤਸਰ (ਵੈੱਬ ਡੈਸਕ) : ਦੇਸ਼ ਦੇ ਸਾਬਕਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਦਾ ਅੰਮ੍ਰਿਤਸਰ ਨਾਲ ਗਹਿਰਾ ਨਾਤਾ ਰਿਹਾ ਹੈ। ਭਾਰਤ-ਪਾਕਿ ਵੰਡ ਦੌਰਾਨ ਅਰੁਣ ਜੇਤਲੀ ਦੇ ਪਿਤਾ ਮਹਾਰਾਜਾ ਕਿਸ਼ਨ ਜੇਤਲੀ ਅੰਮ੍ਰਿਤਸਰ ’ਚ ਕਈ ਮਹੀਨਿਆਂ ਤੱਕ ਰਹੇ ਸਨ। ਬਾਜ਼ਾਰ ਫੁੱਲਾਂ ਵਾਲਾ ’ਚ ਜੇਤਲੀ ਦੀ ਭੂਆ ਦਾ ਘਰ ਸੀ, ਜਿਥੇ ਜੇਤਲੀ ਦੇ ਪਰਿਵਾਰ ਨੇ ਕਈ ਮਹੀਨੇ ਗੁਜ਼ਾਰੇ ਸਨ। ਅਰੁਣ ਜੇਤਲੀ ਨੇ ਜ਼ਿੰਦਗੀ ਦੀ ਪਹਿਲੀ ਸੰਸਦੀ ਚੋਣ 2014 ’ਚ ਅੰਮ੍ਰਿਤਸਰ ਤੋਂ ਲਡ਼ੀ ਸੀ ਅਤੇ ਇਹੀ ਚੋਣ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਚੋਣ ਵੀ ਸਾਬਤ ਹੋਈ।

ਅਰੁਣ ਜੇਤਲੀ ਦਾ ਜਿਥੇ ਨਾਨਕਾ ਅੰਮ੍ਰਿਤਸਰ ’ਚ ਸੀ, ਉਥੇ ਹੀ 1980 ’ਚ ਉਨ੍ਹਾਂ ਦਾ ਵਿਆਹ ਜੰਮੂ-ਕਸ਼ਮੀਰ ਦੇ ਸਾਬਕਾ ਮੰਤਰੀ ਗਿਰਧਾਰੀ ਲਾਲ ਡੋਗਰਾ ਦੀ ਧੀ ਸੰਗੀਤਾ ਉਰਫ ਡਾਲੀ ਨਾਲ ਹੋਇਆ, ਅੰਮ੍ਰਿਤਸਰ ਨਾਲ ਨਾਤਾ ਹੋਰ ਗਹਿਰਾ ਗਿਆ। ਇਥੇ ਅਰੁਣ ਜੇਤਲੀ ਚਾਚਾ ਸਹੁਰਾ ਕਿਸ਼ਨ ਚੰਦ ਅਤੇ ਦਰਬਾਰੀ ਲਾਲ ਦੀ ਮਜੀਠ ਮੰਡੀ ’ਚ ਦੁਕਾਨ ਸੀ। ਇਹ ਪਰਿਵਾਰ ਨਮਕ ਮੰਡੀ ਦੀ ਗਲੀ ਕੰਧਾਰੀਆ ’ਚ ਰਹਿੰਦਾ ਸੀ। ਕਈ ਕਾਂਗਰਸੀ ਨੇਤਾਵਾਂ ਨੇ ਵੀ ਅਰੁਣ ਜੇਤਲੀ ਵੱਲੋਂ ਚੋਣ ਦੌਰਾਨ ਬੈਠਕਾਂ ਕਰ ਕੇ ਜਿਤਾਉਣ ਦੇ ਦਾਅਵੇ ਕੀਤੇ ਸਨ।

ਸੰਸਦ ਮੈਂਬਰ ਬਣਨ ਲਈ ਅਰੁਣ ਜੇਤਲੀ ’ਤੇ ਅੰਮ੍ਰਿਤਸਰ ਤੋਂ ਚੋਣ ਲਡ਼ਨ ’ਤੇ ਜਦੋਂ ਬਾਹਰੀ ਉਮੀਦਵਾਰ ਦਾ ਠੱਪਾ ਲੱਗਾ ਤਾਂ ਉਨ੍ਹਾਂ ਨੇ ਅੰਮ੍ਰਿਤਸਰ ’ਚ ਆਪਣਾ ਆਸ਼ਿਆਨਾ ਬਣਾਉਣ ਲਈ ਗ੍ਰੀਨ ਐਵੀਨਿਊ ਸਥਿਤ 323 ਨੰਬਰ ਕੋਠੀ 2014 ’ਚ ਕਰੀਬ ਸਵਾ ਕਰੋਡ਼ ਰੁਪਏ ’ਚ ਖਰੀਦੀ ਤਾਂ ਜੇਤਲੀ ਦੇ ਸਾਹਮਣੇ ਚੋਣ ਲਡ਼ ਕੇ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕੋਠੀ ਦੀ ਖਰੀਦਦਾਰੀ ’ਤੇ ਚੋਣ ਕਮਿਸ਼ਨ ਤੋਂ ਚੋਣ ਖਰਚ ਦਾ ਹਿੱਸਾ ਦੱਸਦਿਆਂ ਕਟਹਿਰੇ ’ਚ ਖਡ਼੍ਹਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਕਾਨੂੰਨ ਦੇ ਮਾਹਿਰ ਅਰੁਣ ਜੇਤਲੀ ਕੈਪਟਨ ਨੂੰ ਵੋਟਾਂ ’ਚ ਹਾਰ ਨਹੀਂ ਦੇ ਸਕੇ ਪਰ ਚੋਣ ਕਮਿਸ਼ਨ ਨੂੰ ਭੇਜੇ ਗਏ ਜਵਾਬ ’ਚ ਉਨ੍ਹਾਂ ਨੇ ਕੈਪਟਨ ਦੀ ਇਸ ਚਾਲ ਨੂੰ ਮਾਤ ਦੇ ਦਿੱਤੀ ਸੀ। ਅਰੁਣ ਜੇਤਲੀ ਦੇ ਚੋਣ ਪ੍ਰਚਾਰ ਦੀ ਕਮਾਨ ਸੰਭਾਲਣ ਵਾਲੇ ਅਤੇ ਬੇਹੱਦ ਕਰੀਬੀ ਭਾਜਪਾ ਦੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਕਹਿੰਦੇ ਹਨ ਕਿ ਜੇਤਲੀ ਵਰਗੇ ਸਿਆਸਤਦਾਨ ਬਹੁਤ ਘੱਟ ਹੁੰਦੇ ਹਨ।

ਬਾਦਲ ਪਰਿਵਾਰ ਨੇ ਜੇਤਲੀ ਨੂੰ ਕਿਹਾ ਸੀ ‘ਸਵਾ ਲੱਖ ਨਾਲ ਜਿਤਾ ਦੇਵਾਂਗੇ ਅਸੀਂ’

ਅਰੁਣ ਜੇਤਲੀ ਦੇ ਦਿਲ ’ਚ ਅੰਮ੍ਰਿਤਸਰ ਵਸਿਆ ਸੀ। ਰਾਜਨੀਤੀ ਦਾ ਪਹਿਲਾ ਸਫਰ ਅਤੇ ਆਖਰੀ ਚੋਣ 2014 ’ਚ ਅੰਮ੍ਰਿਤਸਰ ਤੋਂ ਲਡ਼ੀ। ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਤਲੀ ਨੂੰ 1 ਲੱਖ ਤੋਂ ਵੱਧ ਵੋਟਾਂ ਤੋਂ ਹਰਾਇਆ ਸੀ। ਹਾਰ ਦੇ ਬਾਅਦ ਵੀ ਅਰੁਣ ਜੇਤਲੀ ਦੇਸ਼ ਦੇ ਵਿੱਤ ਮੰਤਰੀ ਬਣੇ। ਉਸ ਸਮੇਂ ਬਾਦਲ ਪਰਿਵਾਰ ਨੇ ਕਿਹਾ ਸੀ ਕਿ ‘ਜੇਤਲੀ ਸਾਹਿਬ, ਤੁਸੀਂ ਪਰਚਾ ਦਾਖਲ ਕਰ ਕੇ ਦਿੱਲੀ ਪਰਤ ਜਾਓ, ਅਸੀਂ ਸਵਾ ਲੱਖ ਵੋਟਾਂ ਨਾਲ ਜਿੱਤ ਦਾ ਸਰਟੀਫਿਕੇਟ ਲੈ ਕੇ ਆਵਾਂਗੇ।’ ਹਾਲਾਂਕਿ ਹੋਇਆ ਇਸ ਦਾ ਉਲਟ।

ਚੋਣ ਹਾਰਨ ਤੋਂ ਬਾਅਦ ਦਿੱਤੇ 80 ਕਰੋਡ਼, ਆਈ. ਆਈ. ਐੱਮ. ਦੀ ਦਿੱਤੀ ਸੌਗਾਤ

ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਹਾਰਨ ਤੋਂ ਬਾਅਦ ਵੀ ਸ਼ਹਿਰ ਨਾਲ ਜੁਡ਼ੇ ਰਹੇ। ਉਨ੍ਹਾਂ ਨੇ ਭਾਰਤੀ ਪ੍ਰਬੰਧਨ ਸੰਸਥਾਨ (ਆਈ. ਆਈ. ਐੱਮ.) ਦੀ ਸੌਗਾਤ ਦਿੱਤੀ। ਸ੍ਰੀ ਹਰਿਮੰਦਰ ਸਾਹਿਬ ਜਾਣ ਵਾਲੇ ਵਿਰਾਸਤੀ ਰਸਤੇ ਲਈ 80 ਕਰੋਡ਼ ਦੀ ਸਹਾਇਤਾ ਦਿੱਤੀ।

 

ਜੇਤਲੀ ਨੇ ਸਿੱਧੂ ਨੂੰ 3 ਵਾਰ ਪਹੁੰਚਾਇਆ ਸੰਸਦ, ਸਿੱਧੂ ਵੋਟ ਦੇਣ ਨਹੀਂ ਆਏ ਅੰਮ੍ਰਿਤਸਰ

ਪੰਜਾਬ ਦੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਨੂੰ ਸੰਸਦ ਪਹੁੰਚਾਉਣ ’ਚ ਅਰੁਣ ਜੇਤਲੀ ਨੇ 3 ਵਾਰ ਖੂਬ ਪਸੀਨਾ ਬਹਾਇਆ। ਸਿੱਧੂ ਨੂੰ ਜਿਤਾਉੁਣ ਲਈ ਜੇਤਲੀ ਨੇ ਇਕਜੁੱਟ ਹੋ ਕੇ ਭਾਜਪਾ ਵਰਕਰਾਂ ਦੀ ਅਗਵਾਈ ਕੀਤੀ ਸੀ ਪਰ ਜਦੋਂ ਸਿੱਧੂ ਦੀ ਟਿਕਟ ਕੱਟ ਕੇ ਜੇਤਲੀ ਨੂੰ ਦੇ ਦਿੱਤੀ ਗਈ ਤਾਂ ਸਿੱਧੂ ਵੋਟ ਪਾਉਣ ਵੀ ਅੰਮ੍ਰਿਤਸਰ ਨਹੀਂ ਆਏ, ਜਦੋਂ ਕਿ ਸਿੱਧੂ ਨੂੰ ਸੰਸਦ ’ਚ ਭੇਜਣ ਦੀ ਸਿਫਾਰਸ਼ ਜੇਤਲੀ ਨੇ ਕੀਤੀ ਸੀ।

ਅੰਮ੍ਰਿਤਸਰ ਨਾਲ ਜੁਡ਼ੀਆਂ ਕੁਝ ਯਾਦਾਂ

- 2014 ’ਚ ਲੋਕ ਸਭਾ ਚੋਣਾਂ ’ਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਅਰੁਣ ਜੇਤਲੀ ਅੰਮ੍ਰਿਤਸਰ ਨੂੰ ਦੇਸ਼ ਦੇ 10 ਮਾਡਲ ਸ਼ਹਿਰਾਂ ’ਚ ਸ਼ੁਮਾਰ ਕਰਵਾਉਣ ਲਈ ਸਭ ਤੋਂ ਅੱਗੇ ਰਹੇ।

- ਅਰੁਣ ਜੇਤਲੀ ਸ਼ਹਿਰ ਦੇ ਅਜਿਹੇ ਇਲਾਕਿਆਂ ’ਚ ਚੋਣ ਪ੍ਰਚਾਰ ’ਤੇ ਨਿਕਲੇ, ਜਿਨ੍ਹਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਸਿਰਫ ਟੀ. ਵੀ ’ਤੇ ਦੇਖਿਆ ਸੀ, ਅਜਿਹੇ ਪਰਿਵਾਰਾਂ ਨਾਲ ਜੇਤਲੀ ਦੇ ਬਡ਼ੀ ਨਿਮਰਤਾ ਨਾਲ ਮਿਲਣ ਦੀਆਂ ਯਾਦਾਂ ਅੱਜ ਵੀ ਹਨ।

- ਅੰਮ੍ਰਿਤਸਰ ਨੂੰ ਦੇਸ਼ ਦਾ ਸਭ ਤੋਂ ਖੂਬਸੂਰਤ ਤੇ ਦੋਸ਼ ਅਤੇ ਭ੍ਰਿਸ਼ਟਾਚਾਰ-ਮੁਕਤ ਨਗਰ ਬਣਾਉਣ ਦਾ ਵਾਅਦਾ ਅਰੁਣ ਜੇਤਲੀ ਨੇ ਕੀਤਾ ਸੀ।

- ਚੋਣ ਪ੍ਰਚਾਰ ਦੌਰਾਨ ਅਰੁਣ ਜੇਤਲੀ ਇਸਲਾਮਾਬਾਦ ਇਲਾਕੇ ’ਚ ਜਦੋਂ ਪੁੱਜੇ ਤਾਂ ਇਕ ਬਜ਼ੁਰਗ ਔਰਤ ਨੂੰ ਦੇਖਦੇ ਰਹੇ, ਕਹਿਣ ਲੱਗੇ ਕਿ ਇਸ ਔਰਤ ਦੀ ਸ਼ਕਲ ਮੇਰੀ ਮਾਂ ਨਾਲ ਕਿੰਨੀ ਮਿਲਦੀ ਹੈ, ਜੇਤਲੀ ਨੇ ਉਸ ਬਜ਼ੁਰਗ ਔਰਤ ਨਾਲ ਕਾਫ਼ੀ ਗੱਲਾਂ ਵੀ ਕੀਤੀਆਂ ਸਨ।

Baljeet Kaur

This news is Content Editor Baljeet Kaur