ਦੁਬਈ 'ਚ ਮਾਰੇ ਗਏ ਨੌਜਵਾਨ ਦੀ ਲਾਸ਼ ਭਾਰਤ ਪਹੁੰਚੀ

06/23/2019 4:35:49 PM

ਅੰਮ੍ਰਿਤਸਰ (ਨਿਰਵੈਲ, ਗੁਰਪ੍ਰੀਤ ਸਿੰਘ) : ਦੁਬਈ ’ਚ ਨਾਜਾਇਜ਼ ਸ਼ਰਾਬ ਦੇ ਧੰਦੇ ਦਾ ਹਿੱਸਾ ਨਾ ਬਣਨ ’ਤੇ ਜਲੰਧਰ ਦੇ ਨੌਜਵਾਨ ਦੀ ਦੁਬਈ ’ਚ ਹੱਤਿਆ ਕਰ ਦਿੱਤੀ ਗਈ। ਉਕਤ ਨੌਜਵਾਨ ਦੀ ਲਾਸ਼ ਅੱਜ ਉਸ ਦੇ ਘਰ ਜਲੰਧਰ ’ਚ ਪਹੁੰਚੀ। ਬਸਤੀ ਬਾਵਾ ਖੇਲ ਥਾਣੇ ਅਧੀਨ ਆਉਂਦੇ ਗੌਤਮ ਨਗਰ ’ਚ ਰਹਿਣ ਵਾਲਾ ਕੁਲਦੀਪ ਸਿੰਘ ਦੀਪਾ (32) ਪੁੱਤਰ ਰਜਿੰਦਰ ਸਿੰਘ ਦੁਬਈ ’ਚ ਆਪਣੀ ਲਾਈਫ ਬਣਾਉਣ ਲਈ ਗਿਆ ਸੀ ਪਰ ਉਸ ਨੇ ਸੋਚਿਆ ਨਹੀਂ ਹੋਵੇਗਾ ਕਿ ਦੁਬਈ ’ਚ ਉਸ ਦੀ ਲਾਈਫ ਲਾਈਨ ਹੀ ਕੱਟ ਹੋ ਜਾਵੇਗੀ। ਜਲੰਧਰ ਦੇ 2 ਟ੍ਰੈਵਲ ਏਜੰਟਾਂ ਨੇ ਉਸ ਨੂੰ ਦੁਬਈ ’ਚ ਬਾਊਂਸਰ ਦੀ ਨੌਕਰੀ ਦਿਵਾਉਣ ਦਾ ਭਰੋਸਾ ਦਿਵਾਇਆ ਸੀ, ਨਾਲ ਉਸ ਨੂੰ ਹੋਰ ਦੋਸਤਾਂ ਨੂੰ ਵੀ ਰਾਜ਼ੀ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਕੁਝ ਦੋਸਤਾਂ ਨੂੰ ਰਾਜ਼ੀ ਕਰ ਲਿਆ ਸੀ ਤੇ ਉਹ ਉਨ੍ਹਾਂ ਨਾਲ ਦੁਬਈ ਚਲਿਆ ਗਿਆ ਸੀ। ਦੁਬਈ ਪਹੁੰਚ ਕੇ ਟ੍ਰੈਵਲ ਏਜੰਟ ਤੇ ਉਸ ਦੇ ਸਾਥੀ ਉਸ ’ਤੇ ਸ਼ਰਾਬ ਦੇ ਧੰਦੇ ਦਾ ਹਿੱਸਾ ਬਣਨ ਦਾ ਦਬਾਅ ਬਣਾਉਣ ਲੱਗੇ।

ਮ੍ਰਿਤਕ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਦੀਪਾ ਬੀਤੇ ਮਈ ਮਹੀਨੇ ’ਚ ਦੁਬਈ ਗਿਆ ਸੀ। ਦੀਪਾ ਸ਼ਰਾਬ ਸਮੱਗਲਿੰਗ ਦਾ ਕੰਮ ਨਹੀਂ ਕਰਨਾ ਚਾਹੁੰਦਾ ਸੀ। ਦੀਪੇ ਨਾਲ ਬੀਤੀ 22 ਮਈ ਨੂੰ ਉਨ੍ਹਾਂ ਦੀ ਆਖਰੀ ਵਾਰ ਗੱਲ ਹੋਈ ਸੀ ਤੇ ਉਸ ਨੇ ਸਾਰੀ ਆਪਬੀਤੀ ਸੁਣਾਈ ਸੀ ਕਿ ਕਿਸ ਤਰ੍ਹਾਂ ਦੋਵੇਂ ਟ੍ਰੈਵਲ ਏਜੰਟ ਉਸ ’ਤੇ ਨਾਜਾਇਜ਼ ਧੰਦਾ ਕਰਨ ਦਾ ਦਬਾਅ ਬਣਾ ਰਹੇ ਹਨ। ਇਸ ਤੋਂ ਬਾਅਦ ਦੀਪੇ ਦਾ ਕੋਈ ਫੋਨ ਨਹੀਂ ਆਇਆ, ਜਿਸ ਕਾਰਨ ਪਰਿਵਾਰ ਨੂੰ ਉਸ ਦੀ ਚਿੰਤਾ ਸਤਾਉਣ ਲੱਗੀ ਤੇ ਇਸੇ ਕਾਰਨ ਉਹ 2 ਜੂਨ ਨੂੰ ਕੁਲਦੀਪ ਦਾ ਹਾਲ ਜਾਣਨ ਲਈ ਦੁਬਈ ਚਲਾ ਗਿਆ। ਉਥੇ ਪਹੁੰਚਣ ’ਤੇ ਕੁਝ ਦੋਸਤਾਂ ਨੇ ਦੱਸਿਆ ਕਿ ਦੀਪਾ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਨਹੀਂ ਕਰਨਾ ਚਾਹੁੰਦਾ ਸੀ, ਇਸੇ ਰੰਜਿਸ਼ ਤਹਿਤ ਉਸ ਦੀ ਹੱਤਿਆ ਕਰ ਦਿੱਤੀ ਗਈ। ਹੁਣ ਮ੍ਰਿਤਕ ਨੌਜਵਾਨ ਦਾ ਪਰਿਵਾਰ ਜਲੰਧਰ ਦੇ 2 ਟ੍ਰੈਵਲ ਏਜੰਟਾਂ ਖਿਲਾਫ ਪੁਲਸ ਨੂੰ ਸ਼ਿਕਾਇਤ ਦੇ ਚੁੱਕਾ ਹੈ।
 

ਦੁਬਈ ’ਚ ਸ਼ਰਾਬ ’ਤੇ ਪਾਬੰਦੀ ਹੋਣ ਕਾਰਨ ਮਾਫੀਆ ਚਲਾਉਂਦੈ ਸ਼ਰਾਬ ਦਾ ਧੰਦਾ
ਦੁਬਈ ’ਚ ਸ਼ਰਾਬ ’ਤੇ ਪਾਬੰਦੀ ਹੋਣ ਕਾਰਨ ਉਥੇ ਵੱਡੇ ਪੱਧਰ ’ਤੇ ਸ਼ਰਾਬ ਮਾਫੀਆ ਸਰਗਰਮ ਹੈ। ਦੂਜੇ ਦੇਸ਼ਾਂ ਤੋਂ ਆਏ ਨੌਜਵਾਨਾਂ ਨੂੰ ਮਾਫੀਆ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਹੈ, ਅਜਿਹੀ ਹੀ ਘਟਨਾ ਦੀਪਾ ਨਾਲ ਘਟੀ ਸੀ।

Baljeet Kaur

This news is Content Editor Baljeet Kaur