ਤੀਸਰੇ ਦਿਨ ਵੀ ਲੇਟ ਪਹੁੰਚੀ ਦੁਬਈ-ਅੰਮ੍ਰਿਤਸਰ ਦੀ ਕੌਮਾਂਤਰੀ ਉਡਾਣ

09/23/2018 8:02:58 AM

ਅੰਮ੍ਰਿਤਸਰ (ਇੰਦਰਜੀਤ)-ਅੰਮ੍ਰਿਤਸਰ ਏਅਰਪੋਰਟ ’ਤੇ ਤੀਸਰੇ ਦਿਨ ਵੀ ਦੁਬਈ-ਅੰਮ੍ਰਿਤਸਰ ਦੀ ਉਡਾਣ 5 ਘੰਟੇ 5 ਮਿੰਟ ਲੇਟ ਪਹੁੰਚੀ। ਐੱਸ ਜੀ-56 ਸਪਾਈਸ ਜੈੱਟ ਦੀ ਇਹ ਉਡਾਣ ਦੁਬਈ ਤੋਂ ਸਵੇਰੇ 5 ਵਜੇ ਚੱਲ ਕੇ 9:45 ’ਤੇ ਅੰਮ੍ਰਿਤਸਰ ਪੁੱਜਦੀ ਹੈ, ਜਦੋਂ ਕਿ ਇਹ ਉਡਾਣ ਬਾਅਦ ਦੁਪਹਿਰ 2:45 ’ਤੇ ਆਈ। ਹਾਲਾਂਕਿ ਏਅਰਲਾਈਨਜ਼ ਕੰਪਨੀ ਨੇ ਪਹਿਲਾਂ ਹੀ ਦੇਰੀ ਦਾ ਸ਼ੱਕ ਜਤਾ ਦਿੱਤਾ ਸੀ।
ਦੱਸਣਯੋਗ ਹੈ ਕਿ ਪਿਛਲੇ 3 ਦਿਨਾਂ ਤੋਂ ਹੀ ਦੁਬਈ-ਅੰਮ੍ਰਿਤਸਰ ਦੀ ਉਡਾਣ ਸਾਢੇ 4 ਤੋਂ 5 ਘੰਟੇ ਨਿੱਤ ਲੇਟ ਚੱਲ ਰਹੀ ਹੈ। ਉਥੇ ਹੀ ਦੂਜੇ ਪਾਸੇ ਸਕੂਟ ਏਅਰਲਾਈਨਜ਼ ਦੀ ਉਡਾਣ ਕੱਲ ਸ਼ੁੱਕਰਵਾਰ ਨੂੰ 1 ਘੰਟਾ 14 ਮਿੰਟ ਲੇਟ ਰਹੀ। ਸੂਚਨਾ ਅਨੁਸਾਰ ਕੌਮਾਂਤਰੀ ਪੱਧਰ ’ਤੇ ਮੌਸਮ ਦਾ ਮਿਜ਼ਾਜ ਹਵਾਈ ਉਡਾਣਾਂ ਲਈ ਦੇਰੀ ਦਾ ਕਾਰਨ ਬਣ ਰਿਹਾ ਹੈ। ਅੰਮ੍ਰਿਤਸਰ ਏਅਰਪੋਰਟ ’ਤੇ ਗੋ ਅਹਿਮਦਾਬਾਦ-ਦਿੱਲੀ ਦੀ ਉਡਾਣ ਨੰਬਰ ਜੀ 8/718 ਸਵੇਰੇ ਡਾਈਵਰਟ ਕਰਨੀ ਪਈ ਸੀ। ਉਥੇ ਹੀ ਅੰਮ੍ਰਿਤਸਰ ਏਅਰਪੋਰਟ ’ਤੇ ਵਿਸਤਾਰਿਆ ਏਅਰਲਾਈਨਜ਼ ਦੀ ਉਡਾਣ ਨੰਬਰ ਯੂ. ਕੇ. 976, ਦਿੱਲੀ ਮੁੰਬਈ ਦੀ ਵਿਸਤਾਰਿਆ ਯੂ. ਕੇ. 735, ਏਅਰ ਇੰਡੀਆ ਦੀ ਬਰਮਿੰਘਮ ਏ 1-114 ਏ, ਵਿਸਤਾਰਿਆ ਦੀ ਯੂ. ਕੇ. 707 ਦਿੱਲੀ ਦੀ ਉਡਾਣ ਲੇਟ ਰਹੀ।


ਸਮੇਂ ਤੋਂ ਅੱਧਾ ਘੰਟਾ ਪਹਿਲਾਂ ਆ ਗਈ ਇੰਡੀਗੋ ਦੀ ਉਡਾਣ
ਏਅਰਪੋਰਟ ’ਤੇ ਉਡਾਣਾਂ ’ਚ ਦੇਰੀ ਦੇ ਕਿੱਸੇ ਤਾਂ  ਸਾਲਾਂ ਤੋਂ ਚੱਲੇ ਆ ਰਹੇ ਹਨ ਪਰ ਜੇਕਰ ਕੋਈ ਉਡਾਣ ਸਮੇਂ ਤੋਂ ਪਹਿਲਾਂ ਆ ਜਾਵੇ ਤਾਂ  ਹੈਰਾਨੀ ਵਾਲੀ ਗੱਲ ਹੈ। ਅੰਮ੍ਰਿਤਸਰ ਦੇ ਐੱਸ. ਜੀ. ਆਰ. ਡੀ. ਏਅਰਪੋਰਟ ’ਤੇ ਇੰਡੀਗੋ  ਏਅਰਲਾਈਨਜ਼ ਦੀ ਉਡਾਣ ਨੰ. 66-104 ਜੋ ਹੈਦਰਾਬਾਦ ਤੋਂ 4:30 ’ਤੇ ਚੱਲ ਕੇ 7:25 ’ਤੇ  ਆਉਂਦੀ ਹੈ, ਆਪਣੇ ਨਿਰਧਾਰਤ ਸਮੇਂ ਤੋਂ 29 ਮਿੰਟ ਪਹਿਲਾਂ 6:56 ’ਤੇ ਅੰਮ੍ਰਿਤਸਰ  ਏਅਰਪੋਰਟ ’ਤੇ ਆ ਪਹੁੰਚੀ।