ਦਿੱਲੀ ਤੋਂ ਲੈ ਕੇ ਗੁਜਰਾਤ ਤੱਕ 532 ਕਿਲੋ ਜ਼ਬਤ ਹੈਰੋਇਨ ਦੇ ਮਾਮਲੇ ਦੀ ਗੂੰਜ

07/11/2019 4:43:31 PM

ਅੰਮ੍ਰਿਤਸਰ (ਨੀਰਜ) - ਆਈ. ਸੀ. ਪੀ. ਅਟਾਰੀ ਸਰਹੱਦ 'ਤੇ ਕਸਟਮ ਵਿਭਾਗ ਵਲੋਂ ਪਾਕਿ ਤੋਂ ਆਉਣ ਵਾਲੀ ਨਮਕ ਦੀ ਖੇਪ ਨਾਲ 532 ਕਿਲੋ ਹੈਰੋਇਨ ਫੜੇ ਜਾਣ ਦਾ ਮਾਮਲਾ ਜਿਥੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੇ ਕਮਜ਼ੋਰ ਨੈੱਟਵਰਕ ਦੀ ਪੋਲ ਖੋਲ੍ਹ ਰਿਹਾ ਹੈ, ਉਥੇ ਹੀ ਇਹ ਮਾਮਲਾ ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਗੂੰਜ ਰਿਹਾ ਹੈ। ਇਸ ਮਾਮਲੇ ਦੇ ਮਾਸਟਰਮਾਈਂਡ ਅਤੇ ਮੋਸਟਵਾਂਟੇਡ ਰਣਜੀਤ ਸਿੰਘ ਉਰਫ ਚੀਤਾ ਦੀ ਗ੍ਰਿਫਤਾਰੀ ਲਈ ਅੱਧਾ ਦਰਜਨ ਸੂਬਿਆਂ ਦੀਆਂ ਸੁਰੱਖਿਆ ਏਜੰਸੀਆਂ ਸਰਗਰਮ ਹੋ ਚੁੱਕੀਆਂ ਹਨ, ਜਿਨ੍ਹਾਂ ਵਲੋਂ ਏਅਰਪੋਰਟਸ ਤੋਂ ਲੈ ਕੇ ਹੋਰ ਸਰਵਜਨਕ ਥਾਵਾਂ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਚੀਤੇ ਦਾ ਪਾਸਪੋਰਟ ਅਜੇ ਤੱਕ ਕਸਟਮ ਵਿਭਾਗ ਦੀ ਜਾਂਚ ਟੀਮ ਨੂੰ ਨਹੀਂ ਮਿਲ ਸਕਿਆ। ਟੀਮ ਵਲੋਂ ਇਮੀਗ੍ਰੇਸ਼ਨ ਵਿਭਾਗ ਅਤੇ ਜਹਾਜ਼ ਸੇਵਾਵਾਂ ਦੇਣ ਵਾਲੀਆਂ ਹੋਰ ਏਜੰਸੀਆਂ ਤੋਂ ਚੀਤੇ ਵਲੋਂ ਕੀਤੀ ਜਾਣ ਵਾਲੀ ਵਿਦੇਸ਼ ਯਾਤਰਾ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਉਸ ਦਾ ਪਾਸਪੋਰਟ ਨੰਬਰ ਪਤਾ ਲੱਗ ਸਕੇ।

ਸੂਤਰਾਂ ਅਨੁਸਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡੀ. ਜੀ. ਪੀ. ਪੰਜਾਬ ਪੁਲਸ ਨੇ ਮੰਗਲਵਾਰ ਨੂੰ ਸਰਹੱਦੀ ਇਲਾਕਿਆਂ ਦੇ ਪੁਲਸ ਮੁਖੀਆਂ ਨਾਲ ਬੈਠਕ ਕੀਤੀ ਅਤੇ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣ ਦੇ ਨਿਰਦੇਸ਼ ਦਿੱਤੇ ਹਨ ਕਿਉਂਕਿ ਇਹ ਮਾਮਲਾ ਨਸ਼ੇ ਦੇ ਖਿਲਾਫ ਅਤੇ ਨਸ਼ੇ ਦੀ ਵਿਕਰੀ 'ਤੇ ਲਗਾਮ ਲਾਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਪੁਲਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗਾ ਰਿਹਾ ਹੈ। ਵਾਰ-ਵਾਰ ਇਹੀ ਸਵਾਲ ਪੈਦਾ ਹੋ ਰਿਹਾ ਹੈ ਕਿ ਜੇਕਰ ਪੰਜਾਬ 'ਚ ਨਸ਼ੇ ਖਿਲਾਫ ਅਭਿਆਨ ਠੀਕ ਦਿਸ਼ਾ 'ਚ ਜਾ ਰਿਹਾ ਹੈ ਅਤੇ ਨਸ਼ੇ ਦੀ ਵਿਕਰੀ ਬੰਦ ਹੋ ਚੁੱਕੀ ਹੈ ਤਾਂ 532 ਕਿਲੋ ਹੈਰੋਇਨ ਕਿਥੋਂ ਆਈ।

ਜਾਂਚ ਦੌਰਾਨ ਵੀ ਹੈਰੋਇਨ ਪੀਣਾ ਚਾਹੁੰਦਾ ਸੀ ਟਰਾਂਸਪੋਰਟਰ ਜਸਬੀਰ
ਹੈਰੋਇਨ ਦਾ ਸ਼ਿਕਾਰ ਅਤੇ ਹੈਰੋਇਨ ਸਮੱਗਲਿੰਗ ਦੇ ਮਾਮਲਿਆਂ 'ਚ ਗ੍ਰਿਫਤਾਰ ਹੋ ਚੁੱਕਾ ਟਰਾਂਸਪੋਰਟਰ ਜਸਬੀਰ ਸਿੰਘ ਕਸਟਮ ਵਿਭਾਗ ਅਤੇ ਪੁਲਸ ਦੀ ਜਾਂਚ ਦੌਰਾਨ ਹੈਰੋਇਨ ਪੀਣਾ ਚਾਹੁੰਦਾ ਸੀ, ਕਿਉਂਕਿ ਉਸ ਨੂੰ ਹੈਰੋਇਨ ਦੀ ਤਲਬ ਲੱਗ ਰਹੀ ਸੀ। ਅਜਿਹੇ ਵਿਅਕਤੀ ਨੂੰ ਰਿਮਾਂਡ 'ਚ ਲੈ ਕੇ ਪੁੱਛਗਿਛ ਕਰਨਾ ਜਾਂਚ ਏਜੰਸੀਆਂ ਲਈ ਸਿਰਦਰਦੀ ਸੀ।

ਰੇਲ ਕਾਰਗੋ ਦਾ ਡਿਫਾਲਟਰ ਹੈ ਅਜੇ ਗੁਪਤਾ
ਪਾਕਿ ਤੋਂ ਨਮਕ ਮੰਗਵਾਉਣ ਵਾਲਾ ਅਜੇ ਗੁਪਤਾ ਜਿਸ ਨੂੰ ਕਸਟਮ ਵਿਭਾਗ ਵਲੋਂ ਪੇਸ਼ ਕੀਤਾ ਗਿਆ ਸੀ ਅਤੇ ਪੁਲਸ ਵਲੋਂ ਜਾਂਚ 'ਚ ਸ਼ਾਮਲ ਕੀਤਾ ਗਿਆ ਹੈ, ਪੇਸ਼ੇ ਤੋਂ ਇਕ ਸੀ. ਏ. ਹੈ। ਡਾ. ਅਜੇ ਗੁਪਤਾ ਨੇ ਵੀ ਸੀ. ਐੱਚ. ਏ. ਦਾ ਲਾਇਸੈਂਸ ਲਿਆ ਹੋਇਆ ਸੀ ਅਤੇ ਉਹ ਕੌਮਾਂਤਰੀ ਰੇਲ ਕਾਰਗੋ ਜ਼ਰੀਏ ਕੰਮ ਕਰਦਾ ਸੀ ਪਰ ਕਸਟਮ ਵਿਭਾਗ 'ਚ ਡਿਊਟੀ ਸਬੰਧੀ ਹੋਏ ਇਕ ਘਪਲੇ 'ਚ ਉਸ ਦੀ ਫਰਮ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ।  

ਪੰਜਾਬ 'ਚ 2 ਲੱਖ ਤੋਂ ਵੱਧ ਡਰੱਗ ਐਡਿਕਟਸ
ਹੈਰੋਇਨ ਸਮੱਗਲਿੰਗ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਕ ਰਿਪੋਰਟ ਅਨੁਸਾਰ ਪੰਜਾਬ 'ਚ 2 ਲੱਖ ਤੋਂ ਵੱਧ ਡਰੱਗ ਐਡਿਕਟਸ ਹਨ, ਜਿਨ੍ਹਾਂ ਦਾ ਠੀਕ ਤਰੀਕੇ ਨਾਲ ਇਲਾਜ ਕੀਤਾ ਜਾਣਾ ਜ਼ਰੂਰੀ ਹੈ। ਸਰਕਾਰ ਵਲੋਂ ਸਾਰੇ ਜ਼ਿਲਿਆਂ 'ਚ ਚਲਾਏ ਜਾ ਰਹੇ ਓਟ ਕੇਂਦਰਾਂ 'ਚ ਨਸ਼ੇ ਦੇ ਸ਼ਿਕਾਰ ਲੋਕਾਂ ਦਾ ਇਲਾਜ ਫ੍ਰੀ ਕੀਤਾ ਜਾ ਰਿਹਾ ਹੈ ਪਰ ਜਿਸ ਰਫਤਾਰ ਨਾਲ ਇਹ ਕੰਮ ਕੀਤਾ ਜਾਣਾ ਚਾਹੀਦਾ ਹੈ, ਉਸ ਰਫਤਾਰ ਨਾਲ ਨਹੀਂ ਕੀਤਾ ਜਾ ਰਿਹਾ।

ਐੱਸ. ਟੀ. ਐੱਫ. ਚੀਫ ਹਰਪ੍ਰੀਤ ਸਿੰਘ ਸਿੱਧੂ ਦਾ ਤਬਾਦਲਾ ਇਕ ਸਵਾਲ
ਪੰਜਾਬ ਦੀ ਸੱਤਾ 'ਚ ਆਉਂਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਈਮਾਨਦਾਰ ਆਈ. ਪੀ. ਐੱਸ. ਪੁਲਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਨੂੰ ਐੱਸ. ਟੀ. ਐੱਫ. ਚੀਫ ਤਾਇਨਾਤ ਕੀਤਾ ਗਿਆ, ਜਿਨ੍ਹਾਂ ਨੇ ਕੁਝ ਸਮੇਂ 'ਚ ਪੰਜਾਬ ਪੁਲਸ 'ਚ ਲੁਕੀਆਂ ਕਾਲੀਆਂ ਭੇਡਾਂ ਨੂੰ ਫੜਿਆ ਅਤੇ ਨਸ਼ੇ ਦੇ ਸੌਦਾਗਰਾਂ 'ਤੇ ਲਗਾਮ ਕੱਸ ਦਿੱਤੀ ਪਰ ਸਰਕਾਰ ਵਲੋਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਜਾਣਾ ਵੀ ਬੁੱਧੀਜੀਵੀ ਵਰਗ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਬੇ 'ਚ ਹੈਰੋਇਨ ਦੀ ਸਪਲਾਈ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਨੂੰ ਸਭ ਤੋਂ ਪਹਿਲਾਂ ਹੈਰੋਇਨ ਦੀ ਡਿਮਾਂਡ ਨੂੰ ਖਤਮ ਕਰਨਾ ਹੋਵੇਗਾ, ਜਦੋਂ ਤੱਕ ਪੰਜਾਬ 'ਚ ਹੈਰੋਇਨ ਦੀ ਡਿਮਾਂਡ ਰਹੇਗੀ, ਤਦ ਤੱਕ ਕਿਸੇ ਨਾ ਕਿਸੇ ਰੂਟ ਤੋਂ ਹੈਰੋਇਨ ਦੀ ਸਮੱਗਲਿੰਗ ਹੁੰਦੀ ਰਹੇਗੀ। ਨਸ਼ੇ ਦੇ ਸ਼ਿਕਾਰ ਲੋਕਾਂ ਨੂੰ ਇਲਾਜ ਕਰਨ ਲਈ ਸਰਕਾਰ ਨੂੰ ਹੋਰ ਜ਼ਿਆਦਾ ਗੰਭੀਰ ਕੋਸ਼ਿਸ਼ ਕਰਨ ਦੀ ਲੋੜ ਹੈ ਅਤੇ ਸਰਹੱਦੀ ਇਲਾਕਿਆਂ 'ਚ ਈਮਾਨਦਾਰ ਅਧਿਕਾਰੀਆਂ ਦੀ ਨਿਯੁਕਤੀ ਕਰਨ ਦੀ ਸਖ਼ਤ ਲੋੜ ਹੈ।

rajwinder kaur

This news is Content Editor rajwinder kaur