ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ

11/18/2020 11:05:58 AM

ਅੰਮ੍ਰਿਤਸਰ (ਦਲਜੀਤ,ਸੁਮਿਤ) : ਅੰਮ੍ਰਿਤਸਰ 'ਚ ਸਿਵਲ ਸਰਜਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਥੇ ਵਾਹ-ਵਾਹ ਹਾਸਲ ਕਰਨ ਦੇ ਚੱਕਰ 'ਚ ਡਾ. ਨਵਦੀਪ ਸਿੰਘ ਨੇ ਗਾਇਨੀ ਵਿਭਾਗ ਦੇ ਆਪ੍ਰੇਸ਼ਨ ਥਿਏਟਰ 'ਚ ਬੇਹੋਸ਼ ਔਰਤ ਦੀ ਡਿਲਿਵਰੀ ਕਰਦੇ ਹੋਏ ਫੋਟੋ ਸੈਸ਼ਨ ਕਰਵਾਇਆ। ਥਿਏਟਰ 'ਚ ਗਰਭਵਤੀ ਜਨਾਨੀ ਦੀ ਪ੍ਰਾਈਵੇਸੀ ਗੁਪਤ ਨਾ ਰੱਖ ਕੇ ਡਾ. ਨਵਦੀਪ ਸਿੰਘ ਨੇ ਵੀਡੀਓ ਬਣਵਾ ਕੇ ਉਸਨੂੰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕੀਤਾ ਹੈ। ਡਾਕਟਰ ਦਾ ਹੌਸਲਾ ਵੇਖੋ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਨਾਲ ਹੀ ਮੀਡੀਆ 'ਚ ਵੀ ਪ੍ਰੈੱਸ ਨੋਟ ਜਾਰੀ ਕਰ ਕੇ ਆਪਣੇ ਨੰਬਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ। ਸਿਵਲ ਸਰਜਨ ਦੀ ਮਨਮਾਨੀ ਵਾਲੀ ਹਰਕਤ ਨੂੰ ਵੇਖਦੇ ਹੋਏ ਵਿਭਾਗ ਨੇ ਨੋਟਿਸ ਲਿਆ ਹੈ ਅਤੇ ਬੁੱਧਵਾਰ ਉਨ੍ਹਾਂ ਨੂੰ ਜਵਾਬਤਲਬੀ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ : ਜਥੇਦਾਰ ਦਾ ਵੱਡਾ ਬਿਆਨ, ਖ਼ੁਦਮੁਖ਼ਤਿਆਰ ਸੰਸਥਾ ਹੋਣ ਕਰ ਕੇ ਸਰਕਾਰਾਂ ਨੂੰ ਹਮੇਸ਼ਾ ਚੁੱਭਦੀ ਹੈ ਸ਼੍ਰੋਮਣੀ ਕਮੇਟੀ
ਜਾਣਕਾਰੀ ਅਨੁਸਾਰ ਸਿਵਲ ਸਰਜਨ ਦਫ਼ਤਰ ਨੇ ਸਿਵਲ ਹਸਪਤਾਲ ਸਥਿਤ ਲੇਬਰ ਰੂਮ 'ਚ ਡਿਲਿਵਰੀ ਦੀ ਪ੍ਰਕਿਰਿਆ ਦੀ ਵੀਡੀਓ ਬਣਵਾ ਕੇ ਜਾਰੀ ਕਰ ਦਿੱਤੀ। ਡਾ. ਨਵਦੀਪ ਸਿੰਘ ਨੇ ਮੰਗਲਵਾਰ ਕੁੱਲ 4 ਡਲਿਵਰੀਆਂ ਕੀਤੀਆਂ ਅਤੇ ਪ੍ਰਸ਼ੰਸਾ ਹਾਸਲ ਕਰਨ ਦੇ ਚੱਕਰ ਵਿਚ ਫੋਟੋ ਸੈਸ਼ਨ ਵੀ ਕਰਵਾਇਆ । ਉਨ੍ਹਾਂ ਦੇ ਨਾਲ ਹਸਪਤਾਲ ਦੀ ਗਾਇਨੀ ਡਾ. ਸਿਤਾਰਾ, ਡਾ. ਰੋਮਾ, ਡਾ. ਗੁਰਪਿੰਦਰ ਅਤੇ ਡਾ. ਮਿਨਾਕਸ਼ੀ ਵੀ ਸਨ। ਸਾਰੇ ਸੀਨੀਅਰ ਗਾਇਨੀ ਡਾਕਟਰਾਂ ਨੇ ਵੀਡੀਓਗ੍ਰਾਫੀ ਦਾ ਵਿਰੋਧ ਨਹੀਂ ਕੀਤਾ। ਹਾਲਾਂਕਿ ਹਰ ਗਾਇਨੀ ਡਾਕਟਰ ਨੂੰ ਇਹ ਪਤਾ ਹੈ ਕਿ ਵੀਡੀਓ ਨਹੀਂ ਬਣਾਈ ਜਾ ਸਕਦੀ । 

ਇਹ ਵੀ ਪੜ੍ਹੋ :  ਕਾਰਪੋਰੇਟਾਂ ਦੇ ਵਿਰੁੱਧ ਨਹੀਂ, ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਰੈਗੂਲੈਸ਼ਨ ਜ਼ਰੂਰੀ : ਕੈਪਟਨ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ਼ ਵਿਖ ਰਿਹਾ ਹੈ ਕਿ ਉਨ੍ਹਾਂ ਦਾ ਧਿਆਨ ਡਿਲਿਵਰੀ ਵੱਲ ਘੱਟ ਅਤੇ ਕੈਮਰੇ ਵੱਲ ਜ਼ਿਆਦਾ ਸੀ। ਉਂਝ ਸਿਵਲ ਹਸਪਤਾਲ 'ਚ ਗਾਇਨੀ ਡਾਕਟਰਾਂ ਦੀ ਕੋਈ ਘਾਟ ਨਹੀਂ ਅਤੇ ਮੰਗਲਵਾਰ ਡਲਿਵਰੀ ਕਰਵਾਉਣ ਵਾਲੀਆਂ ਜਨਾਨੀਆਂ ਦੀ ਗਿਣਤੀ ਵੀ ਜ਼ਿਆਦਾ ਨਹੀਂ ਸੀ। ਅਜਿਹੇ 'ਚ ਸਿਵਲ ਸਰਜਨ ਫੋਟੋ ਸ਼ੂਟ ਕਰਵਾਉਣ ਦੇ ਚੱਕਰ 'ਚ ਇੱਥੇ ਪਹੁੰਚ ਗਏ ਅਤੇ ਭੈੜੇ ਫ਼ਸੇ। ਹਾਲਾਂਕਿ ਕਿਸੇ ਵਿਸ਼ੇਸ਼ ਰਿਸਰਚ ਲਈ ਕੁਝ ਡਾਕਟਰ ਡਿਲਿਵਰੀ ਦੌਰਾਨ ਵੀਡੀਓਗ੍ਰਾਫੀ ਕਰਵਾ ਸਕਦੇ ਹਨ ਪਰ ਇਸ ਗਰਭਵਤੀ ਜਨਾਨੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਮਨਜ਼ੂਰੀ ਲੈਣਾ ਲਾਜ਼ਮੀ ਹੈ। ਜਨਾਨੀ ਦਾ ਚਿਹਰਾ ਵੀ ਵੀਡੀਓ ਵਿਚ ਸਪੱਸ਼ਟ ਦਿਖ ਰਿਹਾ ਹੈ । ਡਾ. ਨਵਦੀਪ ਸਿੰਘ ਦੇ ਕਹਿਣ 'ਤੇ ਡਲਿਵਰੀ ਦੀ ਪ੍ਰੀਕਿਰਿਆ ਦਾ ਪ੍ਰੈੱਸ ਨੋਟ, ਵੀਡੀਓ ਅਤੇ ਕੁਝ ਫੋਟੋਆਂ ਮੀਡੀਆ ਵਿਚ ਜਾਰੀ ਕੀਤੀਆਂ ਗਈਆਂ। ਇਸ ਕਾਰਜਸਤਾਨੀ ਦਾ ਸਿਹਤ ਵਿਭਾਗ ਨੇ ਨੋਟਿਸ ਲਿਆ ਹੈ । ਵਿਭਾਗ ਦੀ ਡਾਇਰੈਕਟਰ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਗਰਭਵਤੀ ਔਰਤਾਂ ਦੀ ਪ੍ਰਾਈਵੇਸੀ ਨੂੰ ਜਨਤਕ ਕਰਨਾ ਗੈਰ-ਕਾਨੂੰਨੀ ਹੈ। ਸਿਵਲ ਸਰਜਨ ਤੋਂ ਇਸਦਾ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ ।
ਇਹ ਵੀ ਪੜ੍ਹੋ : ਸਿਮਰਜੀਤ ਬੈਂਸ 'ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼ਾਂ 'ਤੇ ਬੋਲੇ ਸੁਖਬੀਰ ਬਾਦਲ, ਦਿੱਤਾ ਵੱਡਾ ਬਿਆਨ

ਵਿਭਾਗੀ ਨਿਯਮ ਦੱਸਦੇ ਹਨ ਕਿ ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ 'ਚ ਪਹਿਲਾਂ ਹੀ ਗਾਇਨੀ ਦੇ 5 ਡਾਕਟਰ ਮੌਜੂਦ ਹਨ ਅਤੇ ਸਾਰੇ ਡਾਕਟਰ ਰੋਟੇਸ਼ਨ ਵਾਈਜ਼ ਡਿਊਟੀ ਕਰਦੇ ਹਨ, ਜਦੋਂ ਕਿ ਦੂਜੇ ਪਾਸੇ ਸਿਵਲ ਸਰਜਨ ਦਫ਼ਤਰ 'ਚ ਸਿਵਲ ਸਰਜਨ ਇਕ ਹੀ ਹੈ ਅਤੇ ਉਸਦੀ ਵੀ ਦਫ਼ਤਰੀ ਡਾਕ ਅਤੇ ਹੋਰ ਮਹੱਤਵਪੂਰਨ ਕੰਮਾਂ ਦੀ ਜ਼ਿਮੇਵਾਰੀ ਹੈ। ਡਾ. ਨਵਦੀਪ ਸਿੰਘ ਆਪਣਾ ਕੰਮ ਛੱਡ ਕੇ ਉੱਥੇ ਜਾ ਕੇ ਆਪ੍ਰੇਸ਼ਨ ਕਰ ਰਹੇ ਹਨ, ਜਿੱਥੇ ਡਾਕਟਰਾਂ ਦੀ ਕਾਫ਼ੀ ਭਰਮਾਰ ਹੈ ਅਤੇ ਇਹ ਗੱਲ ਸਮਝ ਤੋਂ ਪਰੇ ਹੈ। ਜੇਕਰ ਡਾ. ਨਵਦੀਪ ਨੇ ਕੰਮ ਹੀ ਕਰਨਾ ਸੀ ਤਾਂ ਉਹ ਉਸ ਹਸਪਤਾਲ ਵਿਚ ਜਾਂਦੇ ਜਿੱਥੇ ਗਾਇਨੀ ਦੇ ਡਾਕਟਰਾਂ ਦੀ ਬੇਹੱਦ ਘਾਟ ਸੀ ਪਰ ਉਨ੍ਹਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ, ਸਗੋਂ ਉਸ ਥਾਂ ਨੂੰ ਚੁਣਿਆ ਜਿੱਥੇ ਆਸਾਨੀ ਨਾਲ ਉਸਤਤ ਬਟੋਰੀ ਜਾ ਸਕੇ। ਇਸ ਮਾਮਲੇ 'ਚ ਸਿਵਲ ਸਰਜਨ ਡਾ. ਨਵਦੀਪ ਸਿੰਘ ਦਾ ਪੱਖ ਲੈਣ ਲਈ ਜਦੋਂ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।

 

Baljeet Kaur

This news is Content Editor Baljeet Kaur