ਅੰਮ੍ਰਿਤਸਰ 'ਚ ਸ਼ਰੇਆਮ ਗੁੰਡਾਗਰਦੀ, ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਮਾਰੇ ਲਲਕਾਰੇ

02/16/2020 6:14:32 PM

ਅੰਮ੍ਰਿਤਸਰ (ਅਨਜਾਣ) : ਸ਼ਹਿਰ ਦੇ ਜੀ. ਟੀ. ਰੋਡ ਨਾਲ ਲੱਗਦੇ ਇਲਾਕੇ ਰਾਜਿੰਦਰ ਨਗਰ 'ਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇਥੇ ਕੁਝ ਵਿਅਕਤੀਆਂ ਨੇ ਸ਼ਰੇਆਮ ਹਥਿਆਰਾਂ ਨਾਲ ਲੈਸ ਹੋ ਕੇ ਲਲਕਾਰੇ ਮਾਰੇ, ਜਿਸ ਨਾਲ ਇਲਾਕਾ ਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕ ਆਪਣੇ-ਆਪਣੇ ਘਰਾਂ 'ਚ ਜਾ ਵੜੇ। ਇਸ ਬਾਰੇ ਜਦੋਂ ਇਲਾਕੇ ਦੇ ਹੀ ਕਿਸੇ ਵਿਅਕਤੀ ਵਲੋਂ ਪੁਲਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਸ ਨੇ ਮਾਮਲੇ ਦਾ ਪਤਾ ਲਾਇਆ ਤਾਂ ਸਾਹਮਣੇ ਆਇਆ ਕਿ ਰਾਜਿੰਦਰ ਨਗਰ ਵਿਚ ਗੁਰਮੇਜ ਬੋਪਾਰਾਏ ਨਾਂ ਦੇ ਵਿਅਕਤੀ ਨਾਲ ਕਿਸੇ ਦਾ ਜ਼ਮੀਨ ਨੂੰ ਲੈ ਕੇ ਝਗੜਾ ਸੀ।

ਮੇਰੀ ਪਰਿਵਾਰ ਸਮੇਤ ਜਾਨ-ਮਾਲ ਦੀ ਰਾਖੀ ਕੀਤੀ ਜਾਵੇ : ਬੋਪਾਰਾਏ
ਗੁਰਮੇਜ ਸਿੰਘ ਬੋਪਾਰਾਏ ਨਾਂ ਦਾ ਵਿਅਕਤੀ ਜਿਸ ਨਾਲ ਪਲਾਟ ਨੂੰ ਲੈ ਕੇ ਝਗੜਾ ਹੋਇਆ ਉਸ ਨੇ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਕਰਾਰਨਾਮੇ ਦੇ ਕਾਗਜ਼ ਦਿਖਾਉਂਦਿਆਂ ਕਿਹਾ ਕਿ ਮੇਰੀ ਕੋਠੀ ਨਾਲ ਲਗਦਾ ਪਲਾਟ ਜਿਸ ਦੀ ਮਾਲਕਨ ਨੇ 1999 ਵਿਚ ਮੇਰੇ ਨਾਲ 1 ਲੱਖ 66 ਹਜ਼ਾਰ ਵਿਚ ਸੌਦਾ ਕਰ ਕੇ ਡੇਢ ਲੱਖ ਰੁਪਿਆ ਲਿਆ ਸੀ। ਬਾਅਦ 'ਚ ਮੇਰੇ ਵਾਰ-ਵਾਰ ਕਹਿਣ 'ਤੇ ਰਜਿਸਟਰੀ ਨਹੀਂ ਕਰਵਾਈ, ਜਿਸਦਾ ਕੇਸ ਅਦਾਲਤ 'ਚ ਚੱਲ ਰਿਹਾ ਹੈ। ਬੋਪਾਰਾਏ ਨੇ ਕਿਹਾ ਕਿ ਇਸ ਔਰਤ ਨੇ ਮੇਰੇ ਨਾਲ ਹੀ ਨਹੀਂ ਹੋਰ ਵੀ ਕਈ ਵਿਅਕਤੀਆਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਅੱਜ ਕੁਝ ਅਣਪਛਾਤੇ ਵਿਅਕਤੀ ਮੇਰੇ ਪਲਾਟ ਲਾਗੇ ਇੱਟਾਂ, ਰੇਤ ਬੱਜਰੀ ਤੇ ਸੀਮੈਂਟ ਲੈ ਕੇ ਆਏ ਤੇ ਮੇਰੇ ਪਲਾਟ 'ਚ ਸੁੱਟ ਕੇ ਕਬਜ਼ਾ ਕਰਨ ਲੱਗੇ, ਜਦ ਮੈਂ ਬਾਹਰ ਆਇਆ ਤਾਂ ਮੇਰੇ 'ਤੇ ਇੱਟਾਂ, ਦਾਤਰਾਂ, ਕ੍ਰਿਪਾਨਾਂ ਅਤੇ ਪਿਸਤੌਲਾਂ ਨਾਲ ਹਮਲਾ ਕਰ ਦਿੱਤਾ। ਮੇਰੇ ਮੁਹੱਲੇ ਵਾਲਿਆਂ ਅਤੇ ਘਰਵਾਲੀ ਨੇ ਮੈਨੂੰ ਬਹੁਤ ਮੁਸ਼ਕਲ ਨਾਲ ਬਚਾਇਆ। ਹਮਲੇ ਦੀ ਵਾਇਰਲ ਹੋਈ ਵੀਡੀਓ ਵੀ ਬੋਪਾਰਾਏ ਨੇ ਦਿਖਾਈ, ਜਿਸ ਵਿਚ ਕੁਝ ਵਿਅਕਤੀ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰ ਰਹੇ ਸਨ। ਬੋਪਾਰਾਏ ਨੇ ਆਪਣੀ ਅਤੇ ਆਪਣੀ ਜਾਨ-ਮਾਲ ਦੀ ਰਾਖੀ ਕਰਨ ਲਈ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।

ਸਾਡੇ ਕੋਲ ਰਜਿਸਟਰੀ ਹੈ, ਅਸੀਂ ਹਮਲਾ ਨਹੀਂ ਕੀਤਾ : ਗੁਰਮੇਲ ਸਿੰਘ
ਦੂਸਰੀ ਧਿਰ ਦੇ ਗੁਰਮੇਲ ਸਿੰਘ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਸ ਪਲਾਟ ਦੀ ਰਜਿਸਟਰੀ ਅੱਜ ਤੋਂ 6 ਸਾਲ ਪਹਿਲਾਂ ਮੇਰੀ ਨੂੰਹ ਦੇ ਨਾਂ 'ਤੇ 7 ਲੱਖ ਦੇ ਸੌਦੇ ਨਾਲ ਹੋਈ ਸੀ। ਅਦਾਲਤ 'ਚ ਚੱਲ ਰਹੇ ਕੇਸ ਵਿਚ ਸਬੰਧਤ ਔਰਤ ਨੇ ਆਪਣੇ ਬਿਆਨ ਵੀ ਦਰਜ ਕਰਵਾਏ ਨੇ। ਅਸੀਂ ਆ ਕੇ ਅਰਾਮ ਨਾਲ ਗੱਲ ਕੀਤੀ ਹੈ ਪਰ ਦੂਸਰੀ ਧਿਰ ਨੇ ਸਾਡੇ 'ਤੇ ਹਮਲਾ ਕੀਤਾ ਹੈ।

ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ
ਮੌਕੇ 'ਤੇ ਪੁਲਸ ਟੀਮ ਨਾਲ ਪਹੁੰਚੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਮਕਬੂਲਪੁਰਾ ਥਾਣੇ 'ਚ ਬੁਲਾ ਲਿਆ ਗਿਆ ਹੈ। ਕਾਗਜ਼-ਪੱਤਰ ਵੀ ਇਨਕੁਆਰੀ ਲਈ ਲੈ ਆਏ ਹਾਂ। ਗੱਲਬਾਤ ਸੁਨਣ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 

Baljeet Kaur

This news is Content Editor Baljeet Kaur