ਫੌਜ ਮੁਖੀ ਖਿਲਾਫ ਬਿਆਨ ਦੇ ਕੇ ਫਸੇ ਫੂਲਕਾ, ਵੇਰਕਾ ਨੇ ਥਾਣੇ 'ਚ ਦਰਜ ਕਰਵਾਈ ਸ਼ਿਕਾਇਤ (ਵੀਡੀਓ)

11/19/2018 1:17:40 PM

ਅੰਮ੍ਰਿਤਸਰ : ਕਾਂਗਰਸ ਦੇ ਸੀਨੀਅਰ ਆਗੂ ਰਾਜ ਕੁਮਾਰ ਵੇਰਕਾ ਨੇ ਅੰਮ੍ਰਿਤਸਰ ਦੇ ਥਾਣਾ ਕੰਟੋਨਮੈਂਟ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਐੱਚ. ਐੱਸ. ਫੂਲਕਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਫੂਲਕਾ ਵਲੋਂ ਫੌਜ ਮੁਖੀ ਖਿਲਾਫ ਦਿੱਤੇ ਗਏ ਵਿਵਾਦਤ ਬਿਆਨ ਲੈ ਕੇ ਦਰਜ ਕਰਵਾਈ ਗਈ ਹੈ। ਦਰਅਸਲ ਫੂਲਕਾ ਵਲੋਂ ਅੰਮ੍ਰਿਤਸਰ ਹਾਦਸੇ ਤੋਂ ਬਾਅਦ ਇਸ ਹਮਲੇ ਵਿਚ ਫੌਜ ਮੁਖੀ ਦਾ ਹੱਥ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ। ਫੂਲਕਾ ਨੇ ਕਿਹਾ ਕਿ ਬੀਤੇ ਦਿਨੀਂ ਫੌਜ ਮੁਖੀ ਵਲੋਂ ਪੰਜਾਬ ਵਿਚ ਅੱਤਵਾਦੀ ਹਮਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਰਾਜ ਕੁਮਾਰ ਵੇਰਕਾ ਨੇ ਇਹ ਮਾਮਲਾ ਪੁਲਸ ਕੋਲ ਦਰਜ ਕਰਵਾਇਆ ਹੈ। 

ਵੇਰਕਾ ਨੇ ਕਿਹਾ ਹੈ ਕਿ ਫੂਲਕਾ ਵਲੋਂ ਦਿੱਤੇ ਗਏ ਇਸ ਬਿਆਨ ਨੇ ਫੌਜ ਦੇ ਮਨੋਬਲ ਨੂੰ ਵੱਡੀ ਢਾਹ ਲਗਾਈ ਹੈ। ਇਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਵੇਰਕਾ ਨੇ ਕਿਹਾ ਕਿ ਭਾਰਤੀ ਫੌਜ ਦੇਸ਼ ਦਾ ਮਾਣ ਹੈ, ਇਸ ਲਈ ਫੂਲਕਾ ਦਾ ਬਿਆਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਫੂਲਕਾ ਦੇ ਗਰਮ-ਖਿਆਲੀਆਂ ਨਾਲ ਸੰਬੰਧ ਹੋਣ ਦਾ ਦੋਸ਼ ਲਗਾਉਂਦੇ ਹੋਏ ਵੇਰਕਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਨ੍ਹਾਂ ਵਲੋਂ ਇਹ ਬਿਆਨ ਕਿਸੇ ਦੇ ਇਸ਼ਾਰੇ 'ਤੇ ਦਿੱਤਾ ਗਿਆ ਹੋਵੇ।