ਪੰਜਾਬ ਸਟੇਟ ਫ੍ਰੀ ਸਟਾਈਲ ਰੈਸਲਿੰਗ ''ਚ ਚੈਂਪੀਅਨ ਬਣਿਆ ਅੰਮ੍ਰਿਤਸਰ

02/20/2018 3:26:41 AM

ਪਟਿਆਲਾ (ਜੋਸਨ, ਰਾਜੇਸ਼, ਰਾਣਾ)- ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਵੱਡੇ ਪੱਧਰ 'ਤੇ ਪ੍ਰਫੁੱਲਿਤ ਕਰਨ ਲਈ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ ਤਾਂ ਕਿ ਸੂਬੇ ਦੇ ਖਿਡਾਰੀ ਖੇਡਾਂ 'ਚ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰ ਸਕਣ। 
ਧਰਮਸੌਤ ਇੱਥੇ ਰਿੰਕ ਹਾਲ 'ਚ ਜ਼ਿਲਾ ਰੈਸਲਿੰਗ ਐਸੋਸੀਏਸ਼ਨ ਵੱਲੋਂ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਦੀ ਅਗਵਾਈ ਹੇਠ ਦ੍ਰੋਣਾਚਾਰੀਆ ਐਵਾਰਡੀ ਤੇ ਸਵਰਗੀ ਪਹਿਲਵਾਨ ਸੁਖਚੈਨ ਸਿੰਘ ਚੀਮਾ ਨੂੰ ਸਮਰਪਿਤ ਕਰਵਾਈ ਗਈ 36ਵੀਂ ਪੰਜਾਬ ਸਟੇਟ ਕੈਡਿਟ ਲੜਕੇ ਫ੍ਰੀ ਸਟਾਈਲ ਰੈਸਲਿੰਗ ਚੈਂਪੀਅਨਸ਼ਿਪ 'ਚ 17 ਸਾਲਾਂ ਤੋਂ ਘੱਟ ਉਮਰ ਵਰਗ ਦੇ ਹੋਏ ਕੁਸ਼ਤੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡਣ ਪੁੱਜੇ ਹੋਏ ਸਨ। ਉਨ੍ਹਾਂ ਨਾਲ ਇਸ ਮੌਕੇ ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤ ਪ੍ਰਤਾਪ ਸਿੰਘ ਹਨੀ ਸੇਖੋਂ ਵੀ ਮੌਜੂਦ ਸਨ। ਐਸੋਸੀਏਸ਼ਨ ਦੇ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੇ ਜੇਤੂ ਅੱਗੇ ਪੂਨੇ ਵਿਖੇ ਹੋਣ ਜਾ ਰਹੀ ਕੌਮੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਤਕਰੀਬਨ 35 ਸਾਲਾਂ ਬਾਅਦ ਹੋਈ ਹੈ, ਜਿਸ ਕਰਕੇ ਨੌਜਵਾਨ ਪਹਿਲਵਾਨਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।


ਇਸ ਕੁਸ਼ਤੀ ਚੈਂਪੀਅਨਸ਼ਿਪ ਦੌਰਾਨ 17 ਸਾਲਾਂ ਤੋਂ ਘੱਟ ਉਮਰ ਦੇ 10 ਭਾਰ ਵਰਗਾਂ ਦੇ ਹੋਏ ਮੁਕਾਬਲਿਆਂ 'ਚ ਸੂਬੇ ਦੇ 22 ਜ਼ਿਲਿਆਂ ਤੋਂ 220 ਤੋਂ ਵੀ ਜ਼ਿਆਦਾ ਨੌਜਵਾਨ ਪਹਿਲਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ ਜੇਤੂਆਂ ਨੂੰ ਦੇਸੀ ਘਿਉ, ਮੈਡਲ ਅਤੇ ਸਰਟੀਫਿਕੇਟ ਵੰਡੇ ਗਏ। 10 ਵਰਗਾਂ ਦੇ ਹੋਏ ਕੁਸ਼ਤੀ ਮੁਕਾਬਲਿਆਂ 'ਚ 23 ਅੰਕਾਂ ਨਾਲ ਅੰਮ੍ਰਿਤਸਰ ਪਹਿਲਾ ਸਥਾਨ ਹਾਸਲ ਕਰ ਕੇ ਚੈਂਪੀਅਨ ਬਣਿਆ, ਜਦਕਿ 18 ਅੰਕਾਂ ਨਾਲ ਜਲੰਧਰ ਦੂਜੇ ਤੇ 9 ਅੰਕਾਂ ਨਾਲ ਲੁਧਿਆਣਾ ਤੀਜੇ ਸਥਾਨ 'ਤੇ ਰਿਹਾ। 
45 ਕਿਲੋ ਭਾਰ ਵਰਗ 'ਚ ਮੋਹਾਲੀ ਦਾ ਕ੍ਰਿਸ਼ਨ ਕੁਮਾਰ ਜੇਤੂ, ਜਲੰਧਰ ਦਾ ਸਹਿਜਪ੍ਰੀਤ ਉਪ-ਜੇਤੂ, 48 ਕਿਲੋ ਭਾਰ ਵਰਗ 'ਚ ਜਲੰਧਰ ਦਾ ਗਗਨਦੀਪ ਵਿਰਕ ਜੇਤੂ ਤੇ ਕਪੂਰਥਲਾ ਦਾ ਖੁਸ਼ਦੀਪ ਕਜਲਾ ਉਪ-ਜੇਤੂ, 51 ਕਿਲੋ ਭਾਰ ਵਰਗ 'ਚ ਫ਼ਾਜ਼ਿਲਕਾ ਦਾ ਹਰਦੀਪ ਸਿੰਘ ਜੇਤੂ ਤੇ ਜਲੰਧਰ ਦਾ ਸਾਗਰ ਉਪ-ਜੇਤੂ, 55 ਕਿਲੋ ਭਾਰ ਵਰਗ 'ਚ ਅੰਮ੍ਰਿਤਸਰ ਦੇ ਸਾਹਿਲ ਨੇ ਪਹਿਲਾ ਤੇ ਸੰਗਰੂਰ ਦੇ ਅਬਦੁਲ ਸੁਬਰਾਨ ਨੇ ਦੂਜਾ ਸਥਾਨ ਹਾਸਲ ਕੀਤਾ। 
ਜਦਕਿ 60 ਕਿਲੋ ਭਾਰ ਵਰਗ 'ਚ ਅੰਮ੍ਰਿਤਸਰ ਦਾ ਕਾਰਤਿਕ ਜੇਤੂ, ਪਟਿਆਲਾ ਦਾ ਰਿਤਿਕ ਦੂਜੀ ਥਾਂ 'ਤੇ, 65 ਕਿਲੋ ਭਾਰ ਵਰਗ 'ਚ ਜਲੰਧਰ ਦਾ ਹਰਵਿੰਦਰ ਜੇਤੂ, ਕਪੂਰਥਲਾ ਦਾ ਬਲਦੀਪ ਬਾਸਰਾ ਦੂਜੀ ਥਾਂ 'ਤੇ, 71 ਕਿਲੋ 'ਚ ਲੁਧਿਆਣਾ ਦਾ ਪ੍ਰਮੋਦ ਕੁਮਾਰ ਤੇ ਮਾਨਸਾ ਦਾ ਤਰਨਵੀਰ ਸਿੰਘ ਉਪ-ਜੇਤੂ, 80 ਕਿਲੋ 'ਚ ਅੰਮ੍ਰਿਤਸਰ ਦਾ ਅਮਰਿੰਦਰ ਸਿੰਘ ਜੇਤੂ ਤੇ ਲੁਧਿਆਣਾ ਦਾ ਗਗਨਦੀਪ ਸਿੰਘ ਉਪ-ਜੇਤੂ, 92 ਕਿਲੋ 'ਚ ਅੰਮ੍ਰਿਤਸਰ ਦਾ ਪ੍ਰਵੀਨ ਸਿੰਘ ਪਹਿਲੇ ਤੇ ਹੁਸ਼ਿਆਰਪੁਰ ਦਾ ਨਰਿੰਦਰ ਚੀਮਾ ਦੂਜੀ ਥਾਂ 'ਤੇ ਰਿਹਾ, ਜਦਕਿ 110 ਕਿਲੋ ਭਾਰ ਵਰਗ 'ਚ ਮਾਨਸਾ ਦਾ ਸਾਹਿਲ ਪਹਿਲੇ ਤੇ ਪਟਿਆਲਾ ਦਾ ਮਨਪ੍ਰੀਤ ਸਿੰਘ ਦੂਜੀ ਥਾਂ 'ਤੇ ਰਿਹਾ।