ਹਵਾਈ ਮੁਸਾਫਰਾਂ ਲਈ ਝਟਕਾ, ਅੰਮ੍ਰਿਤਸਰ-ਬੈਂਕਾਕ ਫਲਾਈਟ ਹੋਈ ਰੱਦ!

05/13/2018 4:02:08 PM

ਅੰਮ੍ਰਿਤਸਰ, (ਅਨਿਲ ਸਲਵਾਨ)— ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ 15 ਦਿਨਾਂ ਲਈ ਬੈਂਕਾਕ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ। ਏਅਰ ਇੰਡੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਟਾਂ ਦੀ ਘੱਟ ਬੁਕਿੰਗ ਹੋਣ ਕਾਰਨ ਫਲਾਈਟ ਰੱਦ ਕਰਨੀ ਪਈ। ਉੱਥੇ ਹੀ, ਸੀਟਾਂ ਦੀ ਬੁਕਿੰਗ ਘੱਟ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਇਹ ਫਲਾਈਟ ਅੰਮ੍ਰਿਤਸਰ ਤੋਂ ਪੱਕੇ ਤੌਰ 'ਤੇ ਨਹੀਂ ਲਗਾਈ ਗਈ ਸੀ ਅਤੇ ਬਾਕੀ ਏਅਰਲਾਈਨ ਦੇ ਮੁਕਾਬਲੇ ਕਿਰਾਇਆ ਵੀ ਜ਼ਿਆਦਾ ਹੋਣ ਕਾਰਨ ਏਅਰ ਇੰਡੀਆ ਦੀ ਅੰਮ੍ਰਿਤਸਰ-ਬੈਂਕਾਕ ਫਲਾਈਟ ਨੂੰ ਰਿਸਪਾਂਸ ਨਹੀਂ ਮਿਲਿਆ। 14 ਮਈ ਤੋਂ 31 ਮਈ ਤਕ ਇਸ ਫਲਾਈਟ ਨੇ ਅੰਮ੍ਰਿਤਸਰ ਤੋਂ ਬੈਂਕਾਕ ਲਈ ਉਡਾਣ ਭਰਨੀ ਸੀ। ਚੰਡੀਗੜ੍ਹ ਹਵਾਈ ਅੱਡੇ 'ਤੇ ਇਸ ਸਮੇਂ ਦੌਰਾਨ ਮੁਰੰਮਤ ਅਤੇ ਰਨਵੇਅ ਦੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ 31 ਮਈ ਤਕ ਚੰਡੀਗੜ੍ਹ ਹਵਾਈ ਅੱਡੇ 'ਤੇ ਕਿਸੇ ਵੀ ਫਲਾਈਟ ਦੇ ਉਤਰਨ ਜਾਂ ਉਡਾਣ ਭਰਨ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਚੰਡੀਗੜ੍ਹ ਤੋਂ ਹੀ ਏਅਰ ਇੰਡੀਆ ਦੀ ਫਲਾਈਟ ਬੈਂਕਾਕ ਲਈ ਉਡਾਣ ਭਰਦੀ ਹੈ ਪਰ ਇਸ ਹਵਾਈ ਅੱਡੇ 'ਤੇ ਫਲਾਈਟਾਂ 'ਤੇ ਰੋਕ ਕਾਰਨ ਹਵਾਈ ਅੱਡਾ ਅਥਾਰਟੀ ਨੇ ਪਿਛਲੇ ਦਿਨੀਂ ਇਨ੍ਹਾਂ ਦੋ ਹਫਤਿਆਂ ਲਈ ਅੰਮ੍ਰਿਤਸਰ ਤੋਂ ਫਲਾਈਟ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ।

ਜ਼ਿਕਰਯੋਗ ਹੈ ਕਿ 31 ਮਈ ਤਕ ਚੰਡੀਗੜ੍ਹ ਦਾ ਹਵਾਈ ਅੱਡਾ ਬੰਦ ਹੋਣ ਕਾਰਨ ਘਰੇਲੂ ਅਤੇ ਕੌਮਾਂਤਰੀ ਮੁਸਾਫਰਾਂ ਨੂੰ ਅਸੁਵਿਧਾ ਹੋਵੇਗੀ। ਦਿੱਲੀ, ਮੁੰਬਈ ਅਤੇ ਬੇਂਗਲੁਰੂ ਜਾਣ ਵਾਲੇ ਮੁਸਾਫਰਾਂ ਨੂੰ ਸਭ ਤੋਂ ਵਧ ਪ੍ਰੇਸ਼ਾਨੀ ਹੋਵੇਗੀ। ਇਨ੍ਹਾਂ 20 ਦਿਨਾਂ ਤਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਦਿੱਲੀ ਹਵਾਈ ਅੱਡੇ 'ਤੇ ਨਿਰਭਰ ਰਹਿਣਾ ਹੋਵੇਗਾ, ਜਦੋਂ ਕਿ ਦੂਜਾ ਬਦਲ ਅੰਮ੍ਰਿਤਸਰ ਹਵਾਈ ਅੱਡਾ ਰਹੇਗਾ। ਇਸ ਵਾਰ ਕਿਉਂਕਿ ਗਰਮੀਆਂ ਦੇ ਮੌਸਮ 'ਚ ਹਵਾਈ ਅੱਡਾ ਬੰਦ ਹੋ ਰਿਹਾ ਹੈ ਇਸ ਲਈ ਜਿਨ੍ਹਾਂ ਲੋਕਾਂ ਨੇ ਦਿੱਲੀ ਤੋਂ ਦੂਜੀ ਫਲਾਈਟ ਲੈ ਕੇ ਅੱਗੇ ਜਾਣਾ ਸੀ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ 15 ਦਿਨਾਂ ਲਈ 12 ਤੋਂ 26 ਫਰਵਰੀ ਤਕ ਬੰਦ ਰਿਹਾ ਸੀ, ਜਿਸ ਕਾਰਨ 28 ਫਲਾਈਟਾਂ ਦਾ ਸੰਚਾਲਨ ਵੀ ਬੰਦ ਸੀ। ਚੰਡੀਗੜ੍ਹ ਹਵਾਈ ਅੱਡੇ 'ਚ ਰਨਵੇਅ ਦੀ ਲੰਬਾਈ ਮੌਜੂਦਾ 9000 ਫੁੱਟ ਤੋਂ ਵਧਾ ਕੇ 10400 ਫੁੱਟ ਕੀਤੀ ਜਾ ਰਹੀ ਹੈ ਤਾਂ ਕਿ ਇੱਥੇ ਵੱਡੇ ਹਵਾਈ ਜਹਾਜ਼ਾਂ ਜਿਵੇਂ ਕਿ ਬੋਇੰਗ-777, 787 ਤੇ 747 ਆਦਿ ਦੀਆਂ ਉਡਾਣਾਂ ਦਾ ਰਾਹ ਪੱਧਰਾ ਹੋ ਸਕੇ। ਇਸ ਨਾਲ ਚੰਡੀਗੜ੍ਹ ਤੋਂ ਯੂਰਪ, ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਆਦਿ ਲਈ ਵੱਡੇ ਜਹਾਜ਼ ਸਿੱਧੇ ਉਡਾਣਾਂ ਭਰ ਸਕਣਗੇ।