ਮਾਮਲਾ 267 ਸਰੂਪ ਖੁਰਦ-ਬੁਰਦ ਹੋਣ ਦਾ: ਕੰਵਲਜੀਤ ਤੇ ਇਕ ਹੋਰ ਸੇਵਾਦਾਰ ਕੋਲੋਂ ਹੋਈ ਪੁੱਛਗਿੱਛ

07/28/2020 5:44:10 PM

ਅੰਮ੍ਰਿਤਸਰ (ਅਨਜਾਣ) : 2016 'ਚ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੱਗਜਨੀ ਦੀ ਹੋਈ ਘਟਨਾ ਕਾਰਣ 267 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਖੁਰਦ-ਬੁਰਦ ਹੋਣ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਇਸ ਮਾਮਲੇ ਨੇ ਤੂਲ ਫੜ੍ਹਦਿਆਂ ਦੇਸ਼-ਵਿਦੇਸ਼ ਦੇ ਸਿੱਖਾਂ 'ਚ ਹਾਹਾਕਾਰ ਮਚਾ ਦਿੱਤੀ। ਹਾਲੇ ਵੀ ਮਾਮਲੇ ਦਾ ਪਤਾ ਨਾ ਚੱਲਦਾ ਜੇਕਰ 31 ਮਈ ਦੀ ਆਪਣੀ ਸੇਵਾ ਮੁਕਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦਾ ਸਾਬਕਾ ਸੁਪਰਵਾਈਜ਼ਰ ਕੰਵਲਜੀਤ ਸਿੰਘ ਇਸ ਦਾ ਖੁਲਾਸਾ ਨਾ ਕਰਦਾ। ਇਸ ਕਾਰਣ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਤੁਰੰਤ ਕਾਰਜਕਾਰਣੀ ਦੀ ਮੀਟਿੰਗ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ਵਿਖੇ ਬੁਲਾ ਕੇ ਮਤਾ ਪਾ ਕੇ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪਦਿਆਂ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਕਰਵਾਉਣ ਲਈ ਬੇਨਤੀ ਕਰਨੀ ਪਈ। 

ਇਹ ਵੀ ਪੜ੍ਹੋਂ : ਆਖਿਰ ਕਿਉਂ ਸਿੱਖ ਧਰਮ ਛੱਡਣ ਦੀ ਚਿਤਾਵਨੀ ਦੇ ਰਿਹੈ ਇਹ ਵਿਅਕਤੀ, ਜਾਣੋ ਵਜ੍ਹਾ (ਵੀਡੀਓ)

ਸੰਗਤਾਂ ਦੀ ਮੰਗ ਅਨੁਸਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਮਾਣਯੋਗ ਹਾਈਕੋਰਟ ਦੀ ਸਾਬਕਾ ਜੱਜ ਨਵੀਤਾ ਸਿੰਘ ਤੇ ਉਨ੍ਹਾਂ ਨਾਲ ਸਹਾਇਕ ਹਾਈਕੋਰਟ ਦੇ ਵਕੀਲ ਈਸ਼ਰ ਸਿੰਘ ਤੇਲੰਗਾਨਾ 'ਤੇ ਅਧਾਰਿਤ ਕਮੇਟੀ ਬਣਾ ਕੇ ਉਨ੍ਹਾਂ ਨੂੰ ਜਾਂਚ ਸੌਂਪ ਦਿੱਤੀ। ਜਾਂਚ ਸੌਂਪਣ ਦੇ ਤੁਰੰਤ ਬਾਅਦ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਈਸ਼ਰ ਸਿੰਘ ਵਕੀਲ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੋਏ ਆਦੇਸ਼ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਐਡੀ. ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ, ਨਿੱਜੀ ਸਹਾਇਕ ਜਸਪਾਲ ਸਿੰਘ, ਪਬਲੀਕੇਸ਼ਨ ਮਹਿਕਮੇ ਦੇ ਇੰਚਾਰਜ ਗੁਰਨਾਮ ਸਿੰਘ ਤੇ ਰਿਕਾਰਡ ਕੀਪਰ ਗੁਰਿੰਦਰ ਸਿੰਘ ਦੀ ਹਾਜ਼ਰੀ 'ਚ ਪਿਛਲੇ 5 ਸਾਲਾਂ ਦਾ ਸਾਰਾ ਰਿਕਾਰਡ ਆਪਣੀ ਕਬਜ਼ੇ 'ਚ ਲੈ ਲਿਆ ਗਿਆ। ਉਸ ਦਿਨ ਤੋਂ ਉਪਰੰਤ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਾਮਲੇ ਨਾਲ ਸਬੰਧਿਤ ਵੱਖ-ਵੱਖ ਅਧਿਕਾਰੀਆਂ ਤੇ ਸੇਵਾਦਾਰਾਂ ਕੋਲੋਂ ਪੁੱਛ-ਗਿੱਛ ਦਾ ਸਿਲਸਲਾ ਜਾਰੀ ਹੈ। ਇਸ ਪੁੱਛ-ਗਿੱਛ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਪਹਿਲੇ ਦਿਨ ਤੋਂ ਹੀ ਪਬਲੀਕੇਸ਼ਨ ਵਿਭਾਗ ਦੇ ਸਟਾਫ਼ ਕੋਲੋਂ ਕਰ ਕੇ ਕੀਤੀ ਗਈ। 

ਇਹ ਵੀ ਪੜ੍ਹੋਂ : ਕੈਨੇਡਾ ਤੋਂ ਆਈ ਦੁਖਦਾਈ ਖ਼ਬਰ: 22 ਸਾਲਾ ਪੰਜਾਬੀ ਦੀ ਝੀਲ 'ਚ ਡੁੱਬਣ ਨਾਲ ਮੌਤ

ਇਸ ਮਾਮਲੇ ਦੇ ਮੁੱਖ ਗਵਾਹ ਕੰਵਲਜੀਤ ਸਿੰਘ ਦੇ ਦੱਸਣ ਮੁਤਾਬਕ ਪਹਿਲਾਂ ਉਸ ਕੋਲੋਂ 24 ਜੁਲਾਈ ਨੂੰ ਦੁਪਹਿਰ 3 ਵਜੇ ਤੋਂ ਰਾਤ ਸਾਢੇ ਅੱਠ ਵਜੇ ਤੱਕ ਸਾਢੇ 5 ਘੰਟੇ ਲਗਾਤਾਰ ਪੁੱਛਗਿੱਛ ਕੀਤੀ ਗਈ ਤੇ ਬਾਅਦ 'ਚ 26 ਜੁਲਾਈ ਨੂੰ ਐਤਵਾਰ ਹੋਣ ਦੇ ਬਾਵਜੂਦ ਵੀ ਸਕੱਤਰੇਤ ਦਾ ਦਫ਼ਤਰ ਖੋਲ੍ਹ ਕੇ ਪੁੱਛ-ਗਿੱਛ ਕੀਤੀ ਗਈ। ਸੂਤਰਾਂ ਦੇ ਅਧਾਰ 'ਤੇ ਮਿਲੀ ਜਾਣਕਾਰੀ ਅਨੁਸਾਰ ਸਕੱਤਰੇਤ ਵਿਖੇ ਕੰਵਲਜੀਤ ਸਿੰਘ ਦੇ ਇਲਾਵਾ ਇਕ ਹੋਰ ਸੇਵਾਦਾਰ, ਜੋ ਕਵਲਜੀਤ ਦੇ ਨਾਲ ਇਸ ਸਾਰੇ ਰਿਕਾਰਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਸ਼ੂ ਕਰਨ ਲਈ ਜ਼ਿੰਮੇਵਾਰ ਸੀ, ਉਸ ਕੋਲੋਂ ਵੀ ਪੁੱਛ-ਗਿੱਛ ਕੀਤੀ ਗਈ। ਇਹ ਵੀ ਪਤਾ ਚੱਲਿਆ ਹੈ ਕਿ ਇਸ ਸਬੰਧੀ ਸਾਰੀ ਪੁੱਛ-ਪੜਤਾਲ ਜਿੱਥੇ ਵਕੀਲ਼ ਈਸ਼ਰ ਸਿੰਘ ਵਲੋਂ ਕੀਤੀ ਜਾ ਰਹੀ ਹੈ ਉਥੇ ਆਨਲਾਈਨ ਜ਼ਰੀਏ ਜੱਜ ਨਵੀਤਾ ਸਿੰਘ ਵਲੋਂ ਵੀ ਸਬੰਧਿਤ ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੀ ਜਾਂਚ ਕਮੇਟੀ ਕੋਲ ਪੂਰੀ ਰਿਕਾਰਡਿੰਗ ਮੌਜੂਦ ਹੈ। 

ਇਹ ਵੀ ਪੜ੍ਹੋਂ : ਲਾਹੌਰ 'ਚ ਗੁਰਦੁਆਰਾ ਸਾਹਿਬ ਨੂੰ ਮਸੀਤ 'ਚ ਤਬਦੀਲ ਕਰਨ ਦੀ ਕੋਸ਼ਿਸ਼, ਕੈਪਟਨ ਦੀ ਵਿਦੇਸ਼ ਮੰਤਰੀ ਨੂੰ ਖ਼ਾਸ ਅਪੀਲ

ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਕੰਵਲਜੀਤ ਸਿੰਘ ਨੇ ਇਹ ਕਿਹਾ ਸੀ ਕਿ ਇਨ੍ਹਾਂ 'ਚੋਂ ਕੁਝ ਸਰੂਪ ਇਕ ਅਜਿਹੇ ਡੇਰੇ 'ਚ ਗਏ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਲਾਗੂ ਨਹੀਂ ਹੁੰਦੀ। ਸੂਤਰਾਂ ਦੀ ਮੰਨੀਏ ਤਾਂ ਕੰਵਲਜੀਤ ਨੇ ਜਾਂਚ ਕਮੇਟੀ ਨੂੰ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਇਹ ਸਰੂਪ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਦੇ ਇਸ਼ਾਰੇ ਤੇ ਵੱਖ-ਵੱਖ ਜਗ੍ਹਾ ਭੇਜੇ ਗਏ ਇਹ ਯਕੀਨ ਕਰਕੇ ਕਿ ਇਸ ਸਬੰਧੀ ਸਾਰੀਆਂ ਕਾਗਜ਼ੀ ਕਾਰਵਾਈਆਂ ਬਾਅਦ 'ਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਮਿਲੀ ਜਾਣਕਾਰੀ ਅਨੁਸਾਰ ਪੜਤਾਲੀਆ ਕਮੇਟੀ ਵਲੋਂ ਪਬਲੀਕੇਸ਼ਨ ਵਿਭਾਗ ਦੇ ਕੁਝ ਸਾਬਕਾ ਅਧਿਕਾਰੀਆਂ ਤੇ ਸੇਵਾਦਾਰਾਂ ਕੋਲੋਂ ਵੀ ਇਸ ਸਬੰਧੀ ਪੁੱਛ-ਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਾਂਚ ਕਮੇਟੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਕ ਮਹੀਨੇ ਦੇ ਅੰਦਰ-ਅੰਦਰ ਇਹ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ


Baljeet Kaur

Content Editor

Related News