ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਾ ਮਿਲਣ ’ਤੇ ਕੰਬੋਕੇ ਬੈਠੇ ਭੁੱਖ ਹਡ਼ਤਾਲ ’ਤੇ

03/26/2019 4:42:26 AM

ਅੰਮ੍ਰਿਤਸਰ (ਅਣਜਾਣ)-ਜਿੰਨੀ ਦੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾਡ਼ੀ, ਬਹਿਬਲ ਕਲਾਂ ਤੇ ਹੋਰ ਵੱਖ-ਵੱਖ ਥਾਵਾਂ ’ਤੇ ਹੋਈ ਬੇਅਦਬੀ ਦਾ ਇਨਸਾਫ਼ ਨਹੀਂ ਮਿਲ ਜਾਂਦਾ ਓਨੀ ਦੇਰ ਭੁੱਖ ਹਡ਼ਤਾਲ ’ਤੇ ਬੈਠਾ ਰਹਾਂਗਾ, ਭਾਵੇਂ ਆਪਣੀ ਜਾਨ ਦੀ ਕੁਰਬਾਨੀ ਵੀ ਕਿਉਂ ਨਾ ਦੇਣੀ ਪੈ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਮਨਜੀਤ ਸਿੰਘ ਕੰਬੋਕੇ ਪ੍ਰਧਾਨ ਆਲ ਇੰਡੀਆ ਜ਼ੁਲਮ ਰੋਕੂ ਐਕਸ਼ਨ ਕਮੇਟੀ (ਪੰਜਾਬ) ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬਰਗਾਡ਼ੀ ਤੇ ਬਹਿਬਲ ਕਲਾਂ ਵਿਚ ਜੋ ਧਰਨਾ ਦਿੱਤਾ ਗਿਆ ਸੀ ਉਹ ਪ੍ਰਸ਼ਾਸਨ ਦੇ ਯਕੀਨ ਦਿਵਾਉਣ ’ਤੇ ਚੁੱਕ ਦਿੱਤਾ ਗਿਆ ਸੀ ਪਰ ਮੈਂ ਇਹ ਜੰਗ ਉਦੋਂ ਤੱਕ ਸ਼ਾਂਤਮਈ ਢੰਗ ਨਾਲ ਲਡ਼ਦਾ ਰਹਾਂਗਾ ਜਦ ਤੱਕ ਇਨਸਾਫ਼ ਨਹੀਂ ਮਿਲ ਜਾਂਦਾ ਤੇ ਬੇਅਦਬੀ ਕਰਨ ਵਾਲੇ ਸਾਰੇ ਦੋਸ਼ੀ ਗ੍ਰਿਫ਼ਤਾਰ ਨਹੀਂ ਹੋ ਜਾਂਦੇ। ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਭੰਡਾਰੀ ਪੁਲ ’ਤੇ ਭੁੱਖ ਹਡ਼ਤਾਲ ਲਈ ਬੈਠ ਗਏ ਪਰ ਇਜ਼ਾਜਤ ਨਾ ਮਿਲਣ ਕਾਰਨ ਕੰਬੋਕੇ ਨੂੰ ਇਸ ਜਗ੍ਹਾ ਤੋਂ ਉਠਾ ਦਿੱਤਾ ਗਿਆ ਤੇ ਉਹ ਰਣਜੀਤ ਐਵੀਨਿਊ ਦੇ ਹਰਤੇਜ ਹਸਪਤਾਲ ਨਾਲ ਲੱਗਦੀ ਗਰਾਊਂਡ ਵਿਚ ਅਣਮਿੱਥੇ ਸਮੇਂ ਦੀ ਭੁੱਖ ਹਡ਼ਤਾਲ ’ਤੇ ਬੈਠ ਗਏ। ਇਸ ਮੌਕੇ ਉਨ੍ਹਾਂ ਨਾਲ ਡਾ. ਜੇ. ਐੱਸ. ਕੁਮਾਰ ਚੇਅਰਮੈਨ, ਜਥੇਦਾਰ ਦਿਲਬਾਗ ਸਿੰਘ ਖੈਰਾਬਾਦ ਵਾਈਸ ਚੇਅਰਮੈਨ, ਰਣਜੀਤ ਸਿੰਘ ਸ਼ਾਮਪੁਰਾ ਸਕੱਤਰ ਪੰਜਾਬ, ਨਵਰੂਪ ਸਿੰਘ ਸ਼ਹਿਰੀ ਪ੍ਰਧਾਨ ਅੰਮ੍ਰਿਤਸਰ, ਸੁਖਵਿੰਦਰ ਸਿੰਘ ਜਨਰਲ ਸਕੱਤਰ ਪੰਜਾਬ, ਰਵਿੰਦਰ ਸਿੰਘ, ਬੀਬੀ ਹਰਪ੍ਰੀਤ ਕੌਰ ਪ੍ਰਧਾਨ ਇਸਤਰੀ ਵਿੰਗ ਤੇ ਬੀਬੀ ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਇਸਤਰੀ ਵਿੰਗ (ਪੰਜਾਬ) ਸ਼ਾਮਿਲ ਸਨ।