ਕਰਮਚਾਰੀਆਂ ਦੀ ਹਡ਼ਤਾਲ ਨਾਲ ਸੋਮਵਾਰ ਨੂੰ ਵੀ ਬੰਦ ਰਿਹਾ ਡੀ. ਸੀ. ਦਫਤਰ

02/19/2019 3:56:32 AM

ਅੰਮ੍ਰਿਤਸਰ (ਨੀਰਜ)-ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਦੀ ਹਮਾਇਤ ’ਤੇ ਡੀ. ਸੀ. ਦਫਤਰ ਕਰਮਚਾਰੀਆਂ ਵੱਲੋਂ ਜਾਰੀ ਹਡ਼ਤਾਲ ਸੋਮਵਾਰ ਨੂੰ ਵੀ ਜਾਰੀ ਰਹੀ ਅਤੇ ਕਰਮਚਾਰੀਆਂ ਨੇ ਕੰਮ ਨਹੀਂ ਕੀਤਾ, ਜਿਸ ਨਾਲ ਡੀ. ਸੀ. ਦਫਤਰ ਨਾਲ ਸਬੰਧਤ ਸਾਰੀਆਂ ਸ਼ਾਖਾਵਾਂ ਬੰਦ ਰਹੀਆਂ। ਕਰਮਚਾਰੀਆਂ ਨੇ ਐਲਾਨ ਕੀਤਾ ਹੈ ਕਿ ਇਸ ਹਡ਼ਤਾਲ ਨੂੰ 21 ਫਰਵਰੀ ਤੱਕ ਜਾਰੀ ਰੱਖਿਆ ਜਾਵੇਗਾ। ਜਾਣਕਾਰੀ ਦਿੰਦਿਆਂ ਡੀ. ਸੀ. ਦਫਤਰ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਅਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਵਿਚ 21 ਫਰਵਰੀ ਤੱਕ ਕਰਮਚਾਰੀਆਂ ਦੀ ਹਡ਼ਤਾਲ ਨੂੰ ਜਾਰੀ ਰੱਖਿਆ ਜਾਵੇਗਾ। ਇਸ ਲਈ ਸਰਕਾਰ ਨੇ ਹੀ ਕਰਮਚਾਰੀ ਯੂਨੀਅਨ ਨੂੰ ਮਜਬੂਰ ਕੀਤਾ ਹੈ। ਮੁੱਖ ਮੰਤਰੀ ਵੱਲੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਬ੍ਰਹਮ ਮਹਿੰਦਰਾ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ 21 ਫਰਵਰੀ ਨੂੰ ਯੂਨੀਅਨ ਨਾਲ ਬੈਠਕ ਕਰ ਰਹੀ ਹੈ। ਜੇਕਰ ਸਰਕਾਰ ਦੀ ਇੱਛਾ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਹੁੰਦੀ ਤਾਂ ਇਸ ਤੋਂ ਪਹਿਲਾਂ ਵੀ ਬੈਠਕ ਰੱਖੀ ਜਾ ਸਕਦੀ ਸੀ। ਸੰਧੂ ਨੇ ਕਿਹਾ ਕਿ ਜੇਕਰ 21 ਦੀ ਬੈਠਕ ਵਿਚ ਵੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਥੇ ਹੀ ਕਰਮਚਾਰੀਆਂ ਦੀ ਹਡ਼ਤਾਲ ਨਾਲ ਤਹਿਸੀਲ ਸਮੇਤ ਸਮੂਹ ਰਜਿਸਟਰੀ ਦਫਤਰ ਵੀ ਬੰਦ ਰਹੇ ਅਤੇ ਕੰਮ ਨਹੀਂ ਹੋ ਸਕਿਆ। ਕੀ ਹਨ ਕਰਮਚਾਰੀ ਯੂਨੀਅਨ ਦੀਆਂ ਮੰਗਾਂ - ਕੇਂਦਰ ਸਰਕਾਰ ਵੱਲੋਂ ਜਾਰੀ ਡੀ. ਏ. ਨੂੰ ਪੂਰੇ ਦੇਸ਼ ਵਿਚ ਰਾਜ ਸਰਕਾਰਾਂ ਕਰਮਚਾਰੀਆਂ ਨੂੰ ਦੇ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਨੂੰ ਡੀ. ਏ. ਨਹੀਂ ਦਿੱਤਾ ਜਾ ਰਿਹਾ। - ਕੇਂਦਰ ਸਰਕਾਰ ਨੇ 7ਵਾਂ ਪੇ-ਕਮਿਸ਼ਨ ਜਾਰੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਵੱਲੋਂ 6ਵਾਂ ਪੇ-ਕਮਿਸ਼ਨ ਲਾਗੂ ਨਹੀਂ ਕੀਤਾ ਗਿਆ, ਜਿਸ ਨਾਲ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਹਾਲਾਂਕਿ ਕਰਮਚਾਰੀਆਂ ਨੂੰ 7ਵਾਂ ਪੇ-ਕਮਿਸ਼ਨ ਮੰਗਣਾ ਚਾਹੀਦਾ ਹੈ ਪਰ 6ਵਾਂ ਕਮਿਸ਼ਨ ਵੀ ਪੰਜਾਬ ਸਰਕਾਰ ਨਹੀਂ ਦੇ ਰਹੀ। - ਨਵੇਂ ਭਰਤੀ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਜੋ ਕਰਮਚਾਰੀ ਰਿਟਾਇਰਡ ਹੋ ਜਾਣਗੇ, ਉਨ੍ਹਾਂ ਨੂੰ ਪੈਨਸ਼ਨ ਦੀ ਸਹੂਲਤ ਨਹੀਂ ਮਿਲੇਗੀ। ਰਿਟਾਇਰਡ ਹੋਣ ਤੋਂ ਬਾਅਦ ਕਰਮਚਾਰੀ ਕੋਲ ਜ਼ਿੰਦਗੀ ਜਿਊਣ ਲਈ ਪੈਨਸ਼ਨ ਇਕ ਵੱਡੀ ਰਾਹਤ ਹੁੰਦੀ ਹੈ, ਜਿਸ ਨੂੰ ਸਰਕਾਰ ਵੱਲੋਂ ਖੋਹਿਆ ਜਾ ਰਿਹਾ ਹੈ।

Related News