ਕੰਵਲਜੀਤ ਦਾ ਮੁੱਖ ਕਾਤਲ ਨਾ ਫੜੇ ਜਾਣ ’ਤੇ ਕਾਂਗਰਸੀ ਸਕੱਤਰ ਨੀਲਮ ਨੇ ਦਿੱਤਾ ਅਸਤੀਫਾ

02/04/2019 4:34:59 AM

ਅੰਮ੍ਰਿਤਸਰ (ਅਣਜਾਣ)-ਲੋਹਡ਼ੀ ਵਾਲੇ ਦਿਨ ਆਪਣੇ ਵਿਆਹ ਦੀ ਪਹਿਲੀ ਲੋਹਡ਼ੀ ਮਨਾ ਰਹੇ ਰਾਮਗਡ਼੍ਹੀਆ ਭਾਈਚਾਰੇ ਦੇ ਨੌਜਵਾਨ ਕੰਵਲਜੀਤ ਸਿੰਘ ਦੇ ਕਤਲ ਦਾ ਅਸਲੀ ਕਾਤਲ ਪੁਲਸ ਵੱਲੋਂ ਨਾ ਫਡ਼ੇ ਜਾਣ ਤੇ ਦੂਸਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਸਕੱਤਰ ਨੀਲਮ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਨੀਲਮ ਨੇ ਪ੍ਰੈੱਸ ਵਾਰਤਾ ਦੌਰਾਨ ਮੰਦਰ ਸੁੱਕਾ ਤਲਾਬ ਦੀ ਸਫ਼ਾਈ ਨਾ ਹੋਣ ਤੇ ਕਾਂਗਰਸ ’ਚ ਬਣਦਾ ਮਾਣ-ਸਤਿਕਾਰ ਨਾ ਹੋਣ ਦਾ ਵੀ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਤਕਰੀਬਨ 5 ਹਜ਼ਾਰ ਔਰਤਾਂ ਨੂੰ ਆਪਣੇ ਨਾਲ ਜੋਡ਼ਿਆ, ਉਨ੍ਹਾਂ ਨੂੰ ਵੀ ਬਣਦਾ ਮਾਣ-ਸਨਮਾਨ ਨਹੀਂ ਮਿਲ ਸਕਿਆ। ਇਸ ਤੋਂ ਇਲਾਵਾ ਗੁਰਨਾਮ ਨਗਰ ਵਿਖੇ ਕਾਂਗਰਸ ਦਾ ਦਫ਼ਤਰ ਕਾਫ਼ੀ ਸਮੇਂ ਤੋਂ ਸੀਲ ਕੀਤਾ ਗਿਆ ਹੈ, ਜੋ ਅਫ਼ਸੋਸਨਾਕ ਹੈ। ਜ਼ਿਕਰਯੋਗ ਹੈ ਕਿ ਨੀਲਮ ਨੇ ਪਿਛਲੇ ਦਿਨੀਂ ਪ੍ਰੈੱਸ ਮਿਲਣੀ ਦੌਰਾਨ ਇਹ ਐਲਾਨ ਕੀਤਾ ਸੀ ਕਿ ਜੇਕਰ ਕੰਵਲਜੀਤ ਦੇ ਕਾਤਲ ਨਾ ਫਡ਼ੇ ਗਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਆਪਣਾ ਤਿਆਗ ਪੱਤਰ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਕਮੇਟੀ ਦੀ ਪ੍ਰਧਾਨ ਮਮਤਾ ਦੱਤਾ ਨੂੰ ਭੇਜਦਿਆਂ ਕਿਹਾ ਕਿ ਇਸ ਦਰਦਨਾਕ ਘਟਨਾ ਕਾਰਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਤੇ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਹੈ। ਨੇਤਾ ਜਨਤਾ ਲਈ ਹੁੰਦੇ ਹਨ, ਨਾ ਕਿ ਜਨਤਾ ਨੇਤਾਵਾਂ ਲਈ, ਜੇਕਰ ਮੇਰੇ ਇਲਾਕਾ ਨਿਵਾਸੀ ਹੀ ਪ੍ਰੇਸ਼ਾਨ ਰਹੇ ਤਾਂ ਅਹੁਦਿਆਂ ਨੂੰ ਕੀ ਕਰਨਾ, ਇਸ ਲਈ ਉਹ ਅੱਜ ਆਪਣੇ ਅਹੁਦੇ ਦਾ ਤਿਆਗ ਕਰ ਰਹੇ ਹਨ।

Related News