ਅੰਮ੍ਰਿਤਸਰ : ਪੁਲਸ ਹਿਰਾਸਤ ''ਚ ਨੌਜਵਾਨ ਦੀ ਮੌਤ

07/21/2019 12:29:04 PM

ਅੰਮ੍ਰਿਤਸਰ (ਅਨਿਲ) : ਥਾਣਾ ਰਾਮਬਾਗ ਅਧੀਨ ਪੈਂਦੀ ਪੁਲਸ ਚੌਕੀ ਬੱਸ ਸਟੈਂਡ ਵਿਖੇ ਇਕ ਹਵਾਲਾਤੀ ਦੀ ਭੇਤਭਰੇ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਜਿਥੇ ਉਕਤ ਨੌਜਵਾਨ ਵੱਲੋਂ ਫਾਹ ਲੈ ਕੇ ਹਵਾਲਾਤ 'ਚ ਖੁਦਕੁਸ਼ੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਵੱਲੋਂ ਕੀਤੇ ਗਏ ਥਰਡ ਡਿਗਰੀ ਟਾਰਚਰ ਦੌਰਾਨ ਉਨ੍ਹਾਂ ਦੇ ਪੁੱਤ ਦੀ ਮੌਤ ਹੋਣ ਦਾ ਦੋਸ਼ ਲਾਇਆ।

ਜਾਣਕਾਰੀ ਮੁਤਾਬਕ ਪਿਛਲੀ ਰਾਤ ਪੁਲਸ ਚੌਕੀ ਬੱਸ ਸਟੈਂਡ ਵਲੋਂ ਇਕ ਨੌਜਵਾਨ ਬਲਜਿੰਦਰ ਸਿੰਘ ਵਾਸੀ ਖਾਨੋਵਾਲ ਅਜਨਾਲਾ ਰੋਡ ਫਤਿਹਗੜ੍ਹ ਚੂੜੀਆਂ ਨੂੰ ਪੁਲਸ ਹਿਰਾਸਤ ਵਿਚ ਲਿਆ ਗਿਆ ਸੀ, ਜਿਸ ਦੀ ਗ੍ਰਿਫਤਾਰੀ ਸਬੰਧੀ ਪੁਲਸ ਨੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸੂਚਨਾ ਨਹੀਂ ਦਿੱਤੀ ਸੀ। ਪਿਛਲੀ ਦੇਰ ਰਾਤ ਹਿਰਾਸਤ ਵਿਚ ਲਏ ਗਏ ਉਕਤ ਮੁਲਜ਼ਮ ਦੀ ਕਿਨ੍ਹਾਂ ਹਾਲਾਤ ਵਿਚ ਮੌਤ ਹੋ ਗਈ, ਇਹ ਤਾਂ ਕਹਿਣਾ ਮੁਸ਼ਕਿਲ ਹੈ ਪਰ ਪੁਲਸ ਸੂਤਰਾਂ ਵਲੋਂ ਹਿਰਾਸਤ ਵਿਚ ਲਏ ਗਏ ਮੁਲਜ਼ਮ ਵੱਲੋਂ ਫਾਹਾ ਲਾ ਕੇ ਆਪਣੀ ਜੀਵਨ-ਲੀਲਾ ਖ਼ਤਮ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਨੌਜਵਾਨ ਦੀ ਮਾਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਵਲੋਂ ਪੁਲਸ ਵਲੋਂ ਕੀਤੇ ਜਾਣ ਵਾਲੇ ਥਰਡ ਡਿਗਰੀ ਟਾਰਚਰ ਦੌਰਾਨ ਉਸ ਦੇ ਪੁੱਤਰ ਦੀ ਮੌਤ ਹੋ ਜਾਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਸਬੰਧੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਰਾਮਬਾਗ ਨੇੜੇ ਰੋਸ ਪ੍ਰਦਰਸ਼ਨ ਵੀ ਕੀਤਾ।

ਪਰਿਵਾਰਕ ਮੈਂਬਰਾਂ ਨੇ ਪੁਲਸ 'ਤੇ ਥਰਡ ਡਿਗਰੀ ਟਾਰਚਰ ਦਾ ਲਾਇਆ ਦੋਸ਼
ਥਾਣਾ ਰਾਮਬਾਗ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਪੁਲਸ ਵਲੋਂ ਕੀਤੇ ਗਏ ਥਰਡ ਡਿਗਰੀ ਟਾਰਚਰ ਤੋਂ ਬਾਅਦ ਹੀ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਮ੍ਰਿਤਕ ਬਲਵਿੰਦਰ ਸਿੰਘ ਦੀ ਮਾਤਾ ਰਜਿੰਦਰ ਕੌਰ ਦਾ ਕਹਿਣਾ ਸੀ ਕਿ ਉਸ ਦਾ ਲੜਕਾ ਜੋ ਕਿ 2 ਭੈਣਾਂ ਦਾ ਇਕੱਲਾ ਭਰਾ ਸੀ, ਲੱਕੜੀ ਦੀ ਮਿਸਤਰੀ ਸੀ। ਉਸ ਦਾ ਪੁੱਤਰ 18 ਜੁਲਾਈ ਨੂੰ ਕੰਮ ਦੀ ਭਾਲ ਵਿਚ ਸ਼ਹਿਰ ਆਇਆ ਸੀ, ਜੋ ਸਮੇਂ 'ਤੇ ਘਰ ਨਹੀਂ ਪੁੱਜਾ। ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ 'ਤੇ ਉਸ ਦੀ ਭਾਲ ਕੀਤੀ ਪਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਮਿਲੀ। ਬਲਵਿੰਦਰ ਸਿੰਘ ਜਦੋਂ ਛੋਟਾ ਸੀ ਤਾਂ ਉਸ ਦੇ ਪਿਤਾ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦਾ ਫੋਨ ਵੀ ਬੰਦ ਆ ਰਿਹਾ ਸੀ ਪਰ ਅੱਜ ਸਵੇਰੇ ਅਚਾਨਕ ਚੌਕੀ ਬੱਸ ਸਟੈਂਡ ਦੀ ਪੁਲਸ ਨੇ ਪਿੰਡ ਦੇ ਸਰਪੰਚ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਲੜਕੇ ਨੇ ਜੋ ਪੁਲਸ ਬੱਸ ਸਟੈਂਡ ਦੀ ਚੌਕੀ ਨੇ ਸਨੈਚਿੰਗ ਦੇ ਕੇਸ ਵਿਚ ਫੜਿਆ ਸੀ, ਪੁਲਸ ਚੌਕੀ ਦੇ ਅੰਦਰ ਫਾਹ ਲਾ ਕੇ ਆਤਮਹੱਤਿਆ ਕਰ ਲਈ ਹੈ।

ਪੁਲਸ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਬਲਵਿੰਦਰ ਸਿੰਘ ਨੂੰ ਹਿਰਾਸਤ 'ਚ ਲੈਣ ਦੀ ਕੋਈ ਸੂਚਨਾ ਨਹੀਂ ਦਿੱਤੀ ਗਈ, ਜਦੋਂ ਕਿ ਉਨ੍ਹਾਂ ਦੇ ਬੇਟੇ ਨੂੰ 18 ਜੁਲਾਈ ਨੂੰ ਹੀ ਹਿਰਾਸਤ ਵਿਚ ਲਿਆ ਗਿਆ ਸੀ। ਬਲਵਿੰਦਰ ਦੀ ਮਾਤਾ ਨੇ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਬੇਟੇ ਨੇ ਕਿਹੜਾ ਅਜਿਹਾ ਜੁਰਮ ਕੀਤਾ ਸੀ ਕਿ ਪੁਲਸ ਨੇ ਥਰਡ ਡਿਗਰੀ ਟਾਰਚਰ ਕਰ ਕੇ ਉਸ ਦੀ ਜਾਨ ਲੈ ਲਈ, ਉਹ ਪੰਜਾਬ ਸਰਕਾਰ ਤੋਂ ਆਪਣੇ ਬੇਟੇ ਦੀ ਜਾਨ ਦੇ ਮਾਮਲੇ ਵਿਚ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰੇਗੀ।

Baljeet Kaur

This news is Content Editor Baljeet Kaur