ਕੇਂਦਰੀ ਗ੍ਰਹਿ ਮੰਤਰਾਲੇ ਨੇ ਸੈਨਾ ਦੇ ਟਿਕਾਣਿਆਂ ''ਤੇ ਜਾਰੀ ਕੀਤਾ ਅੱਤਵਾਦੀ ਹਮਲੇ ਦਾ ਅਲਰਟ

11/06/2019 10:23:29 AM

ਅੰਮ੍ਰਿਤਸਰ (ਨੀਰਜ) : ਪਠਾਨਕੋਟ ਏਅਰਬੇਸ ਅਤੇ ਗੁਰਦਾਸਪੁਰ 'ਚ ਲਗਾਤਾਰ 2 ਵਾਰ ਹੋ ਚੁੱਕੇ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ 'ਚ ਸੈਨਾ ਦੇ ਟਿਕਾਣਿਆਂ 'ਤੇ ਤੀਸਰੇ ਹਮਲੇ ਦਾ ਅਲਰਟ ਜਾਰੀ ਕੀਤਾ ਹੋਇਆ ਹੈ। ਉਥੇ ਹੀ ਅੰਮ੍ਰਿਤਸਰ 'ਚ ਸੈਨਾ ਦੇ ਜੀ. ਜੀ. ਫੋਰਟ ਦੇ ਬਾਹਰ ਸੁਰੱਖਿਆ 'ਚ ਭਾਰੀ ਲਾਪ੍ਰਵਾਹੀ ਦੇਖਣ ਨੂੰ ਮਿਲ ਰਹੀ ਹੈ। ਜਾਣਕਾਰੀ ਅਨੁਸਾਰ ਜੀ. ਜੀ. ਫੋਰਟ (ਕਿਲਾ ਗੋਬਿੰਦਗੜ੍ਹ) ਦੇ ਸਾਹਮਣੇ 20 ਮੀਟਰ ਦੀ ਦੂਰੀ 'ਤੇ ਦਰਜਨਾਂ ਬੰਗਲਾਦੇਸ਼ੀ ਭਿਖਾਰੀਆਂ ਨੇ ਸੜਕ ਕੰਢੇ ਇਕ ਝੁੱਗੀ-ਝੌਂਪੜੀ ਬਸਤੀ ਬਣਾ ਰੱਖੀ ਹੈ, ਜੋ ਸੁਰੱਖਿਆ ਦੇ ਲਿਹਾਜ਼ ਤੋਂ ਨਾ ਸਿਰਫ ਸੈਨਾ ਸਗੋਂ ਪ੍ਰਸ਼ਾਸਨ ਲਈ ਵੀ ਖਤਰਨਾਕ ਸਾਬਿਤ ਹੋ ਸਕਦੀ ਹੈ। ਉਂਝ ਵੀ ਸੈਨਾ ਦੇ ਟਿਕਾਣਿਆਂ ਦੇ ਆਸ-ਪਾਸ ਕਿਸੇ ਤਰ੍ਹਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ, ਨਾ ਹੀ ਕੋਈ ਗੈਰ-ਕਾਨੂੰਨੀ ਉਸਾਰੀ ਕੀਤੀ ਜਾ ਸਕਦੀ ਹੈ ਪਰ ਇਥੇ ਇਕ ਪੂਰੀ ਦੀ ਪੂਰੀ ਬਸਤੀ ਬਣਾ ਦਿੱਤੀ ਗਈ ਹੈ।

ਇਨ੍ਹਾਂ ਬੰਗਲਾਦੇਸ਼ੀਆਂ ਕੋਲ ਕਿਸੇ ਤਰ੍ਹਾਂ ਦਾ ਪਛਾਣ-ਪੱਤਰ ਨਹੀਂ ਹੈ। ਇਹ ਲੋਕ ਅੰਮ੍ਰਿਤਸਰ 'ਚ ਕਿਥੋਂ ਆਏ, ਕਿਸ ਤਰ੍ਹਾਂ ਆਏ ਅਤੇ ਕਿਸ ਦੀ ਸ਼ਹਿ 'ਤੇ ਸੈਨਾ ਦੇ ਕਿਲਾ ਗੋਬਿੰਦਗੜ੍ਹ ਦੇ ਬਾਹਰ ਝੁੱਗੀ-ਝੌਂਪੜੀਆਂ ਬਣਾ ਕੇ ਬੈਠੇ ਹੋਏ ਹਨ? ਇਸ ਦਾ ਕਿਸੇ ਕੋਲ ਜਵਾਬ ਨਹੀਂ ਹੈ। ਇੰਨਾ ਹੀ ਨਹੀਂ, ਸੈਨਾ ਵਲੋਂ ਵੀ ਇਸ ਤਰ੍ਹਾਂ ਗ਼ੈਰ-ਕਾਨੂੰਨੀ ਝੁੱਗੀ-ਝੌਂਪੜੀਆਂ ਦਾ ਵਿਰੋਧ ਕਿਉਂ ਨਹੀਂ ਕੀਤਾ ਜਾ ਰਿਹਾ। ਇਹ ਵੀ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਬੰਗਲਾਦੇਸ਼ੀ ਭਿਖਾਰੀਆਂ ਦੀ ਗੱਲ ਕਰੀਏ ਤਾਂ ਕਈ ਵਾਰ ਸੈਨਾ ਦੇ ਟਿਕਾਣਿਆਂ ਦੇ ਆਲੇ-ਦੁਆਲੇ ਭੀਖ ਮੰਗਣ ਵਾਲੇ ਮੰਗਤੇ ਸੈਨਾ ਦੀ ਜਾਸੂਸੀ ਕਰਦੇ ਫੜੇ ਜਾ ਚੁੱਕੇ ਹਨ।

ਪ੍ਰਸ਼ਾਸਨ ਨੇ ਬੇਸਹਾਰਾ ਅਤੇ ਭਿਖਾਰੀਆਂ ਲਈ ਬਣਾ ਰੱਖਿਆ ਹੈ ਰੈਣ ਬਸੇਰਾ
ਬੇਸਹਾਰਾ ਲੋਕਾਂ ਅਤੇ ਭਿਖਾਰੀਆਂ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਰੈਣ ਬਸੇਰਾ ਯੋਜਨਾ ਚਲਾਈ ਜਾ ਰਹੀ ਹੈ, ਜਿਥੇ ਰਹਿਣ ਵਾਲੇ ਭਿਖਾਰੀਆਂ ਅਤੇ ਬੇਸਹਾਰਾ ਲੋਕਾਂ ਨੂੰ ਫ੍ਰੀ 'ਚ ਖਾਣ-ਪੀਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਰੈੱਡ ਕਰਾਸ ਸੋਸਾਇਟੀ ਵੱਲੋਂ ਇਨ੍ਹਾਂ ਲੋਕਾਂ ਨੂੰ ਫ੍ਰੀ ਦਵਾਈਆਂ ਅਤੇ ਹੋਰ ਸਹਲੂਤਾਂ ਦਿੱਤੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਇਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕਰਵਾਏ ਜਾ ਰਹੇ ਹਨ। ਇਸ ਸਭ ਦੇ ਬਾਵਜੂਦ ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਝੁੱਗੀ-ਝੌਂਪੜੀਆਂ 'ਚ ਰਹਿਣ ਵਾਲੇ ਮੰਗਤੇ ਪ੍ਰਸ਼ਾਸਨ ਦੇ ਰੈਣ ਬਸੇਰੇ ਵਿਚ ਕਿਉਂ ਨਹੀਂ ਜਾ ਰਹੇ, ਇਹ ਇਕ ਵੱਡਾ ਸਵਾਲ ਹੈ।

ਭੀਖ ਮੰਗਣ 'ਤੇ ਪ੍ਰਸ਼ਾਸਨ ਵਲੋਂ ਪਾਬੰਦੀ
ਗੁਰੂ ਕੀ ਨਗਰੀ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਰੋਜ਼ਾਨਾ 1 ਲੱਖ ਤੋਂ ਵੱਧ ਸ਼ਰਧਾਲੂ ਆ ਰਹੇ ਹਨ। ਕਈ ਵਾਰ ਤਾਂ ਇਹ ਗਿਣਤੀ 2 ਲੱਖ ਤੱਕ ਪਹੁੰਚ ਜਾਂਦੀ ਹੈ। ਅਜਿਹੇ 'ਚ ਭੀਖ ਮੰਗਣ ਵਾਲੇ ਮੰਗਤੇ ਦੇਸ਼-ਵਿਦੇਸ਼ ਤੋਂ ਆਏ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਕਰਦੇ ਹਨ, ਜਿਸ ਨਾਲ ਪ੍ਰਸ਼ਾਸਨ ਦਾ ਵੀ ਅਕਸ ਖ਼ਰਾਬ ਹੁੰਦਾ ਹੈ। ਅਜਿਹੇ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਨੇ ਭੀਖ ਮੰਗਣ 'ਤੇ ਪਾਬੰਦੀ ਲਾ ਰੱਖੀ ਹੈ ਪਰ ਕਿਲਾ ਗੋਬਿੰਦਗੜ੍ਹ ਦੇ ਸਾਹਮਣੇ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕਰ ਕੇ ਬੈਠੇ ਮੰਗਤੇ ਪ੍ਰਸ਼ਾਸਨ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਟਿਸ ਮੇਹਰ ਚੰਦ ਮਹਾਜਨ ਫਾਊਂਡੇਸ਼ਨ ਦੇ ਪ੍ਰਧਾਨ ਸੰਜੇ ਸਾਗਰ ਗੁਪਤਾ ਨੇ ਦੱਸਿਆ ਕਿ ਸੈਨਾ ਦੇ ਇਕ ਟਿਕਾਣੇ ਦੇ ਸਾਹਮਣੇ ਬੰਗਲਾਦੇਸ਼ੀ ਭਿਖਾਰੀਆਂ ਵਲੋਂ ਨਾਜਾਇਜ਼ ਕਬਜ਼ਿਆਂ ਨਾਲ ਝੁੱਗੀ-ਝੌਂਪੜੀ ਬਸਤੀ ਦੀ ਉਸਾਰੀ ਕਰ ਲੈਣਾ ਪ੍ਰਸ਼ਾਸਨ ਅਤੇ ਪੁਲਸ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਇਹ ਮੰਗਤੇ ਨਾ ਸਿਰਫ ਸੈਨਾ ਸਗੋਂ ਮਹਾਨਗਰ ਦੀ ਸੁਰੱਖਿਆ ਲਈ ਵੀ ਖਤਰਨਾਕ ਸਾਬਿਤ ਹੋ ਸਕਦੇ ਹਨ। ਇਸ ਲਈ ਪ੍ਰਸ਼ਾਸਨ ਨੂੰ ਇਨ੍ਹਾਂ ਭਿਖਾਰੀਆਂ ਦੇ ਨਾਜਾਇਜ਼ ਕਬਜ਼ੇ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ।

Baljeet Kaur

This news is Content Editor Baljeet Kaur