ਆਸਥਾ, ਸ਼ਰਧਾ ਦਾ ਪ੍ਰਤੀਕ ਹਨ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਿੰਨ ਬੇਰੀਆਂ

01/26/2020 10:29:26 AM

ਅੰਮ੍ਰਿਤਸਰ (ਦੀਪਕ) : ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਸੁਸ਼ੋਭਿਤ ਤਿੰਨ ਪੁਰਾਤਨ ਬੇਰੀਆਂ-ਦੁਖ ਭੰਜਨੀ ਬੇਰੀ, ਲਾਚੀ ਬੇਰੀ ਅਤੇ ਬੇਰ ਬੁੱਢਾ ਜੀ ਦਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਇਤਿਹਾਸਕ ਮਹੱਤਵ ਹੈ। ਇਨ੍ਹਾਂ ਬੇਰੀਆਂ ਨੂੰ ਸਿੱਖ ਗੁਰੂ ਸਾਹਿਬਾਨ ਅਤੇ ਗੁਰੂ ਘਰ ਦੇ ਅਨਿਨ ਸ਼ਰਧਾਲੂ ਸਿੱਖਾਂ ਦੀ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ। ਲਗਭਗ ਚਾਰ ਸੌ ਸਾਲ ਤੋਂ ਵੱਧ ਸਮੇਂ ਤੋਂ ਖੜ੍ਹੀਆਂ ਇਹ ਬੇਰੀਆਂ ਜਿੱਥੇ ਸਿੱਖ ਗੁਰੂ ਕਾਲ ਅਤੇ ਉਸ ਤੋਂ ਬਾਅਦ ਦੇ ਸਮੇਂ ਸਿੱਖਾਂ ਨਾਲ ਵਾਪਰੀਆਂ ਅਨੇਕਾਂ ਘਟਨਾਵਾਂ ਦੀ ਗਵਾਹੀ ਭਰਦੀਆਂ ਹਨ, ਉੱਥੇ ਹੀ ਇਨ੍ਹਾਂ ਬੇਰੀਆਂ ਦੀ ਹੋਂਦ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਦੇ ਕਈ ਪਹਿਲੂਆਂ ਨੂੰ ਜਨਮ ਦਿੱਤਾ ਹੈ। ਇਨ੍ਹਾਂ ਤਿੰਨਾਂ ਬੇਰੀਆਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ ਜੋ ਕਿ ਇਨ੍ਹਾਂ ਦੀ ਇਤਿਹਾਸਕ ਮਹੱਤਤਾ ਕਰ ਕੇ ਪੁਰਾਤਨ ਸਮੇਂ ਤੋਂ ਚੱਲਦੇ ਆ ਰਹੇ ਹਨ।

ਦੁਖ ਭੰਜਨੀ ਬੇਰੀ: ਇਤਿਹਾਸਕ ਸ੍ਰੋਤਾਂ ਅਨੁਸਾਰ ਇਸ ਬੇਰੀ ਥੱਲੇ ਇਕ ਛੋਟਾ ਜਿਹਾ ਪਾਣੀ ਦਾ ਟੋਭਾ ਹੁੰਦਾ ਸੀ। ਇਸ ਅਸਥਾਨ ਤੋਂ ਹੀ ਗੁਰੂ ਅਮਰਦਾਸ ਜੀ ਨੇ ਅੰਮ੍ਰਤੀ ਨਾਂ ਦੀ ਬੂਟੀ ਲੱਭ ਕੇ ਗੁਰੂ ਅੰਗਦ ਦੇਵ ਜੀ ਦੇ ਅੰਗੂਠੇ ਦੇ ਦਰਦ ਦਾ ਇਲਾਜ ਕੀਤਾ ਸੀ। ਇਹ ਅਸਥਾਨ ਹੁਣ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸਰੋਵਰ ਦੇ ਚੜ੍ਹਦੇ ਪਾਸੇ ਭਾਵ ਪੂਰਬੀ ਬਾਹੀ ਵੱਲ ਸਥਿਤ ਹੈ। ਇਥੇ ਸੰਮਤ 1637 ਸੰਨ 1580 ਵਿਚ ਕਸਬਾ ਪੱਟੀ ਦੇ ਇਕ ਸ਼ਾਹੂਕਾਰ ਦੂਨੀ ਚੰਦ ਦੀ ਧੀ ਦਾ ਕੁਸ਼ਟੀ ਪਤੀ ਇਸ਼ਨਾਨ ਕਰ ਕੇ ਠੀਕ ਹੋ ਗਿਆ ਸੀ। ਇਸ ਤਹਿਤ ਗੁਰੂ ਰਾਮਦਾਸ ਜੀ ਨੇ ਇਸ ਟੋਭੇ ਦੇ ਕੰਢੇ ਉੱਗੀ ਬੇਰੀ ਨੂੰ 'ਦੁਖ ਭੰਜਨੀ ਬੇਰੀ' ਦਾ ਨਾਂ ਦੇ ਦਿੱਤਾ। ਉਸ ਸਮੇਂ ਚੌਥੇ ਗੁਰੂ ਰਾਮਦਾਸ ਜੀ ਸ੍ਰੀ ਅੰਮ੍ਰਿਤਸਰ ਵਿਚ 'ਸੰਤੋਖਸਰ' ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ। ਉਨ੍ਹਾਂ ਨੇ ਇਸ ਟੋਭੇ ਵਾਲੀ ਥਾਂ ਤੋਂ ਹੀ ਅੰਮ੍ਰਿਤ-ਸਰੋਵਰ ਦਾ ਟੱਕ ਲਾਇਆ ਸੀ। ਇਸ ਅਸਥਾਨ 'ਤੇ ਖੱਬੇ ਹੱਥ ਦੱਖਣ ਵੱਲ ਇਕ ਥੜ੍ਹਾ ਹੈ ਜਿਸ ਉੱਪਰ ਪਹਿਲਾਂ ਗੁਰੂ ਰਾਮਦਾਸ ਜੀ ਅਤੇ ਬਾਅਦ ਵਿਚ ਪੰਜਵੇਂ ਗੁਰੂ ਅਰਜਨ ਦੇਵ ਜੀ ਬੈਠਦੇ ਸਨ।

ਇਤਿਹਾਸਕ ਸ੍ਰੋਤਾਂ ਅਨੁਸਾਰ ਭਾਈ ਜੱਸਾ ਸਿੰਘ ਗ੍ਰੰਥੀ ਅਤੇ ਭਾਗ ਸਿੰਘ ਮੁਤੱਸਦੀ ਨੇ ਥੜ੍ਹੇ ਉੱਪਰ ਇਕ ਬੁੰਗਾ ਬਣਵਾਇਆ, ਜਿਸ ਨੂੰ 1888 ਬਿ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਚਾਰ ਹਜ਼ਾਰ ਰੁਪਏ ਖਰਚ ਕੇ ਸੁਨਹਿਰੀ ਕਰਵਾਇਆ। ਇਸ ਬੁੰਗੇ ਦੀ ਇਮਾਰਤ ਪੁਰਾਣੀ ਅਤੇ ਖਸਤਾ ਹੋਣ ਕਰ ਕੇ 1962-63 ਈਸਵੀ ਵਿਚ ਢਾਹ ਕੇ ਉਸ ਦੀ ਥਾਂ ਨਵੀਂ ਸੰਗਮਰਮਰ ਦੀ ਇਮਾਰਤ ਬਣਾਈ ਗਈ, ਜਿਸ ਦਾ ਸਾਰਾ ਖਰਚਾ ਗੁਰੂ ਘਰ ਦੇ ਇਕ ਸੇਵਕ ਸ. ਮੇਹਰ ਸਿੰਘ (ਚੱਢਾ) ਪਰਿਵਾਰ ਬੰਬਈ ਵਾਲਿਆਂ ਨੇ ਕੀਤਾ। ਇਹ ਜਗ੍ਹਾ ਗੁਰਦੁਆਰਾ 'ਦੁਖ ਭੰਜਨੀ ਬੇਰੀ' ਕਰ ਕੇ ਪ੍ਰਸਿੱਧ ਹੈ, ਇਥੇ ਦੋ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨਿਰੰਤਰ ਚੱਲਦੇ ਰਹਿੰਦੇ ਹਨ। ਵਰਤਮਾਨ ਸਮੇਂ ਇੱਥੇ ਦਰਸ਼ਨ-ਇਸ਼ਨਾਨ ਕਰਨ ਆਏ ਲੱਖਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਕਰਦੇ ਹਨ।

ਲਾਚੀ ਬੇਰੀ : ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਨਾਲ ਦੱਖਣ ਵਾਲੇ ਪਾਸੇ ਲਾਚੀ ਬੇਰੀ ਸਥਿਤ ਹੈ। ਇਸ ਬੇਰੀ ਨੂੰ ਇਲਾਇਚੀਆਂ ਵਰਗੇ ਬੇਰ ਲੱਗਦੇ ਸਨ, ਜਿਸ ਕਾਰਣ ਗੁਰੂ ਅਰਜਨ ਦੇਵ ਜੀ ਨੇ ਇਸ ਬੇਰੀ ਦਾ ਨਾਂ 'ਲਾਚੀ ਬੇਰੀ' ਰੱਖ ਦਿੱਤਾ। ਇਸ ਬੇਰੀ ਹੇਠਾਂ ਬੈਠ ਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤ-ਸਰੋਵਰ ਦੀ ਕਾਰ-ਸੇਵਾ ਕਰਵਾਉਂਦੇ ਹੁੰਦੇ ਸਨ। ਇਸ ਤੋਂ ਇਲਾਵਾ ਗੁਰੂ ਘਰ ਦੇ ਪਰਮ ਸੇਵਕ ਭਾਈ ਸਾਲ੍ਹੋ ਜੀ ਵੀ ਇਸੇ ਅਸਥਾਨ 'ਤੇ ਬੈਠ ਕੇ ਕਾਰ-ਸੇਵਾ ਦੀ ਨਿਗਰਾਨੀ ਕਰਦੇ ਸਨ। ਸੰਮਤ 1797 (ਸੰਨ 1740) ਵਿਚ ਮੱਸਾ ਰੰਗੜ ਜੋ ਕਿ ਮੁਗ਼ਲ ਹਾਕਮ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ, ਦਾ ਸਿਰ ਵੱਢਣ ਆਏ ਦੋ ਸਿੱਖ ਸੂਰਮੇ ਭਾਈ ਮਹਿਤਾਬ ਸਿੰਘ ਮੀਰਾਂਕੋਟ ਅਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਬੀਕਾਨੇਰ ਤੋਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਵਿਚ ਜਾਣ ਤੋਂ ਪਹਿਲਾਂ ਆਪਣੇ ਘੋੜੇ ਇਸ ਬੇਰੀ ਨਾਲ ਬੰਨ੍ਹੇ ਸਨ ਅਤੇ ਮੱਸੇ ਦਾ ਸਿਰ ਵੱਢ ਕੇ ਲਿਆਉਣ ਤੋਂ ਬਾਅਦ ਇਸ ਅਸਥਾਨ ਤੋਂ ਆਪਣੇ ਘੋੜਿਆਂ ਉੱਤੇ ਸਵਾਰ ਹੋ ਕੇ ਵਾਪਸ ਹਰਨ ਹੋ ਗਏ ਸਨ। ਇਹ ਅਸਥਾਨ ਆਪਣੇ ਇਸ ਇਤਿਹਾਸ ਕਾਰਨ ਕਰ ਕੇ ਵੀ ਸਿੱਖ ਕੌਮ ਲਈ ਗੌਰਵ ਭਰਿਆ ਹੈ। ਇਸ ਨਾਲ ਧਾਰਮਿਕਤਾ ਅਤੇ ਸੂਰਬੀਰਤਾ ਦੋਵੇਂ ਜੁੜੀਆਂ ਹੋਈਆਂ ਹਨ। ਇਸ ਬੇਰੀ ਦੇ ਹੇਠਾਂ ਇਕ ਛੋਟਾ ਜਿਹਾ ਗੁਰਦੁਆਰਾ ਸੰਮਤ 1904 ਬਿ. ਵਿਚ ਸਰਦਾਰ ਹੀਰਾ ਸਿੰਘ ਪਸੌਰੀਏ ਨੇ ਤਿਆਰ ਕਰਵਾਇਆ ਸੀ ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਲੜੀ ਚੱਲਦੀ ਹੈ। ਪੁਰਾਤਨ ਸਮੇਂ ਇਸ ਦੇ ਪਿਛਲੇ ਪਾਸੇ ਇਕ ਪੋਣਾ ਸੀ ਪਰ ਬਾਅਦ ਵਿਚ ਇਹ ਜਗ੍ਹਾ ਸੰਗਤਾਂ ਦੀ ਸਹੂਲਤ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਨਾਲ ਮਿਲਾ ਦਿੱਤੀ ਗਈ।

ਬੇਰ ਬਾਬਾ ਬੁੱਢਾ ਜੀ : ਅੰਮ੍ਰਿਤ-ਸਰੋਵਰ ਦੀ ਉੱਤਰੀ ਬਾਹੀ ਦੀ ਪਰਿਕਰਮਾ ਵਿਚ ਬੇਰ ਬਾਬਾ ਬੁੱਢਾ ਜੀ ਸਥਿਤ ਹੈ, ਜੋ ਕਾਫੀ ਬਿਰਧ ਹੈ। ਇਸ ਬੇਰੀ ਹੇਠਾਂ ਬ੍ਰਹਮ ਗਿਆਨੀ ਤੇ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਜੀ ਬਿਰਾਜਮਾਨ ਹੁੰਦੇ ਸਨ ਅਤੇ ਅੰਮ੍ਰਿਤ-ਸਰੋਵਰ ਦੀ ਕਾਰ ਸੇਵਾ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਕਰਦੇ ਸਨ। ਇਸ ਅਸਥਾਨ ਤੋਂ ਬਾਬਾ ਬੁੱਢਾ ਜੀ ਹਰ ਰੋਜ਼ ਸੰਗਤਾਂ ਨੂੰ ਕਹੀਆਂ-ਟੋਕਰੀਆਂ ਆਦਿ ਲੋੜੀਂਦਾ ਸਾਮਾਨ ਵੰਡਦੇ ਅਤੇ ਸ਼ਾਮ ਨੂੰ ਇਸੇ ਥਾਂ 'ਤੇ ਰਾਜ ਮਿਸਤਰੀਆਂ ਅਤੇ ਮਜ਼ਦੂਰਾਂ ਨੂੰ ਤਨਖਾਹਾਂ ਵੀ ਵੰਡਦੇ ਹੁੰਦੇ ਸਨ। ਚਾਰ ਸੌ ਸਾਲ ਤੋਂ ਵੱਧ ਸਮੇਂ ਤੋਂ ਖੜ੍ਹੀ ਇਸ ਬੇਰੀ ਨੂੰ ਲੋਹੇ ਦੇ ਗਾਰਡਰਾਂ ਦਾ ਆਸਰਾ ਦੇ ਕੇ ਅਤੇ ਮੁੱਢ ਦੇ ਚੁਫੇਰੇ ਸੁੰਦਰ ਚਿੱਟੇ ਸੰਗਮਰਮਰ ਦਾ ਥੜ੍ਹਾ ਬਣਾ ਕੇ ਇਸ ਦੇ ਆਲੇ-ਦੁਆਲੇ ਜਾਲੀ ਲਾ ਕੇ ਇਸ ਨੂੰ ਸੁਰੱਖਿਅਤ ਕੀਤਾ ਗਿਆ ਹੈ। ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰ ਰਿਹਾ ਹਰ ਸ਼ਰਧਾਲੂ ਇਸ ਬੇਰੀ ਪ੍ਰਤੀ ਆਪਣੀ ਸ਼ਰਧਾ ਭੇਟ ਕਰ ਕੇ ਅੱਗੇ ਲੰਘਦਾ ਹੈ। ਵਰਤਮਾਨ ਸਮੇਂ ਇਨ੍ਹਾਂ ਬੇਰੀਆਂ ਦੀ ਸਾਂਭ-ਸੰਭਾਲ, ਕਾਂਟ-ਛਾਂਟ, ਖਾਦ ਆਦਿ ਪਾਉਣ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਕਰਵਾਇਆ ਜਾ ਰਿਹਾ ਹੈ ਤਾਂ ਕਿ ਇਹ ਇਤਿਹਾਸਕ ਬੇਰੀਆਂ ਮਹਿਫੂਜ਼ ਰਹਿ ਸਕਣ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਇਨ੍ਹਾਂ ਬੇਰੀਆਂ 'ਤੇ ਵੱਡੀ ਗਿਣਤੀ ਵਿਚ ਮੁੜ ਬੇਰ ਲੱਗ ਰਹੇ ਹਨ।

ਇਨ੍ਹਾਂ ਬੇਰੀਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਿਰਾਂ ਨੇ ਸਾਨੂੰ ਜੋ ਹਦਾਇਤਾਂ ਦਿੱਤੀਆਂ ਹਨ, ਉਸ ਮੁਤਾਬਿਕ ਹੀ ਇਨ੍ਹਾਂ ਬੇਰੀਆਂ ਦੀ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਬੀਤੇ ਸਮੇਂ ਕੁਝ ਬੇਰੀਆਂ ਮੁਰਝਾਅ ਗਈਆਂ ਸਨ ਪਰ ਮਾਹਿਰਾਂ ਦੀ ਮਿਹਨਤ ਤੇ ਤਕਨੀਕ ਨੂੰ ਲਾਗੂ ਕਰ ਕੇ ਇਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਸਤਿਗੁਰੂ ਦੀ ਕ੍ਰਿਪਾ ਨਾਲ ਇਨ੍ਹਾਂ ਬੇਰੀਆਂ ਨੂੰ ਭਰਪੂਰ ਫਲ ਲਗਦੇ ਹਨ। ਲਗਾਤਾਰ ਮਾਹਿਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਰਹਿੰਦੇ ਹਨ। ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਇਨ੍ਹਾਂ ਬੇਰੀਆਂ ਦੀ ਸਾਂਭ-ਸੰਭਾਲ ਜਿੱਥੇ ਧਰਮ ਅਤੇ ਇਤਿਹਾਸ ਪ੍ਰਤੀ ਆਸਥਾ ਦਰਸਾਉਂਦੀ ਹੈ ਉੱਥੇ ਧਰਤੀ 'ਤੇ ਰਹਿਣ ਵਾਲੇ ਹਰ ਪ੍ਰਾਣੀ ਮਾਤਰ ਨੂੰ ਰੁੱਖਾਂ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਕਰਨ ਦਾ ਅਮਨੀ ਕਾਰਜ ਅਤੇ ਸੰਦੇਸ਼ ਵੀ ਦਿੰਦੀ ਹੈ। ਇਸ ਦੇ ਵਿਚ ਕੋਈ ਸ਼ੱਕ ਨਹੀਂ ਕਿ ਸੰਗਤ ਦੀ ਆਸਥਾ ਇਨ੍ਹਾਂ ਬੇਰੀਆਂ ਨਾਲ ਜੁੜੀ ਹੋਈ ਹੈ। ਖਾਸ ਕਰ ਕੇ ਦੁਖ ਭੰਜਨੀ ਬੇਰੀ ਹਰ ਦੁੱਖ ਦੀ ਨਿਵਾਰਨ ਹੈ ਤੇ ਇਥੇ ਸੰਗਤਾਂ ਇਸ਼ਨਾਨ ਕਰ ਕੇ ਆਪਣੇ ਅਸ਼ੀਰਵਾਦ ਵੀ ਲੈਂਦੀਆਂ ਹਨ। ਦੇਖਿਆ ਜਾਵੇ ਇਨ੍ਹਾਂ ਧਾਰਮਿਕ ਬੇਰੀਆਂ ਤੋਂ ਇਲਾਵਾ ਅੱਜ ਬਦਲੇ ਸਮੇਂ ਵਿਚ ਬੇਰੀਆਂ ਘੱਟ ਹੀ ਮਿਲਦੀਆਂ ਹਨ। ਕੋਈ ਸਮਾਂ ਸੀ ਭਗਵਾਨ ਰਾਮ ਲਈ ਭੀਲਣੀ ਬੇਰ ਇਕ ਤੋਹਫੇ ਦੇ ਤੌਰ 'ਤੇ ਲੈ ਕੇ ਆਏ ਸੀ। ਇਹ ਗੱਲ ਹੁਣ ਇਤਿਹਾਸ ਵਿਚ ਸਿਮਟ ਕੇ ਰਹਿ ਗਈ ਹੈ।

cherry

This news is Content Editor cherry