ਅੰਮ੍ਰਿਤ ਵੇਲੇ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਾਮੁ ਬਾਣੀ ਨਾਲ ਜੁੜੀਆਂ

06/20/2020 11:42:23 AM

ਅੰਮ੍ਰਿਤਸਰ (ਅਨਜਾਣ) : ਸਵੇਰੇ ਅੰਮ੍ਰਿਤ ਵੇਲੇ ਤੋਂ ਕਿਵਾੜ ਖੁੱਲ੍ਹਦਿਆਂ ਸਰਬੱਤ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਾਮੁ ਬਾਣੀ ਨਾਲ ਜੁੜੀਆਂ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫੁੱਲਾਂ ਨਾਲ ਸਜ਼ੀ ਸੁਨਹਿਰੀ ਪਾਲਕੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਜਿੱਥੇ ਸੰਗਤਾਂ ਨੇ ਵੱਖ-ਵੱਖ ਰਾਗੀ ਜਥਿਆਂ ਵਲੋਂ ਮਨੋਹਰ ਬਾਣੀ ਦੇ ਕੀਰਤਨ ਸਰਵਣ ਕੀਤੇ ਓਥੇ ਗੁਰਬਾਣੀ ਦਾ ਪਾਠ ਕੀਤਾ ਤੇ ਸਤਿਨਾਮੁ ਵਾਹਿਗੁਰੂ ਦਾ ਜਾਪੁ ਜਪਿਆ। ਸੰਗਤਾਂ ਨੇ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕੀਤਾ, ਜੋੜੇ ਘਰ ਵਿਖੇ ਸੇਵਾ ਕੀਤੀ, ਠੰਢੇ ਮਿੱਠੇ ਜਲ ਦੀ ਛਬੀਲ, ਪ੍ਰੀਕਰਮਾ ਦੇ ਇਸ਼ਨਾਨ ਦੀ ਸੇਵਾ ਤੇ ਲੰਗਰ ਹਾਲ ਵਿਖੇ ਸੇਵਾ ਕੀਤੀ। ਅੰਮ੍ਰਿਤ ਵੇਲੇ ਦੀ ਚੌਂਕੀ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਅਰਦਾਸ ਉਪਰੰਤ ਪ੍ਰੀਕਰਮਾ 'ਚ ਸ਼ਬਦ ਗਾਇਣ ਕੀਤੇ ਤੇ ਇਸ ਉਪਰੰਤ ਬਾਬਾ ਅਟੱਲ ਰਾਇ ਸਾਹਿਬ ਵਿਖੇ ਗੁਰੂ ਜਸ ਗਾਇਣ ਕੀਤਾ।

ਇਹ ਵੀ ਪੜ੍ਹੋਂ :ਪ੍ਰੇਮਿਕਾ ਦਾ ਕਾਰਾ, ਇਸ਼ਕ 'ਚ ਅੰਨ੍ਹੀ ਹੋਈ ਨੇ ਪ੍ਰੇਮੀ ਦੀ ਪਤਨੀ ਦੇ ਸਿਰ 'ਚ ਮਾਰਿਆ ਬਾਲਾ

ਟਿਕ-ਟਾਕ ਸਟਾਰ ਨੂਰ ਦੇ ਮਾਤਾ ਪਿਤਾ ਨੇ ਅੰਮ੍ਰਿਤ ਛਕਿਆ 
ਟਿਕ-ਟਾਕ ਸਟਾਰ ਨੂਰ ਤੇ ਜਸ਼ਨ ਦੇ ਪਿਤਾ ਸਤਨਾਮ ਸਿੰਘ ਤੇ ਮਾਤਾ ਜਗਵੀਰ ਕੌਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਬਾ ਜਗਦੀਸ਼ ਸਿੰਘ ਜੀ ਜਗਾਧਰੀ ਵਾਲਿਆਂ ਦੀ ਪ੍ਰੇਰਣਾ ਸਦਕਾ ਖੰਡੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣੇ। ਨੂਰ ਦੇ ਪਿਤਾ ਨੇ ਦੱਸਿਆ ਕਿ ਭਰ ਗਰੀਬੀ 'ਚ ਉਨ੍ਹਾਂ ਕੋਲ ਨਾ ਤਾਂ ਰਹਿਣ ਸਹਿਣ ਨੂੰ ਕੋਈ ਥਾਂ ਟਿਕਾਣਾ ਸੀ ਤੇ ਨਾ ਹੀ ਰੋਜ਼ੀ-ਰੋਟੀ ਲਈ ਕੋਈ ਚੰਗਾ ਸਾਧਨ ਸੀ। ਬਾਬਾ ਜਗਦੀਸ਼ ਸਿੰਘ ਜੀ ਵਲੋਂ ਉਨ੍ਹਾਂ ਦੇ ਰਹਿਣ ਲਈ ਘਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਸੰਤ ਮਹਾਂਪੁਰਸ਼ ਗਰੀਬ ਦੀ ਬਾਂਹ ਫੜ੍ਹਨ ਵਾਲੇ ਹੋ ਜਾਣ ਤੇ ਉਸ ਨੂੰ ਪ੍ਰੇਰ ਕੇ ਗੁਰੂ ਦੇ ਲੜ ਲਾ ਦੇਣ ਤਾਂ ਸੰਸਾਰ 'ਚੋਂ ਪਾਖੰਡਵਾਦ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਬਾਬਾ ਜਗਦੀਸ਼ ਸਿੰਘ ਜੀ ਦੀ ਪ੍ਰੇਰਣਾ ਸਦਕਾ ਦਸਵੇਂ ਪਾਤਸ਼ਾਹ ਵੱਲੋਂ ਜੋ ਸਿੱਖੀ ਸਾਨੂੰ ਬਖਸ਼ੀ ਗਈ ਹੈ ਉਸ ਨੂੰ ਕੇਸਾਂ ਸਵਾਸਾਂ ਸੰਗ ਨਿਭਾਵਾਂਗੇ ਤੇ ਆਪਣੇ ਬੱਚਿਆਂ ਨੂੰ ਵੀ ਗੁਰੂ ਦੇ ਲੜ ਲਾਵਾਂਗੇ।

ਇਹ ਵੀ ਪੜ੍ਹੋਂ :23 ਲੈਬ ਟੈਕਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ

ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ ਹੋਈ ਸਮੁੱਚੇ ਵਿਸ਼ਵ ਦੇ ਭਲੇ ਦੀ ਅਰਦਾਸ 
ਗੁਰਦੁਆਰਾ ਬੀਬੀ ਕੌਲਾਂ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ। ਉਪਰੰਤ ਕੋਰੋਨਾ ਮਹਾਂਮਾਰੀ ਤੋਂ ਨਿਜਾਤ ਦਿਵਾਉਣ ਲਈ ਗ੍ਰੰਥੀ ਸਿੰਘ ਵਲੋਂ ਸਮੁੱਚੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਹੁਕਮਨਾਮੇ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ।

ਇਹ ਵੀ ਪੜ੍ਹੋਂ : ਟੈਨੀਸ਼ੀਅਨਾਂ ਨੂੰ ਬਰਖ਼ਾਸਤ ਕਰਨ ਦੇ ਮਾਮਲੇ 'ਚ ਸਿਵਲ ਹਸਪਤਾਲ ਦੇ ਕਾਮਿਆਂ ਵਲੋਂ ਹੜਤਾਲ

ਸਵੇਰ ਸਮੇਂ ਸੰਗਤਾਂ ਦੀ ਆਮਦ ਦੇਖੀ ਗਈ 
ਸਵੇਰ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਆਮਦ ਪਹਿਲਾਂ ਨਾਲੋਂ ਕੁਝ ਵਧੇਰੇ ਦੇਖੀ ਗਈ ਪਰ ਬਾਅਦ 'ਚ ਟਾਵੀਆਂ-ਟਾਵੀਆਂ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਦੇਖੀਆਂ ਗਈਆਂ। ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਬਾਂਸ ਲਗਾ ਕੇ ਵਾਰੀ ਸਿਰ ਅੰਦਰ ਦਰਸ਼ਨਾ ਲਈ ਸੰਗਤਾਂ ਦੇ ਜਾਣ ਲਈ ਪ੍ਰਬੰਧ ਕੀਤਾ ਗਿਆ ਤਾਂ ਜੋ ਸੱਚਖੰਡ ਅੰਦਰ ਭੀੜ ਨਾ ਹੋ ਸਕੇ। ਇਸ ਦੇ ਨਾਲ ਹੀ ਸੇਵਾਦਾਰਾਂ ਵਲੋਂ ਸੰਗਤਾਂ ਨੂੰ ਪ੍ਰੇਰ ਕੇ ਬਾਹਰ ਜਾਣ ਲਈ ਬੇਨਤੀ ਕੀਤੀ ਗਈ ਤਾਂ ਜੋ ਦੂਸਰੀਆਂ ਸੰਗਤਾਂ ਵੀ ਆਰਾਮ ਨਾਲ ਦਰਸਨ ਦੀਦਾਰੇ ਕਰ ਸਕਣ। 

Baljeet Kaur

This news is Content Editor Baljeet Kaur