ਕੋਰੋਨਾ ''ਤੇ ਭਾਰੀ ਪਈ ਆਸਥਾ, ਦਿਨੋਂ-ਦਿਨ ਵਧ ਰਹੀ ਹੈ ਸ੍ਰੀ ਹਰਿਮੰਦਰ ਸਾਹਿਬ ''ਚ ਸੰਗਤਾਂ ਦੀ ਆਮਦ

06/12/2020 9:01:46 AM

ਅੰਮ੍ਰਿਤਸਰ (ਅਨਜਾਣ) : ਕੋਰੋਨਾ ਮਹਾਮਾਰੀ ਨੂੰ ਲੈ ਕੇ ਲੱਗੇ ਕਰਫਿਊ ਤੇ ਤਾਲਾਬੰਦੀ ਖੁੱਲ੍ਹਣ ਉਪਰੰਤ ਸੰਗਤਾਂ ਦੀ ਆਮਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਰੂ ਹੋ ਗਈ। ਪਹਿਲਾਂ ਦੋ-ਤਿੰਨ ਦਿਨ ਤਾਂ ਨਾ ਮਾਤਰ ਹੀ ਸੰਗਤ ਦਰਸ਼ਨ ਕਰਨ ਲਈ ਪੁੱਜੀਆਂ ਪਰ ਬੀਤੇ ਦਿਨ ਤੋਂ ਸੰਗਤਾਂ ਦੀ ਚਹਿਲ-ਪਹਿਲ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਦ ਸ੍ਰੀ ਹਰਿਮੰਦਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸੰਗਤਾਂ ਦੀ ਕਿੰਨੀ ਆਮਦ ਹੈ ਦੱਸਣ ਤੋਂ ਇਨਕਾਰ ਕਰ ਦਿੱਤਾ।

ਸੂਤਰਾਂ ਮੁਤਾਬਕ ਬੀਤੇ ਦਿਨ ਸਵੇਰ ਤੋਂ ਰਾਤ ਤੱਕ ਤਕਰੀਬਨ 10 ਹਜ਼ਾਰ ਦੇ ਕਰੀਬ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਪਰ ਉਮੀਦ ਹੈ ਕਿ ਹੌਲੀ-ਹੌਲੀ ਇਹ ਗਿਣਤੀ ਪਹਿਲਾਂ ਦੀ ਤਰ੍ਹਾਂ ਹੋ ਜਾਵੇਗੀ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਦੂਸਰੇ ਦਿਨ ਸ੍ਰੀ ਹਰਿਮੰਦਰ ਸਾਹਿਬ ਤੋਂ ਆਉਣ ਵਾਲੇ ਮੁੱਖ ਵਾਕ ਦੀ ਕਥਾ ਕੀਤੀ ਅਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਸੰਗਤਾਂ ਤੇ ਡਿਊਟੀ ਸੇਵਾਦਾਰਾਂ ਨੇ ਰਲ ਕੇ ਸੰਭਾਲੀ। ਅੰਮ੍ਰਿਤ ਵੇਲੇ ਤੋਂ ਕਿਵਾੜ ਖੁੱਲ੍ਹਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ 'ਚ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ਮਾਨ ਕੀਤਾ ਗਿਆ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਮੁੱਖ ਵਾਕ ਲਿਆ ਗਿਆ । ਸਾਰਾ ਦਿਨ ਵੱਖ-ਵੱਖ ਰਾਗੀ ਜਥਿਆਂ ਵਲੋਂ ਇਲਾਹੀ ਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲਗਾਈਆਂ ਗਈਆਂ।

ਸ਼ਾਮ ਨੂੰ ਰਹਰਾਸਿ ਸਾਹਿਬ ਜੀ ਦੇ ਪਾਠ ਉਪਰੰਤ ਰਾਗੀ ਸਿੰਘਾਂ ਵਲੋਂ ਆਰਤੀ ਦਾ ਉਚਾਰਣ ਕੀਤਾ ਗਿਆ। ਰਾਤ ਨੂੰ ਸੁਖਆਸਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੁਖਆਸਣ ਅਸਥਾਨ 'ਤੇ ਬਿਰਾਜਮਾਨ ਕਰ ਦਿੱਤਾ ਗਿਆ। ਸੰਗਤਾਂ ਨੇ ਸਾਰਾ ਦਿਨ ਫਰਸ਼ ਦੀ ਸਫ਼ਾਈ ਤੇ ਇਸ਼ਨਾਨ ਦੀ ਸੇਵਾ ਦੇ ਇਲਾਵਾ, ਜੋੜੇ ਘਰ, ਠੰਢੇ-ਮਿੱਠੇ ਜਲ ਦੀ ਛਬੀਲ, ਲੰਗਰ ਹਾਲ ਤੇ ਸਰੋਵਰ ਦੀ ਸਫ਼ਾਈ ਦੀ ਸੇਵਾ ਕੀਤੀ। ਦੇਸ਼-ਵਿਦੇਸ਼ ਤੋਂ ਆਈ ਸਿੱਖ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਹੇਠਾਂ ਕੋਰੋਨਾ ਮਹਾਂਮਾਰੀ 'ਤੇ ਫਤਿਹ ਪਾਉਣ ਲਈ ਸਮੁੱਚੇ ਵਿਸ਼ਵ ਦੇ ਭਲੇ ਲਈ ਅਰਦਾਸ ਕੀਤੀ।

Baljeet Kaur

This news is Content Editor Baljeet Kaur