ਅੰਮ੍ਰਿਤਸਰ ਹਵਾਈ ਅੱਡੇ ਨੇ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਨੂੰ ਪਛਾੜਿਆ

02/01/2019 1:41:01 PM

ਅੰਮ੍ਰਿਤਸਰ (ਵਾਲੀਆ) : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਹਾਲ ਹੀ 'ਚ ਏਅਰਪੋਰਟ ਅਥਾਰਟੀ ਆਫ਼ ਇੰਡੀਆ ਵੱਲੋਂ ਜਾਰੀ ਅੰਕਿੜਆਂ ਅਨੁਸਾਰ ਅੰਮ੍ਰਿਤਸਰ ਤੋਂ ਦਸੰਬਰ 2018 'ਚ ਅੰਤਰਰਾਸ਼ਟਰੀ ਸਵਾਰੀਆਂ ਦੀ ਗਿਣਤੀ ਦਸੰਬਰ 2017 ਦੇ ਮੁਕਾਬਲੇ 48 ਫੀਸ ਦੀ ਵਧੀ, ਜਿਸ ਨਾਲ ਏਅਰਪੋਰਟ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਚੋਂ ਪਹਿਲੇ ਸਥਾਨ 'ਤੇ ਰਿਹਾ। ਦੂਜਾ ਸਥਾਨ 40.2 ਫੀਸਦੀ ਵਾਧੇ ਨਾਲ ਪੂਣੇ ਏਅਰਪੋਰਟ ਦਾ ਰਿਹਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ (ਮੁਹਿੰਮ) ਦੇ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁੰਮਟਾਲਾ ਨੇ ਦੱਸਿਆ ਕਿ ਦਸੰਬਰ 2017 ਵਿਚ ਅੰਤਰਰਾਸ਼ਟਰੀ ਯਾਤਰੀਆਂ ਦੀ ਕੁਲ ਗਿਣਤੀ 56,284 ਸੀ ਤੇ ਦਸੰਬਰ 2018 'ਚ ਵੱਧ ਕੇ 83,276 ਹੋ ਗਈ। ਪੰਜਾਬੀਆਂ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਮਹੀਨੇ ਵਿਚ ਪਹਿਲੀ ਵਾਰ ਯਾਤਰੀਆਂ ਦੀ ਕੁਲ ਗਿਣਤੀ 2,60,174 'ਤੇ ਪਹੁੰਚ ਗਈ ਹੈ, ਜੋ ਕਿ ਇਕ ਨਵਾਂ ਰਿਕਾਰਡ ਹੈ। ਦਸੰਬਰ 2017 ਵਿਚ ਯਾਤਰੀਆਂ ਦੀ ਕੁਲ ਗਿਣਤੀ 2,19,216 ਸੀ, ਇਸ ਨਾਲ 18.7 ਫੀਸ ਦੀ ਵਾਧਾ ਹੋਇਆ ਹੈ। ਹਾਲਾਂਕਿ ਕੁਲ ਯਾਤਰੀਆਂ ਦੇ ਵਾਧੇ ਦਾ ਮੁੱਖ ਕਾਰਨ ਅੰਤਰਰਾਸ਼ਟਰੀ ਯਾਤਰੀ ਹਨ ਪਰ ਘਰੇਲੂ ਆਵਾਜਾਈ ਵਿਚ ਵਾਧੇ ਲਈ ਯੋਗਦਾਨ ਨੂੰ ਵੀ ਨਜ਼ਨਹੀਂ ਕੀਤਾ ਜਾ ਸਕਦਾ। ਦਸੰਬਰ 2017 'ਚ ਘਰੇਲੂ ਸਵਾਰੀਆਂ ਦੀ ਕੁਲ ਗਿਣਤੀ 1,62,932 ਸੀ ਤੇ ਇਹ ਦਸੰਬਰ 2018 'ਚ ਵੱਧ ਕੇ 1,76,898 ਹੋ ਗਈ ਹੈ, ਜੋ ਕਿ 8.6 ਫੀਸਦੀ ਦਾ ਵਾਧਾ ਹੈ।

ਮੌਜੂਦਾ ਵਿੱਤੀ ਵਰ੍ਹੇ 2018-19 ਦੇ ਪਹਿਲੇ 9 ਮਹੀਨਿਆਂ (ਅਪ੍ਰੈਲ ਤੋਂ ਦਸੰਬਰ) 'ਚ 5.6 ਲੱਖ ਯਾਤਰੀ ਸਫਰ ਕਰ ਚੁੱਕੇ ਹਨ, ਜਦਕਿ ਪਿਛਲੇ ਵਰ੍ਹੇ ਇਹ ਗਿਣਤੀ 4.4 ਲੱਖ ਸੀ। ਇਸ ਤਰ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਦੇ 26.2 ਫੀਸ ਵਾਧੇ ਨਾਲ ਏਅਰਪੋਰਟ ਦੂਜੇ ਨੰਬਰ 'ਤੇ ਚੱਲ ਰਿਹਾ ਹੈ। ਗੁੰਮਟਾਲਾ ਨੇ ਕਿਹਾ ਕਿ ਇਹ ਵਾਧਾ 2018 ਵਿਚ ਏਅਰ ਇੰਡੀਆ ਵੱਲੋਂ ਬਰਮਿੰਘਮ, ਏਅਰ ਏਸ਼ੀਆ ਐਕਸ ਵੱਲੋਂ ਕੁਆਲਾਲੰਪੁਰ, ਇੰਡੀਗੋ ਵੱਲੋਂ ਦੁਬਈ, ਸਪਾਈਸ ਜੈੱਟ ਵੱਲੋਂ ਬੈਂਕਾਕ ਲਈ ਸ਼ੁਰੂ ਕੀਤੀਆਂ ਗਈਆਂ ਉਡਾਣਾਂ ਸਦਕਾ ਸੰਭਵ ਹੋਇਆ। ਵਿਦੇਸ਼ਾਂ 'ਚ ਸਰਦੀਆਂ ਦੀਆਂ ਛੁੱਟੀਆਂ ਹੋਣ ਕਰ ਕੇ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ 'ਤੇ ਆਉਣ ਵਾਲੇ ਯਾਤਰੀਆਂ ਦੀ ਗਿਣਤੀ ਵੀ ਵਧਦੀ ਹੈ। ਏਅਰਪੋਰਟ 'ਤੇ ਸੰਘਣੀ ਧੁੰਦ 'ਚ ਕੈਟ-3ਬੀ ਸਿਸਟਮ ਲੱਗਣ ਨਾਲ ਵੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਉਡਾਣਾਂ ਰੱਦ ਹੋਈਆਂ ਹਨ। ਲੱਖਾਂ ਪੰਜਾਬੀਆਂ ਨੂੰ ਅਜੇ ਵੀ ਸਿੱਧੀਆਂ ਉਡਾਣਾਂ ਦੀ ਘਾਟ ਕਾਰਨ ਵਾਇਆ ਦਿੱਲੀ ਪੰਜਾਬ ਆਉਣ ਲਈ ਮਜਬੂਰ ਹੋਣਾ ਪੈਂਦਾ ਹੈ। ਸਾਲ 2019 'ਚ ਹਵਾਈ ਅੱਡੇ ਤੋਂ ਹੋਰ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ ਹੈ। 'ਉੜੇ ਦੇਸ਼ ਕਾ ਆਮ ਨਾਗਰਿਕ' (ਉਡਾਣ-3) ਸਕੀਮ ਅਧੀਨ ਅੰਮ੍ਰਿਤਸਰ ਨੂੰ 3 ਨਵੀਆਂ ਉਡਾਣਾਂ ਪਟਨਾ, ਜੈਪੁਰ, ਕੋਲਕਾਤਾ ਦੀਆਂ ਮਿਲੀਆਂ ਹਨ।

ਵਰਤਮਾਨ 'ਚ ਏਅਰਪੋਰਟ 9 ਘਰੇਲੂ ਤੇ 8 ਅੰਤਰਰਾਸ਼ਟਰੀ ਸਥਾਨਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਲਈ ਵਿਦੇਸ਼ ਵਿਚ ਰਹਿੰਦੇ ਪੰਜਾਬੀਆਂ ਵੱਲੋਂ ਲੰਡਨ, ਟੋਰਾਂਟੋ, ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਹੈ। ਫਲਾਈ ਦੁਬਈ, ਟਰਕਿਸ਼ ਏਅਰਵੇਜ਼, ਓਮਾਨ ਏਅਰ ਵੀ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ਪਰ ਭਾਰਤ ਦੇ ਇਨ੍ਹਾਂ ਮੁਲਕਾਂ ਨਾਲ ਦੁਵੱਲੇ ਹਵਾਈ ਸਮਝੌਤੇ ਰੋੜੇ ਅਟਕਾ ਰਹੇ ਹਨ। ਜੇ ਭਾਰਤ ਸਰਕਾਰ ਇਨ੍ਹਾਂ ਨਾਲ ਨਵੇਂ ਸਮਝੌਤੇ ਕਰ ਕੇ ਇਨ੍ਹਾਂ ਨੂੰ ਅੰਮ੍ਰਿਤਸਰ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਦੇ ਦੇਵੇ ਤਾਂ ਯਾਤਰੀਆਂ ਦੀ ਗਿਣਤੀ ਵਿਚ ਬਹੁਤ ਹੀ ਵੱਡੀ ਗਿਣਤੀ 'ਚ ਵਾਧਾ ਹੋਵੇਗਾ।

 

Baljeet Kaur

This news is Content Editor Baljeet Kaur