ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨੂੰ ਹੁਣ ਮਿਲੇਗੀ ''ਸ਼ੂਗਰ ਫ੍ਰੀ'' ਚਾਹ ਦੀ ਚੁਸਕੀ

08/21/2019 2:49:18 PM

ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਘਰ 'ਚ ਆਉਣ ਵਾਲੀ ਸੰਗਤ ਨੂੰ ਹੁਣ ਸ਼ੂਗਰ ਫ੍ਰੀ ਚਾਹ ਦੀ ਚੁਸਕੀ ਵੀ ਮਿਲੇਗੀ। ਦੇਸ਼ ਭਰ 'ਚ ਵੱਧਦੀ ਸ਼ੂਗਰ ਦੀ ਸਮੱਸਿਆ ਦੇ ਚੱਲਦੇ ਐੱਸ.ਜੀ.ਪੀ.ਸੀ. ਨੇ ਇਸ ਵਿਸ਼ੇਸ਼ ਲੰਗਰ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਅੱਜ ਦੇ ਗਲਤ ਖਾਣ-ਪੀਣ ਦੇ ਕਾਰਨ ਜ਼ਿਆਦਾਤਰ ਲੋਕ ਸ਼ੂਗਰ ਦੇ ਮਰੀਜ਼ ਹੋ ਗਏ ਹਨ, ਜਿਸ ਦੇ ਕਾਰਨ ਉਹ ਮਿੱਠੀ ਚਾਹ ਪੀਣ ਤੋਂ ਪਰਹੇਜ਼ ਕਰਦੇ ਹਨ। ਇਸ ਲਈ ਜ਼ਿਆਦਾਤਰ ਸੰਗਤ ਗੁਰੂ ਨਗਰੀ ਦੀ ਚਾਹ ਦਾ ਸਵਾਦ ਨਹੀਂ ਲੈ ਪਾਉਂਦੀ ਪਰ ਹੁਣ ਇਥੇ ਸ਼ੂਗਰ ਫ੍ਰੀ ਦਾ ਵਿਸ਼ੇਸ਼ ਇਤਜ਼ਾਮ ਕੀਤਾ ਗਿਆ ਹੈ। ਇਸ ਦੇ ਲਈ ਇਕ ਵੱਖਰੀ ਟੀਮ ਤਿਆਰ ਕੀਤੀ ਗਈ ਤੇ ਇਸ ਦੇ ਬਰਤਨ ਵੀ ਅਲੱਗ ਰੱਖੇ ਗਏ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਦੱਸਿਆ ਕਿ ਸੰਗਤ ਲਈ ਲੰਗਰ 'ਚ 24 ਘੰਟੇ ਚਾਹ ਦਿੱਤੀ ਜਾਂਦੀ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਦੀ ਮੰਗ ਸੀ ਲੰਗਰ 'ਚ ਸ਼ੂਗਰ ਫ੍ਰੀ ਚਾਹ ਵੀ ਦਿੱਤੀ ਜਾਵੇ। ਸੰਗਤ ਦੀ ਮੰਗ ਦੇ ਮੱਦੇਨਜ਼ਰ ਹੁਣ ਸ਼ੂਗਰ ਫ੍ਰੀ ਚਾਹ ਦਾ ਵੀ ਇਥੇ ਇਤਜ਼ਾਮ ਕੀਤਾ ਗਿਆ ਹੈ ਤਾਂ ਜੋ ਹਰ ਕੋਈ ਇਸ ਦਾ ਸਵਾਦ ਲੈ ਸਕੇ।

Baljeet Kaur

This news is Content Editor Baljeet Kaur