ਸ੍ਰੀ ਅਕਾਲ ਤਖਤ ਦੇ ਨਵ-ਨਿਯੁਕਤ ਜਥੇਦਾਰ ਤੋਂ ਭੋਮਾ ਦਾ ਸਿਰੋਪਾਓ ਲੈਣਾ ਬਣਿਆ ਚਰਚਾ ਦਾ ਵਿਸ਼ਾ

11/01/2018 2:07:38 PM

ਅੰਮ੍ਰਿਤਸਰ (ਮਮਤਾ) : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਬੇਅੰਤ ਸਿੰਘ ਦੇ ਬਰਸੀ ਸਮਾਗਮ ਦੌਰਾਨ ਅੱਜ ਜਿੱਥੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਵ-ਨਿਯੁਕਤ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਤੋਂ ਸਿਰੋਪਾਓ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ, ਉਥੇ ਹੀ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਉਕਤ ਸਿਰੋਪਾਓ ਸਵੀਕਾਰ ਕਰਕੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਬਰਸੀ ਸਮਾਗਮ ਦੌਰਾਨ ਸ਼ਹੀਦ ਦੇ ਪਰਿਵਾਰ ਵਲੋਂ ਕੋਈ ਵੀ ਮੈਂਬਰ ਨਾ ਆਉਣ ਕਰਕੇ ਸਮਾਗਮ ਦਾ ਸੰਚਾਲਨ ਕਰ ਰਹੇ ਕੁਲਦੀਪ ਸਿੰਘ ਨੇ ਐਲਾਨ ਕੀਤਾ ਕਿ ਸ਼ਹੀਦ ਦੇ ਪਰਿਵਾਰ ਦਾ ਸਿਰੋਪਾਓ ਹਾਜ਼ਰ ਪੰਥਕ ਆਗੂ ਜਰਨੈਲ ਸਿੰਘ ਸਖੀਰਾ ਅਤੇ ਭਾਈ ਕੰਵਰਪਾਲ ਸਿੰਘ ਲੈ ਲੈਣ। ਇਸ 'ਤੇ ਸਖੀਰਾ ਅਤੇ ਕੰਵਰਪਾਲ ਸਿੰਘ ਨੇ ਮੌਕੇ 'ਤੇ ਹੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੈ। ਉਹ ਬਾਦਲਾਂ ਵਲੋਂ ਨਿਯੁਕਤ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮੰਨਦੇ, ਇਸ ਨਾਲ ਹੀ ਉਥੇ ਮੌਜੂਦ ਮਨਜੀਤ ਸਿੰਘ ਭੋਮਾ ਨੇ ਮੰਚ 'ਤੇ ਜਾ ਕੇ ਸ਼ਹੀਦ ਦੇ ਪਰਿਵਾਰ ਵਲੋਂ ਸਿਰੋਪਾਓ ਹਾਸਿਲ ਕੀਤਾ, ਜਿਸ ਨੂੰ ਲੈ ਕੇ ਗਰਮ ਦਲ ਦੇ ਸੰਗਠਨਾਂ ਵਿਚ ਆਪਸੀ ਤਾਲਮੇਲ ਨਾ ਹੋਣ ਦੀ ਸੰਗਤ ਵਿਚ ਚਰਚਾ ਛਿੜ ਗਈ। 

ਭਾਈ ਹਵਾਰਾ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਦਾ ਹਾਂ : ਭੋਮਾ
ਆਲ ਇੰਡੀਆ ਸਿੱਖ ਸਟੂਡੈਂਟ ਸ ਫੈੱਡਰੇਸ਼ਨ ਦੇ ਆਗੂ ਮਨਜੀਤ ਸਿੰਘ ਭੋਮਾ ਨੇ ਸਪੱਸ਼ਟ ਕੀਤਾ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਦੇ ਹਨ। ਅੱਜ ਵਾਪਰੀ ਘਟਨਾ ਸਬੰਧੀ ਮਨਜੀਤ ਸਿੰਘ ਭੋਮਾ ਨੇ ਦੱਸਿਆ ਕਿ ਜੋ ਸਿਰੋਪਾਓ  ਸਾਹਿਬ ਦਿੱਤਾ ਗਿਆ ਹੈ, ਉਹ ਸਿਰੋਪਾਓ ਸਾਹਿਬ ਮੈਂ ਸ੍ਰੀ ਹਰਿਮੰਦਰ ਸਾਹਿਬ  ਦੇ ਹੈੱਡ ਗ੍ਰੰਥੀ  ਗਿ. ਜਗਤਾਰ ਸਿੰਘ ਜੀ ਦੇ ਹੁਕਮ ਮੁਤਾਬਿਕ ਸਵੀਕਾਰ ਕੀਤਾ ਹੈ, ਉਸ ਦਾ ਗਿ. ਹਰਪ੍ਰੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਮੰਨਣ ਨਾਲ ਕੋਈ ਰੱਤੀ ਭਰ ਵੀ ਸਬੰਧ ਨਹੀਂ। ਇਸ ਅਚਾਨਕ ਵਾਪਰੇ ਘਟਨਾਕ੍ਰਮ ਨੂੰ ਐਵੇਂ ਬਾਤ ਦਾ ਬਤੰਗੜ ਨਾ ਬਣਾਇਆ ਜਾਵੇ। ਉਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੰਨਦੇ ਹਨ।