ਦਿੱਲੀ ''ਚ ਦੋ ਸਿੱਖਾਂ ਦੀ ਕੁੱਟਮਾਰ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ

06/17/2019 5:18:42 PM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਲੀ ਪੁਲਸ ਵੱਲੋਂ ਇਕ ਸਿੱਖ ਅਤੇ ਉਸ ਦੇ ਪੁੱਤਰ ਦੀ ਅਣਮਨੁੱਖੀ ਢੰਗ ਨਾਲ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਘੱਟ ਗਿਣਤੀ ਸਿੱਖਾਂ ਨਾਲ ਅਜਿਹਾ ਅਨਿਆ ਭਰਿਆ ਵਰਤਾਰਾ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਦੋਸ਼ੀ ਪੁਲਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਦੀ ਮੰਗ ਕੀਤੀ। 

ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਇਕ ਬਿਆਨ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਜੇਕਰ ਕਿਸੇ ਮਾਮਲੇ ਵਿਚ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨਾਲ ਕਾਨੂੰਨੀ ਢੰਗ ਨਾਲ ਹੀ ਨਜਿੱਠਿਆ ਜਾਣਾ ਚਾਹੀਦਾ ਹੈ, ਨਾ ਕਿ ਅਣਮਨੁੱਖੀ ਤਸੀਹੇ ਦੇ ਕੇ। ਉਨ੍ਹਾਂ ਕਿਹਾ ਕਿ ਵਾਇਰਲ ਹੋਈ ਵੀਡੀਓ ਅਨੁਸਾਰ ਦਿੱਲੀ ਪੁਲਸ ਵਲੋਂ ਜਿਸ ਬੇਰਹਿਮੀ ਨਾਲ ਸਿੱਖ ਤੇ ਉਸ ਦੇ ਪੁੱਤਰ ਨੂੰ ਕੁੱਟਿਆ ਗਿਆ, ਉਸ ਦੀ ਸਖਤੀ ਨਾਲ ਜਾਂਚ ਪੜਤਾਲ ਹੋਣੀ ਚਾਹੀਦੀ ਹੈ।ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਬੇਹੱਦ ਸ਼ਲਾਘਾਯੋਗ ਰਹੀ ਹੈ, ਜਿਸ ਨੇ ਪੀੜਤ ਸਿੱਖ ਪਰਿਵਾਰ ਦੀ ਮਦਦ ਲਈ ਠੋਸ ਕਦਮ ਉਠਾਏ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਘੱਟ ਗਿਣਤੀ ਸਿੱਖਾਂ 'ਤੇ ਦੇਸ਼ ਅੰਦਰ ਹੁੰਦੇ ਅਜਿਹੇ ਮਾਰੂ ਹਮਲਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਅਤੇ ਹਰ ਸੂਬੇ ਦੀ ਸਰਕਾਰ ਨੂੰ ਸਖਤੀ ਨਾਲ ਹਦਾਇਤ ਕਰਨ ਤਾਂ ਜੋ ਦੇਸ਼ ਅੰਦਰ ਘੱਟ ਗਿਣਤੀ ਲੋਕਾਂ ਨਾਲ ਧੱਕਾ ਨਾ ਹੋਵੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਸਮੇਂ ਮੂਕ ਦਰਸ਼ਕ ਬਣ ਕੇ ਨਾ ਵੇਖਦੇ ਰਹਿਣ, ਸਗੋਂ ਹੋ ਰਹੇ ਅਨਿਆ ਨੂੰ ਰੋਕਣ ਲਈ ਇਕਜੁਟ ਹੋਣ ਕੇ ਅਵਾਜ਼ ਉਠਾਉਣ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਉਪਰੋਕਤ ਮਾਮਲੇ ਸਬੰਧੀ ਪੱਤਰ ਲਿਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੱਤਰ ਰਾਹੀਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਢੁੱਕਵੇਂ ਕਦਮ ਉਠਾਉਣ ਲਈ ਵੀ ਕਿਹਾ ਗਿਆ ਹੈ।

Baljeet Kaur

This news is Content Editor Baljeet Kaur