ਬਰਖਾਸਤ ਕਰਨ ਦੀ ਸ਼੍ਰੋਅਦ ਦੀ ਮੰਗ ''ਤੇ ਪ੍ਰਤੀਕਿਰਿਆ ਦੇਣ ਤੋਂ ਸਿੱਧੂ ਨੇ ਕੀਤੀ ਨਾਂਹ

10/22/2018 11:12:59 AM

ਅੰਮ੍ਰਿਤਸਰ (ਭਾਸ਼ਾ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ  ਦੁਸਹਿਰੇ ਦੀ ਸ਼ਾਮ ਨੂੰ ਹੋਏ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸੂਬਾ ਸਰਕਾਰ ਨੂੰ  ਉਨ੍ਹਾਂ ਨੂੰ ਬਰਖਾਸਤ ਕਰਨ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਵਿਰੁੱਧ ਐੱਫ. ਆਈ.  ਆਰ. ਦਰਜ ਕਰਨ ਦੀ ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੀ ਮੰਗ 'ਤੇ ਐਤਵਾਰ ਨੂੰ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਸ਼੍ਰੋਅਦ ਨੇ ਇਹ ਮੰਗ ਇਸ ਲਈ ਕੀਤੀ ਸੀ ਕਿਉਂਕਿ ਸਿੱਧੂ ਦੀ  ਪਤਨੀ ਸ਼ੁੱਕਰਵਾਰ ਨੂੰ ਜੌੜਾ ਫਾਟਕ ਕੋਲ ਰੇਲ ਟਰੈਕ ਦੇ ਲਾਗੇ ਦੁਸਹਿਰਾ ਪ੍ਰੋਗਰਾਮ ਦੀ ਕਥਿਤ ਰੂਪ ਵਿਚ ਮੁੱਖ ਮਹਿਮਾਨ ਸੀ। 

ਸ਼੍ਰੋਅਦ ਦੀ ਮੰਗ 'ਤੇ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ 'ਤੇ ਸਿੱਧੂ ਨੇ ਬੱਸ ਇੰਨਾ ਕਿਹਾ, ''ਕੁਝ ਹੋਰ, ਕੁਝ ਹੋਰ, ਕੁਝ ਹੋਰ  (ਪੁੱਛੋ)...ਕੋਈ ਟਿੱਪਣੀ ਨਹੀਂ।'' ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨਾਲ ਸ਼ਨੀਵਾਰ ਦੀ ਰਾਤ ਨੂੰ ਮੁਲਾਕਾਤ ਕੀਤੀ ਅਤੇ ਇਸ ਘਟਨਾ ਨੂੰ 'ਕਤਲੇਆਮ' ਕਰਾਰ ਦਿੰਦਿਆਂ ਸਿੱਧੂ ਦੀ ਮੰਤਰੀ ਮੰਡਲ ਤੋਂ ਬਰਖਾਸਤਗੀ ਦੀ ਮੰਗ ਕੀਤੀ ਸੀ। ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਪ੍ਰੋਗਰਾਮ  ਦੇ ਪ੍ਰਬੰਧਕਾਂ ਅਤੇ ਸਿੱਧੂ ਦੀ ਪਤਨੀ ਦੇ ਖਿਲਾਫ ਇਕ ਅਪਰਾਧਕ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ ਸੀ। 

ਮਜੀਠੀਆ ਨੇ ਨਵਜੋਤ ਕੌਰ ਸਿੱਧੂ 'ਤੇ ਦੋਸ਼ ਲਾਇਆ ਕਿ ਉਹ ਹਾਦਸੇ ਦੇ ਸ਼ਿਕਾਰ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਪ੍ਰੋਗਰਾਮ ਵਾਲੀ ਥਾਂ ਤੋਂ ਚਲੀ ਗਈ ਸੀ। ਉਨ੍ਹਾਂ  ਦਾਅਵਾ ਕੀਤਾ ਕਿ ਰਾਵਣ ਦਾ ਪੁਤਲਾ ਸਾੜਨ ਵਿਚ ਇਸ ਲਈ ਦੇਰੀ ਹੋ ਗਈ ਕਿਉਂਕਿ ਸਿੱਧੂ ਦੀ ਪਤਨੀ ਪ੍ਰੋਗਰਾਮ ਵਿਚ ਦੇਰੀ ਨਾਲ ਆਈ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਯੋਜਨ ਵਾਲੀ ਥਾਂ ਤੋਂ ਰਵਾਨਾ ਹੋਣ ਮਗਰੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ। ਹਾਦਸੇ  ਦੀ ਜਾਣਕਾਰੀ ਮਿਲਣ ਮਗਰੋਂ ਉਹ ਜ਼ਖਮੀਆਂ ਨੂੰ ਦੇਖਣ ਲਈ ਹਸਪਤਾਲ ਚਲੀ ਗਈ। ਇਕ ਡਾਕਟਰ ਹੋਣ  ਦੇ ਨਾਤੇ ਉਨ੍ਹਾਂ ਨੇ ਪੀੜਤਾਂ ਦਾ ਇਲਾਜ ਕੀਤਾ ਅਤੇ ਜ਼ਖਮੀਆਂ ਦੀ ਦੇਖਭਾਲ ਲਈ ਕੁਝ ਹੋਰ ਡਾਕਟਰਾਂ ਦਾ ਵੀ ਪ੍ਰਬੰਧ ਕੀਤਾ।