ਸਿੱਧੂ ਤੇ ਖਹਿਰਾ ਦੇਸ਼ ਦੀਆਂ ਫੌਜਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ''ਚ  : ਬੀਬੀ ਜਗੀਰ ਕੌਰ

02/21/2019 9:16:13 AM

ਅੰਮ੍ਰਿਤਸਰ (ਬਾਠ) : ਔਰਤ ਸਮਾਜ ਦਾ ਅੱਧਾ ਹਿੱਸਾ ਹੈ, ਜੇਕਰ ਅੱਧਾ ਹਿੱਸਾ ਅਪੰਗ ਹੋ ਜਾਵੇ ਤਾਂ ਦੇਸ਼ ਤੇ ਸਮਾਜ ਤਰੱਕੀ ਨਹੀਂ ਕਰ ਸਕਦਾ। ਇਹ ਪ੍ਰਗਟਾਵਾ ਹਲਕਾ ਦੱਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਕਰਵਾਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ 'ਚ ਸ਼ਿਰਕਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜ ਦੀ ਤਰੱਕੀ ਔਰਤਾਂ 'ਤੇ ਨਿਰਭਰ ਹੈ,  ਜੋ ਦਾਜ ਦੀ ਲਾਹਨਤ ਤੇ ਸਮਾਜਿਕ ਕੁਰੀਤੀਆਂ ਨੂੰ ਖ਼ਤਮ ਕਰਨ 'ਚ ਮੁੱਖ ਭੂਮਿਕਾ ਨਿਭਾ ਸਕਦੀਆਂ ਹਨ।

ਉਨ੍ਹਾਂ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ 'ਤੇ ਵਰ੍ਹਦਿਆਂ ਕਿਹਾ ਕਿ ਜਿਥੇ ਦੇਸ਼ ਪਾਕਿਸਤਾਨੀ ਅੱਤਵਾਦੀ ਕਾਰਵਾਈਆਂ ਕਾਰਨ ਇਕਜੁੱਟ ਖੜ੍ਹਾ ਹੈ, ਉਥੇ ਅਜਿਹੇ ਲੀਡਰ ਦੇਸ਼ ਦੀਆਂ ਫੌਜਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਵਿਚ ਪਾਕਿਸਤਾਨ ਨਾਲ ਆਪਣੇ ਹਿਤੈਸ਼ੀ ਹੋਣ ਦਾ ਸਬੂਤ ਦੇ ਕੇ ਖੁਦ ਨੂੰ ਕੀ ਸਾਬਿਤ ਕਰਨਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਦੇਸ਼ ਦੇ ਰਾਖਿਆਂ ਨਾਲ ਖੜ੍ਹਾ ਹੈ, ਜੋ ਆਉਣ ਵਾਲੇ ਸਮੇਂ 'ਚ ਵੀ ਫੌਜੀਆਂ ਦਾ ਸਤਿਕਾਰ ਕਰਦਾ ਰਹੇਗਾ। ਉਨ੍ਹਾਂ ਸਿੱਧੂ ਤੇ ਖਹਿਰਾ ਨੂੰ ਕਿਹਾ ਕਿ ਉਹ ਫੌਜਾਂ ਪ੍ਰਤੀ ਅਪਮਾਨਜਨਕ ਬੋਲਣ ਤੋਂ ਪ੍ਰਹੇਜ਼ ਕਰਨ। 

ਇਸ ਮੌਕੇ ਸਥਾਨਕ ਇਸਤਰੀ ਅਕਾਲੀ ਦਲ ਦੀ ਸ਼ਹਿਰੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਨੇ ਬੀਬੀ ਜਗੀਰ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰੀ ਇਸਤਰੀ ਅਕਾਲੀ ਦਲ ਦੇਸ਼ ਨਾਲ ਇਸ ਵਕਤ ਚੱਟਾਨ ਵਾਂਗ ਖੜ੍ਹਾ ਹੈ। ਇਹ ਮੌਕੇ ਤਲਬੀਰ ਸਿੰਘ ਗਿੱਲ, ਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਅਕਾਲੀ ਦਲ ਸ਼ਹਿਰੀ, ਪੂਰਨ ਸਿੰਘ ਮੱਤੇਵਾਲ, ਬਾਵਾ ਸਿੰਘ ਗੁਮਾਨਪੁਰਾ, ਗੁਰਜੀਤ ਕੌਰ ਆਦਿ ਹਾਜ਼ਰ ਸਨ।

Baljeet Kaur

This news is Content Editor Baljeet Kaur