ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਸਦਮਾ, ਮਾਤਾ ਦਾ ਦਿਹਾਂਤ

12/09/2018 10:48:35 AM

ਅੰਮ੍ਰਿਤਸਰ (ਕਮਲ) : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਅੱਜ ਮਾਤਾ ਦੀ ਮੌਤ ਦੇ ਦੁੱਖ ਦਾ ਸਾਹਮਣਾ ਕਰਨਾ ਪਿਆ। ਮਲਿਕ ਦੀ ਮਾਤਾ ਜੀ ਉਰਮਿਲ ਮਲਿਕ ਪਿਛਲੇ ਕੁਝ ਸਾਲਾਂ ਤੋਂ ਬੀਮਾਰ ਸਨ। ਜ਼ਿਲਾ ਭਾਜਪਾ ਪ੍ਰਧਾਨ ਆਨੰਦ ਸ਼ਰਮਾ ਨੇ ਮਲਿਕ ਪਰਿਵਾਰ ਦੀ ਦੁੱਖ ਦੀ ਇਸ ਘੜੀ 'ਚ ਡੂੰਘਾ ਸੋਗ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁਖਦਾਈ ਖ਼ਬਰ ਦੇ ਮਿਲਦਿਆਂ ਹੀ ਭਾਜਪਾ ਵਰਕਰਾਂ 'ਚ ਸੋਗ ਦੀ ਲਹਿਰ ਦੌੜ ਗਈ। ਸ਼ਰਮਾ ਨੇ ਮਲਿਕ ਦੀ ਰਿਹਾਇਸ਼ 'ਤੇ ਪਹੁੰਚ ਕੇ ਸੋਗ 'ਚ ਪੀੜਤ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿਚ ਸ਼ਕਤੀ ਦੇਣ ਅਤੇ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਲਈ ਭਗਵਾਨ ਅੱਗੇ ਪ੍ਰਾਰਥਨਾ ਕੀਤੀ। ਸ਼ਰਮਾ ਨੇ ਦੱਸਿਆ ਕਿ ਮਲਿਕ ਦੀ ਮਾਤਾ ਜੀ ਨੇ ਹਮੇਸ਼ਾ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ ਅਤੇ ਪਾਰਟੀ ਦੇ ਕੰਮਾਂ ਦੇ ਨਾਲ-ਨਾਲ ਸਮਾਜ ਦੀ ਸੇਵਾ ਦੇ ਕੰਮਾਂ ਲਈ ਉਤਸ਼ਾਹਿਤ ਕੀਤਾ। ਸਮਾਜ ਪ੍ਰਤੀ ਹਾਂ-ਪੱਖੀ ਸੋਚ ਰੱਖਣ ਵਾਲੇ ਮਾਤਾ ਉਰਮਿਲ ਮਲਿਕ ਦੀ ਕਮੀ ਸਮਾਜ ਦੇ ਲੋਕਾਂ ਨੂੰ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ। ਸ਼ਰਮਾ ਨੇ ਦੱਸਿਆ ਕਿ 9 ਦਸੰਬਰ ਸਵੇਰੇ 11 ਵਜੇ ਮਾਤਾ ਜੀ ਦਾ ਅੰਤਿਮ ਸੰਸਕਾਰ ਦੁਰਗਿਆਨਾ ਸ਼ਿਵਪੁਰੀ ਹਾਥੀ ਗੇਟ ਵਿਖੇ ਹੋਵੇਗਾ।

Baljeet Kaur

This news is Content Editor Baljeet Kaur