ਪਲਾਸਟਿਕ ਦੀ ਬੋਤਲ ਲਿਆਓ ਤੇ ਇਨਾਮ ਪਾਓ

05/13/2019 4:33:13 PM

ਅੰਮ੍ਰਿਤਸਰ (ਸੁਮਿਤ ਖੰਨਾ)—ਸਮਾਰਟ ਸਿਟੀ ਦੀ ਦੌੜ 'ਚ ਸ਼ਾਮਲ ਅੰਮ੍ਰਿਤਸਰ ਨੇ ਸਮਾਰਟ ਹੋਣ ਵੱਲ ਇਕ ਕਦਮ ਹੋਰ ਅੱਗੇ ਵਧਾਇਆ ਹੈ। ਜਾਣਕਾਰੀ ਮੁਤਾਬਕ ਕਾਰਪੋਰੇਸ਼ਨ ਵਲੋਂ ਸ਼ਹਿਰ ਨੂੰ ਨਵੀਂ ਸੌਗਾਤ ਦਿੱਤੀ ਹੈ। ਸੌਗਾਤ ਵੀ ਅਜਿਹੀ, ਜੋ ਸਿਰਫ ਸ਼ਹਿਰ ਨੂੰ ਗੰਦਗੀ ਮੁਕਤ ਹੀ ਨਹੀਂ ਕਰੇਗੀ ਸਗੋਂ, ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੀ ਜੜ੍ਹ ਮੰਨੀ ਜਾਂਦੀ ਪਲਾਸਟਿਕ ਨੂੰ ਖਤਮ ਕਰਨ 'ਚ ਵੀ ਮਦਦਗਾਰ ਸਾਬਤ ਹੋਵੇਗੀ। ਇਹ ਮਸ਼ੀਨ ਇਕ ਅਜਿਹਾ ਤੋਹਫਾ ਹੈ, ਜੋ ਪਲਾਸਟਿਕ ਦੀਆਂ ਬੋਤਲਾਂ ਦੇ ਬਦਲੇ 'ਚ ਤੁਹਾਨੂੰ ਡਿਸਕਾਊਂਟ ਕੂਪਨ ਵੀ ਦੇਵੇਗੀ। ਇਹ ਡਿਸਕਾਊਂਟ 10 ਤੋਂ 30 % ਤੱਕ ਦਾ  ਹੈ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਮਸ਼ੀਨ ਕੰਮ ਕਿਵੇਂ ਕਰਦੀ ਹੈ 
ਮਸ਼ੀਨ ਨੂੰ ਚਲਾਉਣ ਦੇ ਤਿੰਨ ਸਟੈਪ ਹਨ 

ਸਭ ਤੋਂ ਪਹਿਲਾਂ ਮਸ਼ੀਨ 'ਚ ਬਣੇ ਇਸ ਹੋਲ 'ਚ ਪਲਾਸਟਿਕ ਦੀ ਖਾਲੀ ਬੋਤਲ ਪਾਈ ਜਾਂਦੀ ਹੈ ਫਿਰ ਸਕ੍ਰੀਨ 'ਤੇ ਵਿਖਾਈ ਦੇਣ ਵਾਲੀਆਂ ਡਿਸਕਾਊਂਟ ਵਾਲੀਆਂ ਥਾਵਾਂ 'ਚੋਂ ਕੋਈ ਥਾਂ ਦੀ ਚੋਣ ਕੀਤੀ ਜਾਂਦੀ ਹੈ ਤੇ ਫਿਰ ਤੀਸਰੇ ਸਟੈੱਪ 'ਚ ਡਿਸਕਾਊਂਟ ਕੂਪਨ ਮਿਲਦਾ ਹੈ।
ਸ਼ੁਰੂਆਤੀ ਦੌਰ 'ਚ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਦੇ ਏਰੀਏ ਤੇ ਹੈਰੀਟੇਜ ਸਟਰੀਟ 'ਚ 10 ਮਸ਼ੀਨਾਂ ਲਗਾਈਆਂ ਗਈਆਂ ਹਨ ਜਦਕਿ ਕਾਰਪੋਰੇਸ਼ਨ ਵਲੋਂ ਅਜਿਹੀਆਂ 40 ਮਸ਼ੀਨਾਂ ਦਾ ਆਰਡਰ ਦਿੱਤਾ ਗਿਆ ਹੈ।

ਸ੍ਰੀ ਹਰਿਮੰਦਿਰ ਸਾਹਿਬ 'ਚ ਰੋਜ਼ਾਨਾ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਆਉਂਦੇ ਹਨ ਤੇ ਹਜ਼ਾਰਾਂ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਹੁੰਦੀ ਹੈ। ਇਸ ਮਸ਼ੀਨ ਨਾਲ ਹੈਰੀਟੇਜ ਸਟ੍ਰੀਟ ਪਲਾਸਟਿਕ ਮੁਕਤ ਤੇ ਸਾਫ ਰਹੇਗੀ। ਸੈਲਾਨੀਆਂ ਵਲੋਂ ਵੀ ਇਸ ਮਸ਼ੀਨ ਤੇ ਕਾਰਪੋਰੇਸ਼ਨ ਦੇ ਇਸ ਕਦਮ ਦੀ ਕਾਫੀ ਸਰਾਹਨਾ ਕੀਤੀ ਜਾ ਰਹੀ ਹੈ।  

ਦੱਸ ਦੇਈਏ ਕਿ ਪਲਸਾਟਿਕ ਜਿਥੇ ਗੰਦਗੀ ਦਾ ਘਰ ਹੈ, ਉਥੇ ਹੀ ਕੈਂਸਰ ਦਾ ਮੁੱਖ ਕਾਰਣ ਵੀ ਹੈ। ਨਾ ਗਲਣਯੋਗ ਇਸ ਪਲਾਸਟਿਕ ਨੂੰ ਡੰਪ ਕਰਨ ਦਾ ਇਹ ਮਸ਼ੀਨ ਇਕ ਵਧੀਆ ਉਪਰਾਲਾ ਹੈ। ਇੱਥੇ ਇਹ ਵੀ ਦੱਸ ਦਈਏ ਕਿ ਦੇਸ਼ ਦੇ ਹੋਰ ਵੀ ਕਈ ਸ਼ਹਿਰਾਂ 'ਚ ਅਜਿਹੀਆਂ ਮਸ਼ੀਨਾਂ ਹਨ ਪਰ ਪੰਜਾਬ 'ਚ ਅੰਮ੍ਰਿਤਸਰ ਸ਼ਾਇਦ ਪਹਿਲਾ ਸ਼ਹਿਰ ਹੈ, ਜਿੱਥੇ ਇਸ ਤਰ੍ਹਾਂ ਦੀ ਮਸ਼ੀਨ ਲਗਾਈ ਗਈ ਹੈ।
 

Shyna

This news is Content Editor Shyna