ਸੈਕਰੈਡ ਗੇਮਜ਼ ਸੀਜ਼ਨ 2 ਦੇ ਇਕ ਦ੍ਰਿਸ਼ ''ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼ ਪ੍ਰਗਟ

08/21/2019 1:59:31 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੈਕਰੈਡ ਗੇਮਜ਼ ਸੀਜ਼ਨ-2 ਦੇ ਇਕ ਦ੍ਰਿਸ਼ 'ਚ ਅਦਾਕਾਰ ਵਲੋਂ ਸਿੱਖ ਕਕਾਰ ਕੜੇ ਦੀ ਕੀਤੀ ਗਈ ਤੌਹੀਨ 'ਤੇ ਸਖਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਨੈਟਫਲਿਕਸ 'ਤੇ ਉਕਤ ਵੈਬ ਸੀਰੀਜ਼ ਦੇ ਇਸ ਦ੍ਰਿਸ਼ 'ਚ ਅਦਾਕਾਰ ਸੈਫ ਅਲੀ ਖਾਨ ਸਮੁੰਦਰ 'ਚ ਆਪਣਾ ਕੜਾ ਉਤਾਰ ਕੇ ਸੁੱਟਦੇ ਨਜ਼ਰ ਆ ਰਹੇ ਹਨ। ਉਹ ਇਕ ਸਿੱਖ ਪਾਤਰ ਦੇ ਰੂਪ 'ਚ ਸਾਹਮਣੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਇਸ 'ਤੇ ਇਤਰਾਜ਼ ਜਤਾਉਂਦਿਆਂ ਆਖਿਆ ਹੈ ਕਿ ਸਿੱਖ ਧਰਮ ਅੰਦਰ ਕਕਾਰਾਂ ਦੀ ਵੱਡੀ ਮਹੱਤਤਾ ਹੈ ਅਤੇ ਕਿਸੇ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾ ਸਕਦੀ।

ਉਨ੍ਹਾਂ ਕਿਹਾ ਕਿ ਕਿਸੇ ਵੀ ਫਿਲਮ, ਨਾਟਕ ਜਾਂ ਵੈਬ ਸੀਰੀਜ਼ ਆਦਿ ਦੇ ਅਦਾਕਾਰ, ਪੇਸ਼ਕਾਰ, ਲੇਖਕ ਅਤੇ ਨਿਰਦੇਸ਼ਕ ਨੂੰ ਕਿਸੇ ਵੀ ਧਰਮ ਦੀਆਂ ਧਾਰਮਿਕ ਭਾਵਨਾਵਾਂ ਦੀ ਤੌਹੀਨ ਨਹੀਂ ਕਰਨੀ ਚਾਹੀਦੀ। ਜੇਕਰ ਕਿਸੇ ਪਾਤਰ ਨੂੰ ਇਕ ਸਿੱਖ ਵਜੋਂ ਦਿਖਾਇਆ ਜਾਂਦਾ ਹੈ ਤਾਂ ਸਿੱਖ ਸਿਧਾਂਤਾਂ, ਸਿੱਖ ਇਤਿਹਾਸ ਅਤੇ ਸਿੱਖ ਸਰੋਕਾਰਾਂ ਦੇ ਮੱਦੇਨਜ਼ਰ ਹੀ ਉਸ ਨੂੰ ਨਿਭਾਉਣਾ ਚਾਹੀਦਾ ਹੈ। ਮੁੱਖ ਸਕੱਤਰ ਨੇ ਕਿਹਾ ਕਿ ਇਸ ਵਿਵਾਦਤ ਦ੍ਰਿਸ਼ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਜੇਕਰ ਨਾ ਹਟਾਇਆ ਗਿਆ ਤਾਂ ਸ਼੍ਰੋਮਣੀ ਕਮੇਟੀ ਵਲੋਂ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Baljeet Kaur

This news is Content Editor Baljeet Kaur