SGPC ਨੇ ਸਿੱਧੂ ਮੂਸੇਵਾਲਾ ਵਿਰੁੱਧ ਪੁਲਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਕਿਹਾ– ਸਜ਼ਾ ਜ਼ਰੂਰ ਮਿਲੇ

09/23/2019 9:25:44 AM

ਅੰਮ੍ਰਿਤਸਰ(ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਗਾਇਕ ਸਿੱਧੂ ਮੂਸੇਵਾਲਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਰੀ ਇਕ ਬਿਆਨ ਰਾਹੀਂ ਦੱਸਿਆ ਕਿ ਇਸ ਗਾਇਕ ਦੇ ਇਕ ਗੀਤ ਵਿਚ ਸਿੱਖ ਇਤਿਹਾਸ ਦੀ ਸਤਿਕਾਰਯੋਗ ਸ਼ਖਸੀਅਤ ਮਾਤਾ ਭਾਗ ਕੌਰ ਜੀ ਦੀ ਤੌਹੀਨ ਕਰਨ ਮਗਰੋਂ ਸਿੱਖ ਜਗਤ 'ਚ ਭਾਰੀ ਰੋਸ ਦੀ ਲਹਿਰ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ 'ਤੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਕੋਲ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਗਾਇਕ ਦਾ ਕਸੂਰ ਮੁਆਫੀਯੋਗ ਨਹੀਂ ਹੈ, ਇਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਗੁਰਦਾਸ ਮਾਨ ਵੱਲੋਂ ਪੰਜਾਬੀ ਨੂੰ ਨੀਵਾਂ ਦਿਖਾਉਣ ਦੀ ਵੀ ਕੀਤੀ ਨਿੰਦਾ
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬੀ ਨੂੰ ਨੀਵਾਂ ਦਿਖਾਉਣ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਂ-ਬੋਲੀ ਪੰਜਾਬੀ ਨੂੰ ਨੀਵਾਂ ਦਿਖਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ, ਮਾਂ-ਬੋਲੀ ਦਾ ਅਹਿਸਾਨ ਅਸੀਂ ਕਦੇ ਨਹੀਂ ਚੁਕਾ ਸਕਦੇ ਅਤੇ ਕਿਸੇ ਨੂੰ ਇਸ ਦੀ ਤੌਹੀਨ ਕਰਦੇ ਵੀ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਨਾਂ 'ਤੇ ਆਪਣੀ ਰੋਟੀ ਚਲਾਉਣ ਵਾਲੇ ਲੋਕਾਂ ਦਾ ਦੋਗਲਾ ਚਿਹਰਾ ਪੰਜਾਬੀਆਂ ਨੂੰ ਪ੍ਰਵਾਨ ਨਹੀਂ। ਗੁਰਦਾਸ ਮਾਨ ਨੂੰ ਆਪਣੀ ਗਲਤੀ 'ਤੇ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

ਡਾ. ਰੂਪ ਸਿੰਘ ਨੇ ਪੰਜਾਬ ਸਰਕਾਰ ਨੂੰ ਵੀ ਪੰਜਾਬੀ ਦੀ ਅਣਦੇਖੀ ਲਈ ਸਵਾਲਾਂ ਦੇ ਘੇਰੇ 'ਚ ਲਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ 'ਚ ਥਾਂ-ਥਾਂ ਲਾਏ ਗਏ ਅੰਗਰੇਜ਼ੀ ਦੇ ਬੋਰਡ ਪੰਜਾਬ ਸਰਕਾਰ ਦੀ ਪੰਜਾਬੀ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਇਸ ਤੋਂ ਪਹਿਲਾਂ ਵੀ ਹਿੰਦੀ ਦਿਵਸ ਮੌਕੇ ਭਾਸ਼ਾ ਵਿਭਾਗ ਦੇ ਇਕ ਸਮਾਗਮ ਵਿਚ ਪੰਜਾਬੀ ਦਾ ਨਿਰਾਦਰ ਕੀਤਾ ਗਿਆ ਸੀ। ਪੰਜਾਬ ਸਰਕਾਰ ਆਪਣੀ ਨੀਤੀ ਸਪੱਸ਼ਟ ਕਰੇ।

cherry

This news is Content Editor cherry