ਹੁਣ ਸੀਵਰੇਜ ਦੇ ਮੈਨਹੋਲ ਦੀ ਸਫਾਈ ਕਰੇਗਾ ''ਰੋਬੋਟ''

01/17/2020 3:21:33 PM

ਅੰਮ੍ਰਿਤਸਰ (ਰਮਨ) : ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕਮਿਸ਼ਨਰ ਕੋਮਲ ਮਿੱਤਲ ਦੀਆਂ ਕੋਸ਼ਿਸ਼ਾਂ ਨਾਲ ਛੇਤੀ ਹੀ ਨਿਗਮ ਪ੍ਰਸ਼ਾਸਨ 2 ਰੋਬੋਟ ਖਰੀਦਣ ਜਾ ਰਿਹਾ ਹੈ। ਮੁਕਤਸਰ ਤੋਂ ਬਾਅਦ ਅੰਮ੍ਰਿਤਸਰ ਨਗਰ ਨਿਗਮ ਬੀ. ਪੀ. ਸੀ. ਐੱਲ. ਜ਼ਰੀਏ ਇਨ੍ਹਾਂ ਨੂੰ ਖਰੀਦਣ ਦੀ ਪ੍ਰਪੋਜ਼ਲ ਕੰਪਨੀ ਨੂੰ ਭੇਜ ਚੁੱਕਾ ਹੈ। ਰੋਬੋਟ ਦੀ ਸਪਲਾਈ ਕੇਰਲ ਦੀ ਇਕ ਕੰਪਨੀ ਨੇ ਕੀਤੀ ਹੈ ਅਤੇ ਜੋ ਮੁਕਤਸਰ ਮੁਤਾਬਕ 5 ਸਾਲ ਤੱਕ ਦੇਖਭਾਲ ਕਰੇਗੀ ਅਤੇ ਸਥਾਨਕ ਕਰਮਚਾਰੀਆਂ ਨੂੰ 6 ਮਹੀਨੇ ਟ੍ਰੇਨਿੰਗ ਵੀ ਦੇਵੇਗੀ। ਇਹ ਰੋਬੋਟ ਜੇਨਸੇਟ ਅਤੇ ਕੰਪ੍ਰੈਸ਼ਰ ਨਾਲ ਚੱਲਦਾ ਹੈ। ਰੋਬੋਟ ਨਾਲ ਸੀਵਰੇਜ ਦੀ ਸਫਾਈ 'ਚ ਸੀਵਰਮੈਨ ਦਾ ਕੰਮ ਘੱਟ ਜਾਵੇਗਾ ਅਤੇ ਕੋਈ ਜਾਨੀ ਨੁਕਸਾਨ ਵੀ ਨਹੀਂ ਹੋਵੇਗਾ। ਸੀਵਰੇਜ ਦੇ ਮੈਨਹੋਲ 'ਚ ਜ਼ਹਿਰੀਲੀ ਗੈਸ ਹੁੰਦੀ ਹੈ, ਜਿਸ ਨਾਲ ਕਈ ਵਾਰ ਵੱਡੇ ਹਾਦਸੇ ਹੋ ਚੁੱਕੇ ਹਨ।

ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸੀਵਰੇਜ ਦੇ ਮੈਨਹੋਲ 'ਚ ਗੈਸ ਹੋਣ ਕਾਰਣ ਸਾਹ ਘੁੱਟਣ ਨਾਲ ਕਈ ਸੀਵਰਮੈਨ ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਲੈ ਕੇ ਹਾਈ ਕੋਰਟ ਨੇ ਵੀ ਸਖਤ ਰੁੱਖ ਅਪਣਾਇਆ ਸੀ। ਕਰਮਚਾਰੀਆਂ ਨੂੰ ਸੀਵਰ 'ਚ ਜਾਣ 'ਤੇ ਬੈਨ ਕਰ ਦਿੱਤਾ ਸੀ। ਅਧਿਕਾਰੀਆਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਕਰਮਚਾਰੀਆਂ ਨੂੰ ਮੈਨਹੋਲ 'ਚ ਨਾ ਭੇਜਿਆ ਜਾਵੇ। ਇਸ ਦੇ ਬਾਵਜੂਦ ਕਈ ਵਾਰ ਕਰਮਚਾਰੀ ਮੈਨਹੋਲ 'ਚ ਜਾ ਕੇ ਮੌਤ ਦਾ ਸ਼ਿਕਾਰ ਹੋਏ ਹਨ। ਪਿਛਲੇ ਸਮੇਂ 'ਚ ਗੇਟ ਹਕੀਮਾਂ ਕੋਲ ਇਕ ਸੀਵਰਮੈਨ ਦੀ ਮੈਨਹੋਲ 'ਚ ਜਾਣ 'ਤੇ ਜ਼ਹਿਰੀਲੀ ਗੈਸ ਚੜ੍ਹ ਗਈ ਸੀ, ਜਿਸ ਨਾਲ ਉਸ ਦੀ ਹਾਲਤ ਗੰਭੀਰ ਹੋ ਗਈ ਸੀ ਅਤੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

ਕਰਮਚਾਰੀਆਂ ਦੀ ਜ਼ਿੰਦਗੀ ਹੋਵੇਗੀ ਸੁਰੱਖਿਅਤ
ਰੋਬੋਟ ਨਾਲ ਗੰਦਗੀ ਲਿਜਾਣ ਦੀ ਸਮੱਸਿਆ, ਜ਼ਹਿਰੀਲੀ ਗੈਸ, ਸੀਵਰੇਜ ਦੇ ਪਾਣੀ ਦਾ ਟੋਆ ਕੱਢਣ ਸਬੰਧੀ ਕਈ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਜਦੋਂ ਸੀਵਰਮੈਨ ਮੈਨਹੋਲ 'ਚ ਜਾਂਦੇ ਸਨ ਤਾਂ ਉਹ ਸੀਵਰੇਜ ਦੇ ਅੰਦਰ ਜਾਣ ਤੋਂ ਬਾਅਦ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਨਾਲ ਸਰੀਰ ਦੇ ਹੋਣ ਵਾਲੇ ਨੁਕਸਾਨ ਤੇ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਕਿਸੇ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ।

ਕੰਪਨੀ ਦੇ ਵਿਅਕਤੀ ਆਏ ਸਨ, ਜਿਨ੍ਹਾਂ ਨਾਲ ਗੱਲ ਹੋਈ ਹੈ। ਨਿਗਮ ਬੀ. ਪੀ. ਸੀ. ਐੱਲ. ਰਾਹੀਂ 2 ਰੋਬੋਟ ਮਸ਼ੀਨਾਂ ਖਰੀਦੇਗਾ, ਜੇਕਰ ਉਹ ਠੀਕ ਚੱਲਦੀਆਂ ਹਨ ਤਾਂ ਉਸ ਤੋਂ ਬਾਅਦ ਹੋਰ ਰੋਬੋਟ ਲੈ ਕੇ ਆਵਾਂਗੇ। ਇਸ ਨਾਲ ਸੀਵਰੇਜ ਦੀ ਸਫਾਈ 'ਚ ਕਾਫ਼ੀ ਫਾਇਦਾ ਹੋਵੇਗਾ। – ਕੋਮਲ ਮਿੱਤਲ, ਕਮਿਸ਼ਨਰ ਨਗਰ ਨਿਗਮ

Baljeet Kaur

This news is Content Editor Baljeet Kaur