ਸਕਿਓਰਿਟੀ ਗਾਰਡ ਖੁਦਕੁਸ਼ੀ ਮਾਮਲਾ : ਸੁਸਾਈਡ ਨੋਟ ''ਚ ਖੁੱਲ੍ਹੇ ਰਾਜ਼

03/18/2020 1:12:59 PM

ਅੰਮ੍ਰਿਤਸਰ (ਅਰੁਣ) : ਐੱਚ. ਡੀ. ਐੱਫ. ਸੀ. ਬੈਂਕ ਲੋਪੋਕੇ ਬ੍ਰਾਂਚ ਦੇ ਸਕਿਓਰਿਟੀ ਗਾਰਡ ਵੱਲੋਂ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆਇਆ, ਜਦੋਂ ਮ੍ਰਿਤਕ ਦੇ ਬੈਗ 'ਚੋਂ ਮਿਲੇ ਇਕ ਸੁਸਾਈਡ ਨੋਟ ਨਾਲ ਉਸ ਦੀ ਮੌਤ ਦੇ ਜ਼ਿੰਮੇਵਾਰ ਮੁਲਜ਼ਮਾਂ ਬਾਰੇ ਖੁਲਾਸਾ ਹੋਇਆ। ਲੋਪੋਕੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਚੋਗਾਵਾਂ ਵਾਸੀ ਅਜੀਤ ਸਿੰਘ ਨੇ ਦੱਸਿਆ ਕਿ ਉਹ ਐੱਚ. ਡੀ. ਐੱਫ. ਸੀ. ਬ੍ਰਾਂਚ ਲੋਪੋਕੇ 'ਚ ਸਕਿਓਰਿਟੀ ਗਾਰਡ ਦੀ ਡਿਊਟੀ ਕਰਦਾ ਹੈ। ਉਸ ਦਾ ਭਰਾ ਅੰਮ੍ਰਿਤਪਾਲ ਸਿੰਘ (30) ਵੀ ਉਸ ਦੇ ਨਾਲ ਹੀ ਡਿਊਟੀ ਕਰਦਾ ਸੀ।

11 ਮਾਰਚ ਨੂੰ ਉਸ ਦਾ ਭਰਾ ਆਪਣੇ ਮੋਟਰਸਾਈਕਲ 'ਤੇ ਡਿਊਟੀ ਕਰਨ ਗਿਆ ਪਰ ਵਾਪਸ ਘਰ ਨਹੀਂ ਪਰਤਿਆ। ਪਤਾ ਕਰਨ 'ਤੇ ਉਸ ਦੇ ਭਰਾ ਵਲੋਂ ਬੈਂਕ ਨਾ ਪੁੱਜÎਣ ਬਾਰੇ ਪਤਾ ਲੱਗਾ। ਪਰਿਵਾਰਕ ਮੈਂਬਰਾਂ ਵਲੋਂ ਉਸ ਦੀ ਭਾਲ ਕਰਨ 'ਤੇ ਨਹਿਰ ਸੂਆ ਲੋਪੋਕੇ ਨੇੜੇ ਉਸ ਦੇ ਭਰਾ ਦਾ ਮੋਟਰਸਾਈਕਲ ਮਿਲਿਆ, ਜਿਸ ਤੋਂ ਥੋੜ੍ਹੀ ਹੀ ਦੂਰੀ 'ਤੇ ਉਸ ਦੇ ਭਰਾ ਦੀ ਲਾਸ਼ ਪਈ ਮਿਲੀ, ਜਿਸ ਨੇ 12 ਬੋਰ ਰਾਈਫਲ ਨਾਲ ਗੋਲੀ ਮਾਰ ਕੇ ਸੁਸਾਈਡ ਕੀਤਾ ਸੀ। ਪੁਲਸ ਵਲੋਂ ਲਾਸ਼ ਕਬਜ਼ੇ 'ਚ ਲੈਣ ਮਗਰੋਂ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਸੀ।

ਬੈਗ 'ਚੋਂ ਮਿਲੇ ਰਜਿਸਟਰ 'ਚੋਂ ਮਿਲਿਆ ਸੁਸਾਈਡ ਨੋਟ
ਅਜੀਤ ਸਿੰਘ ਨੇ ਦੱਸਿਆ ਕਿ 16 ਮਾਰਚ ਨੂੰ ਐੱਚ. ਡੀ. ਐੱਫ. ਸੀ. ਬੈਂਕ 'ਚ ਉਸ ਦੇ ਭਰਾ ਦੇ ਬੈਗ 'ਚੋਂ ਇਕ ਰਜਿਸਟਰ ਮਿਲਿਆ, ਜਿਸ ਵਿਚ ਉਸ ਦੇ ਭਰਾ ਵਲੋਂ ਇਕ ਸੁਸਾਈਡ ਨੋਟ ਲਿਖਿਆ ਮਿਲਿਆ। ਭਰਾ ਨੇ ਆਪਣੀ ਮੌਤ ਦਾ ਕਾਰਣ ਉਸ ਨਾਲ ਹੋਣ ਵਾਲੀਆਂ ਧੋਖਾਦੇਹੀਆਂ ਤੋਂ ਜਾਣੂ ਕਰਵਾਇਆ ਸੀ। ਸੁਸਾਈਡ ਨੋਟ 'ਚ ਸਰਵਣ ਸਿੰਘ ਵਲੋਂ ਪੈਸੇ ਲੈਣ ਦੇ ਬਾਵਜੂਦ ਉਸ ਦਾ ਵੀਜ਼ਾ ਨਾ ਲਵਾਉਣ, ਸੁੱਖਾ ਦਰਜੀ ਵਲੋਂ ਕਮੇਟੀਆਂ ਦੇ 3 ਲੱਖ ਹੜੱਪਣ ਅਤੇ ਉਸ ਦੇ ਪਰਿਵਾਰ ਵਲੋਂ ਕ੍ਰੈਡਿਟ ਕਾਰਡ ਦੇ ਵਾਰ-ਵਾਰ ਪੈਸੇ ਤਾਰਨ ਦੇ ਬਾਵਜੂਦ ਬੈਂਕ ਕਰਮਚਾਰੀਆਂ ਵਲੋਂ ਕ੍ਰੈਡਿਟ ਕਾਰਡ ਬੰਦ ਨਾ ਕੀਤੇ ਜਾਣ ਕਾਰਣ ਰਿਕਵਰੀ ਮੁਲਾਜ਼ਮ ਰਾਹੁਲ, ਸੁਰਜੀਤ ਅਤੇ ਹੋਰ ਬੈਂਕ ਮੁਲਾਜ਼ਮਾਂ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਦਿਆਂ ਮਰਨ ਲਈ ਮਜਬੂਰ ਕੀਤੇ ਜਾਣ ਬਾਰੇ ਲਿਖਿਆ ਗਿਆ। ਪੁਲਸ ਨੇ ਸੁਸਾਈਡ ਨੋਟ ਦੇ ਆਧਾਰ 'ਤੇ ਕਾਰਵਾਈ ਸਰਵਣ ਸਿੰਘ ਵਾਸੀ ਖਾਸਾ, ਸੁੱਖਾ ਦਰਜੀ ਵਾਸੀ ਚੋਗਾਵਾਂ, ਰਾਹੁਲ ਬ੍ਰਾਂਚ ਇੰਚਾਰਜ ਐੱਚ. ਡੀ. ਐੱਫ. ਸੀ. ਬੈਂਕ ਤੇ ਸੁਰਜੀਤ ਕਪੂਰ ਸਮੇਤ ਕੁਝ ਹੋਰ ਬੈਂਕ ਕਰਮਚਾਰੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News