ਰਿਫਰੈਂਡਮ 2020 ਨੂੰ ਪੰਜਾਬ ''ਚ ਕੋਈ ਸਮਰਥਨ ਨਹੀਂ : ਡੀ.ਜੀ.ਪੀ

09/25/2019 1:40:02 PM

ਅੰਮ੍ਰਿਤਸਰ (ਸੰਜੀਵ) : ਪੰਜਾਬ ਦੀ ਖੁਫੀਆ ਏਜੈਂਸੀ ਵਲੋਂ ਤਰਨਤਾਰਨ ਸੈਕਟਰ ਤੋਂ ਗ੍ਰਿਫਤਾਰ ਕੀਤੇ ਗਏ 4 ਅੱਤਵਾਦੀਆਂ ਵਲੋਂ ਹੋਏ ਖੁਲਾਸੇ ਵਿਚ ਪਾਕਿਸਤਾਨ ਦੀ ਖੁਫੀਆ ਏਜੈਂਸੀ ਆਈ.ਐੱਸ.ਆਈ. ਵਲੋਂ ਡਰੋਨ ਤੋਂ ਪੰਜਾਬ ਦੇ ਰਾਜੋਕੇ ਸੈਕਟਰ 'ਚ ਭੇਜੇ ਗਏ ਹਥਿਆਰ ਪੰਜਾਬ ਪੁਲਸ, ਬੀ.ਐੱਸ.ਐੱਫ ਅਤੇ ਏਅਰਫੋਰਸ ਦੇ ਸਾਹਮਣੇ ਇਕ ਚੈਲੇਂਜ ਬਣ ਕੇ ਆਏ ਹਨ, ਜਿਸ ਤੇ ਇੱਕ ਜੁੱਟਤਾ ਨਾਲ ਕੰਮ ਕੀਤਾ ਜਾਵੇਗਾ ਅਤੇ ਇਸ 'ਚ ਆਪਣੀ ਕੈਬੇਬਿਲਟੀ ਅਤੇ ਕੈਪੇਸਿਟੀ ਨੂੰ ਵਧਾਇਆ ਜਾਵੇਗਾ। ਇਹ ਕਹਿਣਾ ਸੀ ਪੰਜਾਬ ਦੇ ਡੀ.ਜੀ.ਪੀ.ਦਿਨਕਰ ਗੁਪਤਾ ਦਾ, ਜੋ ਅੰਮ੍ਰਿਤਸਰ 'ਚ ਹੋਏ ਇਕ ਸਮਾਰੋਹ 'ਚ ਸ਼ਾਮਲ ਹੋਣ ਲਈ ਆਏ ਸਨ। ਅੱਤਵਾਦੀਆਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਦੇ ਇਸਤੇਮਾਲ ਤੇ ਡੀ.ਜੀ.ਪੀ. ਦਿਨਕਰ ਗੁਪਤਾ ਦਾ ਕਹਿਣਾ ਸੀ ਕਿ ਸਾਰਾ ਭਾਰਤ ਸਾਡਾ ਹੈ, ਇਹ ਜਾਂਚ ਦਾ ਵਿਸ਼ਾ ਹੈ ਕਿ ਇੰਨ੍ਹਾ ਹਥਿਆਰਾਂ ਨੂੰ ਕਿੱਥੇ ਇਸਤੇਮਾਲ ਕੀਤਾ ਜਾਣਾ ਸੀ। ਇਸ ਤੇ ਪੰਜਾਬ ਪੁਲਸ ਦੇ ਨਾਲ ਐੱਨ.ਆਈ.ਏ. ਵੀ ਕੰਮ ਕਰ ਰਹੀ ਹੈ। ਰਿਫਰੈਂਡਮ 2020 ਤੇ ਡੀ. ਜੀ.ਪੀ. ਨੇ ਕਿਹਾ ਕਿ ਪੰਜਾਬ 'ਚ ਕੋਈ ਵੀ ਰਾਜਨੀਤਕ ਅਤੇ ਹੋਰ ਸੰਸਥਾ ਇਸਦੇ ਸਮਰਥਨ 'ਚ ਨਹੀਂ ਹਨ।

ਅੱਤਵਾਦੀਆਂ ਦੀ ਗ੍ਰਿਫਤਾਰੀ ਦੇ ਬਾਅਦ ਪੰਜਾਬ 'ਚ ਬਣਾਏ ਜਾ ਰਹੇ ਸਲਿੱਪਰ ਸੈੱਲ 'ਤੇ ਬੋਲਦੇ ਹੋਏ ਡੀ.ਜੀ.ਪੀ.ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਪੂਰੀ ਸਰਗਰਮੀ ਨਾਲ ਕੰਮ ਕਰ ਰਹੀਆ ਹਨ। ਬੇਸ਼ੱਕ ਜੇਲ 'ਚ ਬੈਠੇ ਅੱਤਵਾਦੀ ਮਾਨ ਸਿੰਘ ਵਲੋਂ ਕੁਝ ਨਵੇਂ ਲੋਕਾਂ ਨੂੰ ਜੋੜਿਆ ਜਾ ਰਿਹਾ ਸੀ ਪਰ ਇਸ ਮੈਡਿਊਲ ਨੂੰ ਪੰਜਾਬ ਪੁਲਸ ਨੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਪਿਛਲੇ ਕੁਝ ਸਮੇਂ 'ਚ ਪੰਜਾਬ ਪੁਲਸ ਵਲੋਂ 28 ਮੈਡਿਊਲ ਬੇਨਕਾਬ ਕੀਤੇ ਗਏ ਅਤੇ ਢਾਈ ਸਾਲ ਦੇ ਅਰਸੇ ਦੌਰਾਨ 337 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੇਲਾਂ ਦੀ ਸੁਰੱਖਿਆ ਤੇ ਡੀ.ਜੀ.ਪੀ.ਦਾ ਕਹਿਣਾ ਸੀ ਕਿ ਇਸ 'ਤੇ ਬਾਰੀਕੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਬਹੁਤ ਛੇਤੀ ਕੁਝ ਅਜਿਹੀ ਹਾਈ ਸਿਕਿਊਰਿਟੀ ਜੇਲਾਂ ਨੂੰ ਵੀ ਬਣਾਉਣ ਦੀ ਤਿਆਰੀ ਵਿਚ ਹੈ, ਜਿੱਥੇ ਅੱਤਵਾਦੀਆ, ਗੈਂਗਸਟਰਾਂ ਅਤੇ ਸੰਗੀਨ ਮਾਮਲਿਆ ਦੇ ਮੁਲਜਮਾਂ ਨੂੰ ਰੱਖਿਆ ਜਾਵੇਗਾ। ਪੰਜਾਬ ਵਿਚ ਗੈਂਗਸਟਰੀਜਮ ਵੀ ਘੱਟ ਹੋਇਆ ਹੈ, ਪੰਜਾਬ ਪੁਲਸ ਪਿਛਲੇ ਲੰਬੇ ਸਮੇਂ ਤੋਂ ਇਸ ਤੇ ਲਗਾਤਾਰ ਕੰਮ ਕਰ ਰਹੀ ਸੀ ਅਤੇ ਜਿੰਨੇ ਵੀ ਗੈਂਗ ਸਰਗਰਮੀ ਨਾਲ ਪੰਜਾਬ 'ਚ ਚੱਲ ਰਹੇ ਸਨ ਉਨ੍ਹਾ ਨੂੰ ਗ੍ਰਿਫਤਾਰ ਕਰਕੇ ਜੇਲਾਂ 'ਚ ਭੇਜਿਆ ਗਿਆ ਹੈ।

ਅਖਿਰ 'ਚ ਅੰਮ੍ਰਿਤਸਰ 'ਚ ਹੋਏ ਬਲਾਸਟ ਤੇ ਬੋਲਦੇ ਹੋਏ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਹ ਦੁੱਖਦਾਈ ਘਟਨਾ ਹੈ ਅਤੇ ਇਸ ਬਲਾਸਟ ਦੀ ਜਾਂਚ ਲਈ ਸਿੱਟ ਦਾ ਗਠਨ ਕਰ ਦਿੱਤਾ ਗਿਆ ਹੈ ਜੋ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਪ੍ਰਧਾਨਗੀ 'ਚ ਕੰਮ ਕਰ ਰਹੀ ਹੈ। ਬਹੁਤ ਛੇਤੀ ਉਸ ਦੀ ਰਿਪੋਰਟ ਆਉਣ ਦੇ ਬਾਅਦ ਉਸ 'ਤੇ ਠੋਸ ਕਾਰਵਾਈ ਕੀਤੀ ਜਾਵੇਗੀ। ਉਹ ਕੱਲ ਤੋਂ ਹੀ ਲਗਾਤਾਰ ਬਲਾਸਟ ਦੀ ਇਸ ਦੀ ਜਾਣਕਾਰੀ ਲੈਂਦੇ ਰਹੇ ਹਨ। ਨਸ਼ਾ ਰਿਕਵਰੀ 'ਤੇ ਬੋਲਦੇ ਹੋਏ ਡੀ.ਜੀ.ਪੀ. ਗੁਪਤਾ ਨੇ ਕਿਹਾ ਕਿ ਇਸ 'ਤੇ ਪੰਜਾਬ ਪੁਲਸ ਲਗਾਤਾਰ ਕੰਮ ਕਰ ਰਹੀ ਹੈ। ਪਿਛਲੇ ਦੋ- ਢਾਈ ਸਾਲ 'ਚ 28 ਹਜ਼ਾਰ ਦੇ ਕਰੀਬ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ 33 ਹਜ਼ਾਰ ਦੇ ਕਰੀਬ ਗ੍ਰਿਫਤਾਰੀਆਂ ਕੀਤੀਆ ਗਈਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀ.ਜੀ.ਪੀ. ਦਿਨਕਰ ਗੁਪਤਾ ਨੇ ਐੱਸ.ਐੱਸ.ਪੀ. ਦਿਹਾਤੀ ਵਿਕਰਮਜੀਤ ਦੁੱਗਲ ਦੀ ਪਿੱਠ ਥਪਥਪਾਈ। ਉਨ੍ਹਾ ਨੇ ਕਿਹਾ ਕਿ ਦਿਹਾਤੀ ਪੁਲਸ ਵਲੋਂ ਹਾਲ ਹੀ 'ਚ ਰਿਕਵਰ ਕੀਤੀ ਗਈ ਸਾਢੇ 22 ਕਿੱਲੋ ਹੈਰੋਇਨ ਦੀ ਖੇਪ ਇੱਕ ਸ਼ਲਾਘਾਯੋਗ ਕੰਮ ਹੈ। ਪਿਛਲੇ ਦਿਨਾਂ 'ਚ ਐੱਸ.ਐੱਸ.ਪੀ. ਦਿਹਾਤੀ ਵਲੋਂ ਬਹੁਤ ਸਾਰੇ ਸੰਗੀਨ ਮਾਮਲਿਆ 'ਚ ਗ੍ਰਿਫਤਾਰੀਆਂ ਵੀ ਕੀਤੀਆ ਗਈਆਂ ਹਨ।

Baljeet Kaur

This news is Content Editor Baljeet Kaur