ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਐਂਡ ਫ੍ਰੀ ਹਾਸਪੀਟਲ ਦੀ ਪ੍ਰਿੰਸੀਪਲ ਨੇ ਕੀਤੀ ਖੁਦਕੁਸ਼ੀ

04/22/2019 1:37:46 PM

ਅੰਮ੍ਰਿਤਸਰ (ਬੌਬੀ) : ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਐਂਡ ਫ੍ਰੀ ਹਾਸਪੀਟਲ ਦਬੁਰਜੀ 'ਚ ਪ੍ਰਿੰਸੀਪਲ ਦੇ ਅਹੁਦੇ 'ਤੇ ਤਾਇਨਾਤ ਅਤੇ ਮੋਹਨ ਨਗਰ ਕਾਕਾ ਰਾਮ ਹਲਵਾਈ ਵਾਲੀ ਗਲੀ ਸੁਲਤਾਨਵਿੰਡ ਰੋਡ 'ਤੇ ਰਹਿਣ ਵਾਲੀ ਕਵਿਤਾ ਸਿੰਘ ਨੇ ਆਪਣੇ ਹੀ ਘਰ ਦੇ ਕਮਰੇ 'ਚ ਚੁੰਨੀ ਦੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕਾ ਦੇ 19 ਸਾਲ ਦਾ ਬੇਟੇ ਮੋਹਿਤ ਨੇ ਪੁਲਸ ਨੂੰ ਦੱਸਿਆ ਕਿ ਮੇਰੀ ਮਾਂ ਕਵਿਤਾ ਸਿੰਘ ਕਾਲਜ ਤੋਂ ਛੁੱਟੀ ਹੋਣ ਉਪਰੰਤ ਕਰਾਈਸਟ ਗਿਰਜਾਘਰ ਰਾਮਬਾਗ 'ਚ ਸੇਵਾ ਕਰਦੀ ਸੀ। ਦੋ-ਤਿੰਨ ਦਿਨ ਤੋਂ ਉਹ ਪ੍ਰੇਸ਼ਾਨ ਸੀ, ਮੇਰੇ ਵਲੋਂ ਪੁੱਛਣ 'ਤੇ ਮੇਰੀ ਮਾਂ ਨੇ ਦੱਸਿਆ ਕਿ ਗਿਰਜਾਘਰ 'ਚ ਲਵੀਨਾ ਵੀ. ਕੁਮਾਰ ਪਤਨੀ ਵਿਜੇ ਕੁਮਾਰ ਵਾਸੀ ਮਿਸ਼ਨ ਕੰਪਾਊਂਡ ਅੰਮ੍ਰਿਤਸਰ ਮੇਰੇ ਨਾਲ ਨਫਰਤ ਦੀ ਭਾਵਨਾ ਰੱਖਦੀ ਸੀ ਅਤੇ ਗਿਰਜਾਘਰ ਵਿਚ ਆਉਂਦੇ-ਜਾਂਦੇ ਉਨ੍ਹਾਂ ਨੂੰ ਤਾਹਨੇ-ਮਿਹਣੇ ਮਾਰਿਆ ਕਰਦੀ ਹੈ। ਮੈਂ ਆਪਣੀ ਮਾਂ ਨੂੰ ਸਮਝਾਇਆ ਕਿ ਤੁਸੀਂ ਉਸ ਵੱਲ ਧਿਆਨ ਨਾ ਦੇਵੋ।

20 ਅਪ੍ਰੈਲ ਮੈਂ ਕਿਸੇ ਕੰਮ ਕਾਰਨ ਘਰੋਂ ਬਾਜ਼ਾਰ ਗਿਆ ਹੋਇਆ ਸੀ। ਰਾਤ ਨੂੰ ਲਗਭਗ 8 ਵਜੇ ਕਰਾਈਸਟ ਗਿਰਜਾਘਰ ਦੇ ਅਸਿਸਟੈਂਟ ਪਾਦਰੀ ਸੁਮਿਤ ਪਟੇਲ ਅਤੇ ਮੈਂ ਜਦੋਂ ਘਰ ਪੁੱਜੇ ਤਾਂ ਕਮਰੇ 'ਚ ਜਾ ਕੇ ਵੇਖਿਆ ਤਾਂ ਟੇਬਲ 'ਤੇ ਮੇਰੀ ਮਾਂ ਦੀ ਡਾਇਰੀ ਖੁੱਲ੍ਹੀ ਹੋਈ ਸੀ ਅਤੇ ਉਸ 'ਤੇ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਸੁਸਾਇਡ ਨੋਟ ਲਿਖਿਆ ਹੋਇਆ ਸੀ, ਜਿਸ 'ਚ ਲਿਖਿਆ ਹੋਇਆ ਸੀ ਕਿ ਗਿਰਜਾਘਰ 'ਚ ਅੱਜ ਮੈਨੂੰ ਲਵੀਨਾ ਨੇ ਬੋਲਿਆ ਕਿ ਤੇਰੇ ਕਰ ਕੇ ਸਾਡੇ ਪਰਿਵਾਰ ਨੇ ਗਿਰਜਾਘਰ ਵਿਚ ਆਉਣਾ ਬੰਦ ਕਰ ਦਿੱਤਾ ਹੈ। ਮ੍ਰਿਤਕਾ ਨੇ ਸੁਸਾਇਡ ਨੋਟ ਵਿਚ ਲਿਖਿਆ ਕਿ ਮੇਰਾ ਅੱਜ ਆਖਰੀ ਦਿਨ ਹੈ, ਮੇਰੇ ਕਾਰਨ ਕੋਈ ਵੀ ਪਰਿਵਾਰ ਗਿਰਜਾਘਰ ਵਿਚ ਆਉਣਾ-ਜਾਣਾ ਹੁਣ ਬੰਦ ਨਹੀਂ ਕਰੇਗਾ। ਮ੍ਰਿਤਕਾ ਦੇ ਬੇਟੇ ਨੇ ਕਿਹਾ ਮੈਂ ਅਤੇ ਅਸਿਸਟੈਂਟ ਪਾਦਰੀ ਸੁਮਿਤ ਪਟੇਲ ਨੇ ਮਾਂ ਨੂੰ ਕਮਰਿਆਂ ਵਿਚ ਵੇਖਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਕਿਸੇ ਕਮਰੇ ਵਿਚ ਨਾ ਮਿਲੀ ਤਾਂ ਅਸੀਂ ਗੈਸਟ ਰੂਮ 'ਚ ਵੇਖਿਆ ਤਾਂ ਮੇਰੀ ਮਾਂ ਨੇ ਚੁੰਨੀ ਦੇ ਨਾਲ ਫਾਹਾ ਲਿਆ ਹੋਇਆ ਸੀ। ਥਾਣਾ ਬੀ ਡਵੀਜ਼ਨ ਦੀ ਪੁਲਸ ਨੇ ਮ੍ਰਿਤਕਾ ਦੇ ਬੇਟੇ ਮੋਹਿਤ ਦੀ ਸ਼ਿਕਾਇਤ ਤੇ ਆਤਮ-ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਲਵੀਨਾ 'ਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

Baljeet Kaur

This news is Content Editor Baljeet Kaur