ਗਰਭਵਤੀ ਦੇ ਆਪ੍ਰੇਸ਼ਨ ਤੋਂ ਬਾਅਦ ਟਾਂਕੇ ਨਾ ਲਾਏ ਜਾਣ ਦੀ ਵੀਡੀਓ ਵਾਇਰਲ

09/29/2019 10:18:14 AM

ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦੇ ਅਧੀਨ ਚੱਲਣ ਵਾਲੇ ਬੇਬੇ ਨਾਨਕ ਮਦਰ ਐਂਡ ਚਾਈਲਡ ਕੇਅਰ ਸੈਂਟਰ ਦੇ ਇਕ ਗਰਭਵਤੀ ਦੇ ਆਪ੍ਰੇਸ਼ਨ ਬਾਅਦ ਟਾਂਕੇ ਨਾ ਲਾਏ ਜਾਣ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਦੇਖਣ ਵਾਲੇ ਲੋਕ ਜਿੱਥੇ ਹਸਪਤਾਲ ਪ੍ਰਸ਼ਾਸਨ ਨੂੰ ਕੋਸ ਰਹੇ ਹਨ ਉਥੇ ਵੀਡੀਓ ਵਾਇਰਲ ਹੋਣ ਦੇ ਬਾਅਦ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੇ ਇਸ ਮਾਮਲੇ 'ਚ ਬੋਲਣ ਤੋਂ ਇਨਕਾਰ ਕਰ ਦਿੱਤਾ, ਜਦਕਿ ਇਹ ਵੀਡੀਓ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੀ ਮੌਜੂਦਗੀ 'ਚ ਕਿਸੇ ਅਣਪਛਾਤੇ ਵਿਅਕਤੀ ਵਲੋਂ ਬਣਾਈ ਗਈ ਹੈ। ਵੀਡੀਓ 'ਚ ਦੋਸ਼ ਲਾਇਆ ਜਾ ਰਿਹਾ ਹੈ ਕਿ ਡਾਕਟਰਾਂ ਨੇ ਆਪ੍ਰੇਸ਼ਨ ਤਾਂ ਕਰ ਦਿੱਤਾ ਪਰ ਟਾਂਕੇ ਲਾਉਣ ਦੀ ਬਜਾਏ ਉਸ 'ਤੇ ਟੇਪ ਚਿਪਕਾ ਦਿੱਤੀ।

ਦੱਸਣਯੋਗ ਹੈ ਕਿ ਇਸਲਾਮਬਾਦ ਦੀ 20 ਸਾਲਾ ਉਕਤ ਮਹਿਲਾ ਦੀ ਪਹਿਲੀ ਡਲਿਵਰੀ ਸੀ ਅਤੇ ਹਸਪਤਾਲ 'ਚ 18 ਸਤੰਬਰ ਨੂੰ ਦਾਖਲ ਕਰਵਾਇਆ ਗਿਆ ਸੀ। ਵੀਡੀਓ ਵਿਚ ਦੋਸ਼ ਹੈ ਕਿ ਪਹਿਲਾਂ ਤਾਂ ਉਸ ਦਾ ਇਲਾਜ ਨਹੀਂ ਕੀਤਾ ਗਿਆ ਅਤੇ ਜਦੋਂ ਆਪ੍ਰੇਸ਼ਨ ਕੀਤਾ ਗਿਆ ਤਾਂ ਜ਼ਖਮ ਖੁੱਲ੍ਹੇ ਛੱਡ ਦਿੱਤੇ ਗਏ। ਸੋਸ਼ਲ ਮੀਡੀਆ 'ਤੇ ਵੀਡੀਓ ਦੇ ਵਾਇਰਲ ਹੋ ਰਹੇ ਮੈਸੇਜ 'ਚ ਦੱਸਿਆ ਗਿਆ ਹੈ ਕਿ ਮਹਿਲਾ ਦੇ ਗਰਭ 'ਚ ਬੱਚੀ ਸੀ, ਉਸ ਦਾ ਵੀ ਸਹੀ ਇਲਾਜ ਨਾ ਹੋਣ ਦੇ ਕਾਰਨ ਮੌਤ ਹੋ ਗਈ। ਵਾਇਰਲ ਵੀਡੀਓ ਦਾ ਸੱਚ ਜਾਣਨ ਲਈ ਜਦੋਂ 'ਜਗ ਬਾਣੀ' ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤਾਂ ਮਰੀਜ਼ ਦੇ ਕਿਸੇ ਵੀ ਪਰਿਵਾਰਿਕ ਮੈਂਬਰ ਨੇ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਉਧਰ ਦੂਸਰੇ ਪਾਸੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਬਾਰੇ ਸਮਾਜ ਸੇਵਕ ਜੈਗੋਪਾਲ ਲਾਲੀ ਅਤੇ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਅਤੇ ਲੱਗਦਾ ਹੈ ਕਿ ਹਸਪਤਾਲ ਪ੍ਰਸ਼ਾਸਨ ਦੀ ਇਸ 'ਚ ਨਾਲਾਇਕੀ ਹੈ। ਉਨ੍ਹਾਂ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕਰਵਾਈ ਜਾਵੇ।

ਗਾਇਨੀ ਵਿਭਾਗ ਦੀ ਮੁਖੀ ਅਤੇ ਸਰਕਾਰੀ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਜਾਤਾ ਸ਼ਰਮਾ ਨਾਲ ਇਸ ਸਬੰਧ 'ਚ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਆਪਣਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ, ਜਦਕਿ ਦੂਸਰੇ ਪਾਸੇ ਹਸਪਤਾਲ ਦੇ ਬੁਲਾਰੇ ਡਾ. ਰਾਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਮਹਿਲਾ ਦੀ ਸਥਿਤੀ ਬੇਹੱਦ ਹੀ ਨਾਜ਼ੁਕ ਸੀ ਅਤੇ ਉਸ ਨੂੰ ਪਹਿਲਾ ਹੀ ਇੰਫੈਕਸ਼ਨ ਹੋਈ ਸੀ। ਡਾਕਟਰਾਂ ਨੇ ਦਿਨ-ਰਾਤ ਇਕ ਕਰ ਕੇ ਮਰੀਜ਼ ਦੀ ਜਾਨ ਬਚਾਈ ਹੈ, ਕਿਉਂਕਿ ਇਸ ਦੀ ਸਥਿਤੀ ਕਾਫੀ ਗੰਭੀਰ ਸੀ। ਉਨ੍ਹਾ ਟਾਂਕੇ ਨਾ ਲਾਏ ਜਾਣ ਬਾਰੇ ਕਿਹਾ ਕਿ ਟਾਂਕੇ ਲਾਏ ਗਏ ਸੀ ਪਰ ਇੰਫੈਕਸ਼ਨ ਦੇ ਕਾਰਣ ਘੁੱਲ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਵੀਡੀਓ ਵਾਇਰਲ ਹੋਈ ਹੈ ਉਹ ਇਤਰਾਜ਼ਯੋਗ ਹੈ ਅਤੇ ਭਵਿੱਖ 'ਚ ਹਸਪਤਾਲ ਪ੍ਰਬੰਧਕ ਇਹ ਕੋਸ਼ਿਸ਼ ਕਰੇਗਾ ਕਿ ਆਪ੍ਰੇਸ਼ਨ ਵਾਲੀ ਜਗ੍ਹਾ 'ਤੇ ਮੋਬਾਇਲ ਲਿਜਾਣ 'ਤੇ ਪਾਬੰਦੀ ਲਾਈ ਜਾਵੇ।

Baljeet Kaur

This news is Content Editor Baljeet Kaur