ਪੁਲਸ ਵੀ ਨਸ਼ੇ ਦੀ ਗ੍ਰਿਫਤ ''ਚ, 22 ਚੋਂ 13 ਮੁਲਾਜ਼ਮਾਂ ਦੇ ਡੋਪ ਟੈਸਟ ਪਾਜ਼ੇਟਿਵ

11/15/2019 8:37:09 AM

ਅੰਮ੍ਰਿਤਸਰ (ਦਲਜੀਤ) : ਨਸ਼ੇ ਦੀ ਦਲਦਲ ਵਿਚ ਸਰਹੱਦੀ ਖੇਤਰ ਦੇ ਨੌਜਵਾਨ ਹੀ ਨਹੀਂ ਸਗੋਂ ਕਈ ਪੁਲਸ ਮੁਲਾਜ਼ਮ ਵੀ ਫਸੇ ਹੋਏ ਹਨ। ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਤਰਨਤਾਰਨ ਦੇ 22 ਵਿਚੋਂ 13 ਪੁਲਸ ਮੁਲਾਜ਼ਮਾਂ ਦਾ ਡੋਪ ਟੈਸਟ ਪਾਜ਼ੇਟਿਵ ਆਇਆ ਹੈ। ਰਿਪੋਰਟ ਅਨੁਸਾਰ ਸਪੱਸ਼ਟ ਹੈ ਕਿ ਮੁਲਾਜ਼ਮ ਅਫੀਮ, ਸਮੈਕ ਜਾਂ ਹੋਰ ਨਸ਼ੇ ਦਾ ਸੇਵਨ ਕਰਦੇ ਸਨ, ਸਰਕਾਰੀ ਲੈਬਾਰਟਰੀ ਦੀ ਰਿਪੋਰਟ ਸਾਹਮਣੇ ਆਉਣ ਉਪਰੰਤ ਜਿੱਥੇ ਪੁਲਸ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ, ਉਥੇ ਹੀ ਇਸ ਮਾਮਲੇ ਵਿਚ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਜਾਣਕਾਰੀ ਅਨੁਸਾਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਅੱਜ ਤਰਨਤਾਰਨ ਪੁਲਸ ਦੇ 22 ਮੁਲਾਜ਼ਮ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੀ ਲੈਬਾਰਟਰੀ ਵਿਚ ਡੋਪ ਟੈਸਟ ਕਰਵਾਉਣ ਪੁਲਸ ਅਧਿਕਾਰੀ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਪੁੱਜੇ। ਅਧਿਕਾਰੀ ਨੇ ਮੁਲਾਜ਼ਮਾਂ ਦੇ ਟੈਸਟ ਕਰਵਾਉਣ ਲਈ ਹਸਪਤਾਲ ਦੇ ਐੱਸ.ਐੱਮ.ਓ. ਡਾ. ਅਰੁਣ ਸ਼ਰਮਾ ਨੂੰ ਪੱਤਰ ਦੇ ਕੇ ਕਿਹਾ ਕਿ ਕਰਮਚਾਰੀਆਂ ਦੇ ਡੋਟ ਟੈਸਟ ਕਰਵਾਏ ਜਾਣ, ਜਿਸ ਉਪਰੰਤ ਹਸਪਤਾਲ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧਾਂ ਹੇਠ ਮੁਲਾਜ਼ਮਾਂ ਦੇ ਟੈਸਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਦੌਰਾਨ ਸਿਵਲ ਸਰਜਨ ਮੈਡਮ ਪ੍ਰਭਦੀਪ ਕੌਰ ਜੌਹਲ ਵੀ ਮੌਕੇ 'ਤੇ ਪਹੁੰਚ ਗਏ। ਬਾਅਦ ਦੁਪਹਿਰ 2 ਵਜੇ ਜਦੋਂ ਕਰਮਚਾਰੀਆਂ ਦੀ ਡੋਪ ਟੈਸਟ ਦੀ ਰਿਪੋਰਟ ਆਈ ਤਾਂ ਸਾਰੇ ਵੇਖ ਕੇ ਹੈਰਾਨ ਰਹਿ ਗਏ। ਰਿਪੋਰਟ ਵਿਚ ਸਪੱਸ਼ਟ ਸੀ ਕਿ 22 ਵਿਚੋਂ 13 ਕਰਮਚਾਰੀਆਂ ਦਾ ਟੈਸਟ ਪਾਜ਼ੇਟਿਵ ਹੈ ਅਤੇ ਉਹ ਸਮੈਕ, ਅਫੀਮ ਜਾਂ ਹੋਰ ਨਸ਼ੇ ਦਾ ਸੇਵਨ ਕਰਦੇ ਹਨ। ਇਨ੍ਹਾਂ ਕਰਮਚਾਰੀਆਂ ਦੀ ਰਿਪੋਰਟ ਵਿਚ ਮੋਰਫਿਨ ਪਾਇਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਨੇ ਡੋਪ ਟੈਸਟ ਦੀਆਂ ਸਾਰੀਆਂ ਰਿਪੋਰਟਾਂ ਪੁਲਸ ਅਧਿਕਾਰੀ ਸੁਖਮਿੰਦਰ ਸਿੰਘ ਨੂੰ ਸੌਂਪ ਦਿੱਤੀਆਂ ਹਨ। ਇਕੱਠੇ 13 ਮੁਲਾਜ਼ਮਾਂ ਦੇ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਸ ਵਿਭਾਗ ਵਿਚ ਖਲਬਲੀ ਮਚੀ ਹੋਈ ਹੈ। ਇਸ ਮਾਮਲੇ ਵਿਚ ਕੋਈ ਵੀ ਅਧਿਕਾਰੀ ਬੋਲਣ ਤੋਂ ਬੱਚ ਰਿਹਾ ਹੈ।

ਸਿਵਲ ਹਸਪਤਾਲ ਦੇ ਇੰਚਾਰਜ ਡਾ. ਅਰੁਣ ਸ਼ਰਮਾ ਨਾਲ ਇਸ ਸਬੰਧ ਵਿਚ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਤਰਨਤਾਰਨ ਪੁਲਸ ਦੇ ਮੁਲਾਜ਼ਮਾਂ ਦੇ ਡੋਪ ਟੈਸਟ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਹਾਲਾਂਕਿ ਐੱਸ.ਐੱਸ.ਪੀ. ਤਰਨਤਾਰਨ ਧਰੁਵ ਦਹੀਆ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਅਜੇ ਉਹ ਕੁੱਝ ਨਹੀਂ ਕਹਿ ਸਕਦੇ, ਕਿਉਂਕਿ ਜਾਂਚ ਚੱਲ ਰਹੀ ਹੈ। ਨਿਯਮ ਦੱਸਦੇ ਹਨ ਕਿ ਤਰਨਤਾਰਨ ਪੁਲਸ ਵਲੋਂ ਇਸ ਕਰਮਚਾਰੀਆਂ ਦਾ ਡੋਪ ਟੈਸਟ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਚ ਵੀ ਕਰਵਾਇਆ ਗਿਆ ਸੀ ਪਰ ਉੱਥੇ ਵੀ ਪਾਜ਼ੇਟਿਵ ਪਾਇਆ ਗਿਆ ਸੀ।

cherry

This news is Content Editor cherry