ਹੱਤਿਆਵਾਂ ਦੇ ਕੇਸ ਟ੍ਰੇਸ ਕਰਨ ''ਚ ਨਾਕਾਮ ਅੰਮ੍ਰਿਤਸਰ ਦੀ ਪੁਲਸ

01/08/2020 12:21:44 PM

ਅੰਮ੍ਰਿਤਸਰ (ਸੰਜੀਵ) : ਵੱਧ ਰਹੇ ਜੁਰਮ ਦੇ ਗ੍ਰਾਫ ਨੇ ਜਿਥੇ ਸ਼ਹਿਰ ਦੇ ਸੁਰੱਖਿਆ ਤੰਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ, ਉਥੇ ਹੀ ਆਏ ਦਿਨ ਸਾਹਮਣੇ ਆ ਰਹੀਆਂ ਹੱਤਿਆ, ਡਕੈਤੀ, ਗੋਲੀਬਾਰੀ ਅਤੇ ਰੇਪ ਵਰਗੀਆਂ ਸੰਗੀਨ ਵਾਰਦਾਤਾਂ ਨੇ ਸ਼ਹਿਰ ਵਾਸੀਆਂ 'ਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਸਖਤ ਸੁਰੱਖਿਆ ਦੇ ਦਾਅਵੇ ਕਰਨ ਵਾਲੀ ਜ਼ਿਲਾ ਪੁਲਸ ਮਹੀਨਿਆਂ ਤੱਕ ਮੁਲਜ਼ਮਾਂ ਦਾ ਸੁਰਾਗ ਨਹੀਂ ਲਾ ਪਾਉਂਦੀ, ਜਿਸ ਕਾਰਣ ਪੀੜਤ ਥਾਣਿਆਂ ਦੇ ਚੱਕਰ ਲਾ-ਲਾ ਕੇ ਥੱਕ-ਹਾਰ ਕੇ ਬੈਠ ਜਾਂਦੇ ਹਨ। ਵਾਰਦਾਤ ਦੇ ਤੁਰੰਤ ਬਾਅਦ ਬੇਸ਼ੱਕ ਪੁਲਸ ਕੁਝ ਦਿਨਾਂ ਤੱਕ ਪੂਰੀ ਸਰਗਰਮੀ ਦਿਖਾਉਂਦੀ ਹੈ ਪਰ ਅਜਿਹੇ 'ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਾ ਕਰਨ 'ਤੇ ਸਵਾਲਾਂ ਦੇ ਘੇਰੇ 'ਚ ਆ ਜਾਂਦੀ ਹੈ। ਪਿਛਲੇ ਕੁਝ ਦਿਨਾਂ ਵਿਚ ਹੋਏ ਜੁਰਮ ਦੇ ਸੰਗੀਨ ਮਾਮਲਿਆਂ ਦੀ ਇਕ ਲੰਬੀ ਲਿਸਟ ਬਣ ਚੁੱਕੀ ਹੈ, ਜਿਨ੍ਹਾਂ ਨੂੰ ਪੁਲਸ ਛੇਤੀ ਸੁਲਝਾਉਣ ਦੇ ਨਾਲ-ਨਾਲ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਕਰਨ ਦਾ ਦਾਅਵਾ ਤਾਂ ਕਰ ਰਹੀ ਹੈ ਪਰ ਇਸ ਲਿਸਟ ਵਿਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਜੋ ਪੁਲਸ ਪ੍ਰਸ਼ਾਸਨ ਦੀ ਨਾਲਾਇਕੀ ਨੂੰ ਦਿਖਾ ਰਹੀ ਹੈ।
PunjabKesari
ਹਾਈ ਪ੍ਰੋਫਾਈਲ ਵਿਆਹੁਤਾ ਦੇ ਕਤਲ ਦਾ ਪੁਲਸ ਨੇ ਨਹੀਂ ਕੀਤਾ ਦਰਜ ਕੇਸ
ਅੰਮ੍ਰਿਤਸਰ 'ਚ ਇਕ ਹਾਈ ਪ੍ਰੋਫਾਈਲ ਹੱਤਿਆਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਐੱਨ. ਸੀ. ਆਰ. ਵਪਾਰੀ ਦੀਪਕ ਗੁਪਤਾ ਦੀ ਅੰਮ੍ਰਿਤਸਰ ਵਿਚ ਰਹਿ ਰਹੀ ਵਿਆਹੀ ਧੀ ਨੇਹਾ ਗੁਪਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋਈ ਸੀ। ਬਾਵਜੂਦ ਇਸ ਦੇ ਪੁਲਸ ਨੇ ਇਸ ਵਿਚ ਅਜੇ ਤੱਕ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਸੀ. ਆਰ. ਪੀ. ਸੀ. ਅਧੀਨ ਉਸ ਦਾ ਪੋਸਟਮਾਰਟਮ ਕਰਵਾਇਆ ਹੈ। ਪਿਛਲੇ 7 ਦਿਨਾਂ ਤੋਂ ਅੰਮ੍ਰਿਤਸਰ 'ਚ ਬੈਠੇ ਨੇਹਾ ਦੇ ਪਿਤਾ ਅਤੇ ਉਨ੍ਹਾਂ ਦਾ ਪਰਿਵਾਰ ਇਨਸਾਫ ਲਈ ਧੱਕੇ ਖਾ ਰਿਹਾ ਹੈ। ਨੇਹਾ ਦੇ ਪਿਤਾ ਦੀਪਕ ਗੁਪਤਾ ਦਾ ਕਹਿਣਾ ਹੈ ਕਿ ਉਸ ਦੀ ਧੀ ਬਟਾਲਾ 'ਚ ਵਿਆਹੀ ਸੀ, ਜੋ ਇਕ ਸਾਲ ਪਹਿਲਾਂ ਡਰੀਮ ਸਿਟੀ 'ਚ ਆਪਣਾ ਘਰ ਲੈ ਕੇ ਪਤੀ ਅਤੇ ਧੀ ਨਾਲ ਉਥੇ ਹੀ ਰਹਿ ਰਹੀ ਸੀ। ਬਟਾਲਾ ਵਾਸੀ ਸਾਗਰ ਅਤੇ ਉਸ ਦਾ ਪਰਿਵਾਰ ਉਸ ਦੀ ਧੀ ਨੂੰ ਪ੍ਰੇਸ਼ਾਨ ਕਰਦਾ ਸੀ। ਜਦੋਂ ਉਹ ਬਟਾਲਾ ਵਿਚ ਰਹਿੰਦੀ ਸੀ ਤਾਂ ਉਹ ਸਾਗਰ ਦੇ ਜਿਮ ਵਿਚ ਜਾਇਆ ਕਰਦੀ ਸੀ, ਜਿਥੇ ਸਾਗਰ ਉਸ ਦੇ ਸੰਪਰਕ ਵਿਚ ਆਇਆ ਅਤੇ ਉਹ ਉਸ ਨੂੰ ਵਿਆਹ ਲਈ ਮਜਬੂਰ ਕਰਨ ਲੱਗਾ ਪਰ ਉਸ ਦੀ ਧੀ ਆਪਣੇ ਪਤੀ ਅਤੇ ਧੀ ਨਾਲ ਖੁਸ਼ ਸੀ ਤੇ ਉਹ ਬਟਾਲਾ ਛੱਡ ਕੇ ਅੰਮ੍ਰਿਤਸਰ ਆ ਗਈ। ਉਸ ਨੂੰ ਪੂਰਾ ਭਰੋਸਾ ਹੈ ਕਿ ਉਸ ਦੀ ਧੀ ਨੂੰ ਸਾਗਰ, ਉਸ ਦੀ ਮਾਤਾ ਅਤੇ ਦਿੱਲੀ 'ਚ ਰਹਿਣ ਵਾਲੇ ਮਾਮਾ ਨੇ ਵਿਉਂਤਬੱਧ ਢੰਗ ਨਾਲ ਮੌਤ ਦੇ ਘਾਟ ਉਤਾਰਿਆ ਹੈ। ਸ਼ਿਕਾਇਤ ਦੇਣ ਦੇ ਬਾਵਜੂਦ ਪੁਲਸ ਮੁਲਜ਼ਮਾਂ ਵਿਰੁੱਧ ਕਾਰਵਾਈ ਨਹੀਂ ਕਰ ਰਹੀ ਅਤੇ ਉਨ੍ਹਾਂ ਨੂੰ ਡਰ ਹੈ ਕਿ ਮੁਲਜ਼ਮ ਵਿਦੇਸ਼ ਭੱਜਣ ਦੀ ਫਿਰਾਕ ਵਿਚ ਹਨ।

ਸ਼ਿਕਾਇਤ 'ਤੇ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ : ਚੌਕੀ ਦਬੁਰਜੀ ਇੰਚਾਰਜ
ਇਸ ਮਾਮਲੇ ਸਬੰਧੀ ਚੌਕੀ ਦਬੁਰਜੀ ਦੇ ਇੰਚਾਰਜ ਹਰਮੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਨੇਹਾ ਗੁਪਤਾ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ, ਜਦੋਂ ਕਿ ਉਸ ਦੀ ਰਿਪੋਰਟ ਆਉਣ 'ਤੇ ਮੌਤ ਦਾ ਖੁਲਾਸਾ ਹੋ ਸਕੇਗਾ, ਜਿਸ ਤੋਂ ਬਾਅਦ ਹੀ ਨੇਹਾ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

PunjabKesariਐੱਨ. ਆਰ. ਆਈ. ਮਰਡਰ ਕੇਸ- ਅਜੇ ਤੱਕ 'ਬਲਾਈਂਡ'
ਅਮਰੀਕਾ ਤੋਂ ਸਾਢੇ 4 ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਆਏ ਸਿੱਖ ਨੌਜਵਾਨ ਕੁਲਵੰਤ ਸਿੰਘ ਦੀ 20 ਦਸੰਬਰ ਦੀ ਰਾਤ ਘਰ ਦਾ ਗੇਟ ਖੋਲ੍ਹਦੇ ਹੀ 3 ਅਣਪਛਾਤੇ ਨੌਜਵਾਨਾਂ ਨੇ ਤਾਬੜ-ਤੋੜ 16 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬੇਸ਼ੱਕ ਪੁਲਸ ਨੇ ਇਸ ਮਾਮਲੇ ਵਿਚ 3 ਅਣਪਛਾਤੇ ਬਾਈਕ ਸਵਾਰਾਂ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਸੀ ਪਰ ਅੱਜ 15 ਦਿਨ ਬੀਤ ਜਾਣ ਤੋਂ ਬਾਅਦ ਵੀ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਕੁਲਵੰਤ ਸਿੰਘ ਦੇ ਹੱਤਿਆਰਿਆਂ ਦਾ ਕੋਈ ਸੁਰਾਗ ਨਹੀਂ ਲਾ ਸਕੀ ਹੈ।

PunjabKesariਕੱਪੜਾ ਵਪਾਰੀ ਦੇ ਘਰ ਹੋਈ ਡਕੈਤੀ ਵੀ ਨਹੀਂ ਸੁਲਝਾ ਸਕੀ ਪੁਲਸ
ਅੰਮ੍ਰਿਤਸਰ ਦੇ ਪਾਸ਼ ਖੇਤਰ ਵ੍ਹਾਈਟ ਐਵੀਨਿਊ ਦੇ ਰਹਿਣ ਵਾਲੇ ਕੱਪੜਾ ਵਪਾਰੀ ਰਵੀ ਅਰੋੜਾ ਦੇ ਘਰ ਕੰਮ ਕਰਨ ਵਾਲੇ ਨੇਪਾਲੀ ਨੌਕਰ ਜੋੜੇ ਨੇ ਆਪਣੇ 3 ਸਾਥੀਆਂ ਨਾਲ ਮਿਲ ਕੇ 16 ਦਸੰਬਰ ਨੂੰ ਬੰਨ੍ਹ ਕੇ ਲੱਖਾਂ ਦੀ ਡਕੈਤੀ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਸਾਰੇ ਲੁਟੇਰੇ ਵਪਾਰੀ ਦੇ ਘਰੋਂ ਉਸ ਦੀ ਇਨੋਵਾ ਗੱਡੀ ਲੈ ਕੇ ਪਠਾਨਕੋਟ ਵੱਲ ਫਰਾਰ ਹੋ ਗਏ ਸਨ। ਬੇਸ਼ੱਕ ਪੁਲਸ ਨੇ ਲੁੱਟੀ ਗਈ ਗੱਡੀ ਨੂੰ ਸਵੇਰੇ 4.15 'ਤੇ ਧਾਰੀਵਾਲ ਤੋਂ ਰਿਕਵਰ ਕਰ ਲਿਆ ਸੀ ਪਰ ਅਜੇ ਤੱਕ ਕਿਸੇ ਵੀ ਲੁਟੇਰੇ ਦਾ ਸੁਰਾਗ ਨਹੀਂ ਲਾ ਸਕੀ।

PunjabKesariਸਾਬਕਾ ਅਕਾਲੀ ਸਰਪੰਚ ਕਤਲ ਕੇਸ- ਮੁੱਖ ਮੁਲਜ਼ਮ ਪੁਲਸ ਦੀ ਪਹੁੰਚ ਤੋਂ ਦੂਰ
ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਅਕਾਲੀ ਦਲ ਦੇ ਸਾਬਕਾ ਸਰਪੰਚ ਬਾਬਾ ਗੁਰਦੀਪ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬੇਸ਼ੱਕ ਪੁਲਸ ਨੇ ਇਸ ਮਾਮਲੇ 'ਚ ਹੱਤਿਆ ਦੇ ਦੋਸ਼ੀ ਸਰਪੰਚ ਦੀ ਮੁਖ਼ਬਰੀ ਕਰਨ ਵਾਲੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਅੱਜ 5 ਦਿਨ ਬੀਤ ਜਾਣ ਤੋਂ ਬਾਅਦ ਪੁਲਸ ਨਾਮਜ਼ਦ ਕੀਤੇ ਗਏ ਗੈਂਗਸਟਰ ਹਰਜੀਤ ਸਿੰਘ, ਉਸ ਦੇ ਪਿਤਾ ਨਿਰਮਲ ਸਿੰਘ ਅਤੇ ਉਨ੍ਹਾਂ ਨਾਲ ਹੱਤਿਆ 'ਚ ਸ਼ਾਮਿਲ 3 ਹੋਰ ਮੁਲਜ਼ਮਾਂ ਦਾ ਕੋਈ ਵੀ ਸੁਰਾਗ ਨਹੀਂ ਕੱਢ ਸਕੀ।

PunjabKesariਬਾਊਂਸਰਾਂ ਦੀ ਕੁੱਟ-ਮਾਰ ਨਾਲ ਮਾਰਿਆ ਗਿਆ ਬੇਕਸੂਰ ਨੌਜਵਾਨ
ਰਣਜੀਤ ਐਵੀਨਿਊ ਸਥਿਤ ਸੋਸ਼ਲ ਹਾਈਟਸ ਰੈਸਟੋਰੈਂਟ 'ਚ ਆਪਣੇ ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਹਰਜੀਤ ਸਿੰਘ ਰਾਜਾ ਦੀ ਬਾਊਂਸਰਾਂ ਨੇ ਇਸ ਕਦਰ ਕੁੱਟ-ਮਾਰ ਕੀਤੀ ਕਿ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਨੇ ਰੈਸਟੋਰੈਂਟ ਦੇ ਮਾਲਕ ਅਮਰ ਖੁਰਾਣਾ ਅਤੇ ਰੌਕੀ ਖੁਰਾਣਾ ਸਮੇਤ ਦਇਆ ਸਿੰਘ ਉਰਫ ਪ੍ਰੀਤ ਅਤੇ ਹੈਪੀ ਬਾਊਂਸਰ ਨਾਲ ਉਨ੍ਹਾਂ ਦੇ ਕੁਝ ਅਣਪਛਾਤੇ ਸਾਥੀਆਂ ਵਿਰੁੱਧ ਹੱਤਿਆ ਦਾ ਕੇਸ ਦਰਜ ਕੀਤਾ ਸੀ। ਇਸ ਹੱਤਿਆਕਾਂਡ 'ਚ ਸ਼ਾਮਿਲ ਮੁਲਜ਼ਮ ਇਸ ਕਦਰ ਅੰਡਰਗਰਾਊਂਡ ਹੋ ਚੁੱਕੇ ਹਨ ਕਿ ਪੁਲਸ 4 ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਕੱਢ ਸਕੀ। ਅਜਿਹੇ ਸੰਗੀਨ ਮਾਮਲਿਆਂ 'ਚ ਮੁਲਜ਼ਮਾਂ ਦਾ ਪੁਲਸ ਦੇ ਹੱਥੇ ਨਾ ਚੜ੍ਹਨਾ ਕਿਤੇ ਨਾ ਕਿਤੇ ਪੁਲਸ ਦੀ ਇੱਛਾ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ, ਉਥੇ ਹੀ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੀ ਸ਼ੱਕ ਦੇ ਘੇਰੇ ਵਿਚ ਲਿਆਉਂਦਾ ਹੈ।


Baljeet Kaur

Content Editor

Related News