ਕੈਨੇਡਾ ਦੀਆਂ ਸੰਸਦੀ ਚੋਣਾਂ ''ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਨੂੰ ਭਾਈ ਲੌਂਗੋਵਾਲ ਨੇ ਦਿੱਤੀ ਵਧਾਈ

10/24/2019 12:20:17 PM

ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕੈਨੇਡਾ ਦੀਆਂ ਸੰਸਦੀ ਚੋਣਾਂ 'ਚ 18 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਖ਼ਾਸ ਕਰ ਕੇ ਸਿੱਖ ਅੱਜ ਪੂਰੀ ਦੁਨੀਆ 'ਚ ਆਪਣੀ ਮਿਹਨਤ ਅਤੇ ਲਿਆਕਤ ਨਾਲ ਅੱਗੇ ਆ ਰਹੇ ਹਨ ਤੇ ਉਨ੍ਹਾਂ ਵੱਲੋਂ ਗੁਰੂ ਸਾਹਿਬ ਦੇ ਉਪਦੇਸ਼ 'ਤੇ ਚੱਲਦਿਆਂ ਵਿਸ਼ਵ 'ਚ ਆਪਣੀ ਕਾਰਗੁਜ਼ਾਰੀ ਸਦਕਾ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ। ਭਾਈ ਲੌਂਗੋਵਾਲ ਨੇ ਜਸਟਿਨ ਟਰੂਡੋ ਨੂੰ ਮੁੜ ਸਰਕਾਰ ਬਣਾਉਣ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ ਅਤੇ ਜਗਮੀਤ ਸਿੰਘ ਵੱਲੋਂ ਸਿੱਖਾਂ ਦੀ ਪਛਾਣ ਨੂੰ ਉਭਾਰਨ ਲਈ ਮੁਬਾਰਕਬਾਦ ਦਿੱਤੀ।

ਉਨ੍ਹਾਂ ਕਿਹਾ ਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਸਿੱਖ ਵੱਸਦੇ ਹਨ ਅਤੇ ਉਥੋਂ ਦੀ ਤਰੱਕੀ ਲਈ ਸਿੱਖਾਂ ਦੇ ਯੋਗਦਾਨ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਸ ਪ੍ਰਗਟਾਈ ਕਿ ਕੈਨੇਡਾ ਦੀ ਨਵੀਂ ਸਰਕਾਰ ਵੀ ਸਿੱਖਾਂ ਦੇ ਮਸਲਿਆਂ ਦੇ ਹੱਲ ਅਤੇ ਸਿੱਖ ਪਛਾਣ ਨੂੰ ਫੈਲਾਉਣ ਵਿਚ ਸੁਹਿਰਦ ਭੂਮਿਕਾ ਨਿਭਾਏਗੀ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਸਟਰੇਲੀਆ ਦੀ ਸੰਸਦ ਵਿਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ 'ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਸਟਰੇਲੀਆਈ ਸੰਸਦ ਵਿਚ ਸਿੱਖਾਂ ਨੂੰ ਕਿਰਪਾਨ ਸਮੇਤ ਜਾਣ ਦੀ ਪ੍ਰਵਾਨਗੀ ਦੇਣ ਦਾ ਵੀ ਸਵਾਗਤ ਕੀਤਾ ਹੈ।
 

Baljeet Kaur

This news is Content Editor Baljeet Kaur