ਪਾਕਿਸਤਾਨੀ ਜਾਸੂਸ ਕਾਬੂ, ਨਸ਼ੇ ਦੇ ਬਦਲੇ ਮੁਹੱਈਆ ਕਰਵਾਉਂਦਾ ਸੀ ਭਾਰਤੀ ਫੌਜ ਦੇ ਰਾਜ਼

05/16/2019 10:05:54 AM

ਅੰਮ੍ਰਿਤਸਰ (ਸੰਜੀਵ) : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰ ਰਹੇ ਭਾਰਤੀ ਫੌਜ ਦੇ ਜਵਾਨ ਮਲਕੀਤ ਸਿੰਘ ਫੌਜੀ ਵਾਸੀ ਮੁਹਾਵਾ ਦੀ ਗ੍ਰਿਫਤਾਰੀ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਕ ਹੋਰ ਵੱਡੇ ਆਪ੍ਰੇਸ਼ਨ ਦੌਰਾਨ ਉਸ ਦੇ ਸਾਥੀ ਗੱਜਣ ਸਿੰਘ ਵਾਸੀ ਚੱਕ ਅੱਲ੍ਹਾ ਬਖਸ਼ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕਬਜ਼ੇ 'ਚੋਂ 2 ਮੋਬਾਇਲ, 1 ਪਾਕਿਸਤਾਨੀ ਸਿਮ, 10 ਗ੍ਰਾਮ ਹੈਰੋਇਨ ਅਤੇ 1 ਵਰਨਾ ਕਾਰ ਬਰਾਮਦ ਹੋਈ। ਪੁਲਸ ਨੇ ਉਸ ਨੂੰ ਭਾਰਤੀ ਫੌਜੀ ਮਲਕੀਤ ਸਿੰਘ 'ਤੇ ਦਰਜ ਜਾਸੂਸੀ ਦੇ ਮਾਮਲੇ 'ਚ ਨਾਮਜ਼ਦ ਕਰ ਕੇ ਅੱਜ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਇਹ ਖੁਲਾਸਾ ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਜਗ ਬਾਣੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।

ਮੁੱਢਲੀ ਜਾਂਚ 'ਚ ਗੱਜਣ ਤੋਂ ਹੋਏ ਖੁਲਾਸੇ
ਭਾਰਤੀ ਫੌਜ 'ਚ ਤਾਇਨਾਤ ਮਲਕੀਤ ਸਿੰਘ ਫੌਜੀ ਦੀ ਨਿਸ਼ਾਨਦੇਹੀ 'ਤੇ ਗ੍ਰਿਫਤਾਰ ਕੀਤੇ ਗਏ ਉਸ ਦੇ ਸਾਥੀ ਗੱਜਣ ਸਿੰਘ ਤੋਂ ਪੁਲਸ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ, ਜਿਸ ਨੇ ਦੱਸਿਆ ਕਿ ਮਲਕੀਤ ਸਿੰਘ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਨਾਲ-ਨਾਲ ਪਾਕਿ 'ਚ ਬੈਠੇ ਹੈਰੋਇਨ ਸਮੱਗਲਰਾਂ ਦੇ ਵੀ ਸੰਪਰਕ ਵਿਚ ਸੀ। 2018 ਵਿਚ ਮਲਕੀਤ ਸਿੰਘ ਨੇ ਗੱਜਣ ਨੂੰ ਢਾਈ ਕਿਲੋ ਦੇ ਕਰੀਬ ਹੈਰੋਇਨ ਦੀ ਖੇਪ ਸਪਲਾਈ ਕਰਨ ਲਈ ਦਿੱਤੀ ਸੀ, ਜਿਸ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਗੱਜਣ ਵਲੋਂ ਸਪਲਾਈ ਕੀਤੀ ਗਈ ਹੈਰੋਇਨ ਦੇ ਟਿਕਾਣਿਆਂ ਦੇ ਨਾਲ-ਨਾਲ ਉਨ੍ਹਾਂ ਸਮੱਗਲਰਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਜੋ ਮਲਕੀਤ ਨਾਲ ਜੁੜੇ ਸਨ।

ਕੀ ਕਹਿਣਾ ਹੈ ਐੱਸ. ਐੱਸ. ਪੀ. ਦੁੱਗਲ ਦਾ?
ਐੱਸ. ਐੱਸ. ਪੀ. ਦਿਹਾਤੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਹਾਲ ਹੀ 'ਚ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਜਾਸੂਸ ਮਲਕੀਤ ਸਿੰਘ ਦੀ ਜਾਂਚ ਵਿਚ ਉਸ ਦੇ ਸਾਥੀ ਗੱਜਣ ਦਾ ਨਾਂ ਸਾਹਮਣੇ ਆਇਆ ਸੀ, ਜਿਸ ਨੂੰ ਅੱਜ ਇਕ ਵੱਡੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਦੋਵੇਂ ਹੀ ਨਸ਼ਾ ਸਮੱਗਲਿੰਗ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ ਅਤੇ ਹੈਰੋਇਨ ਦੇ ਬਦਲੇ ਭਾਰਤੀ ਫੌਜ ਦੇ ਰਾਜ਼ ਪਾਕਿਸਤਾਨ ਨੂੰ ਭੇਜਦੇ ਸਨ, ਜਿਸ 'ਤੇ ਪੁਲਸ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ।

ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਨੇ ਵੀ ਸ਼ੁਰੂ ਕੀਤੀ ਜਾਂਚ
ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ 'ਚ ਸ਼ਾਮਿਲ ਆਰਮੀ ਇੰਟੈਲੀਜੈਂਸ, ਰਾਅ ਅਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਵੀ ਗ੍ਰਿਫਤਾਰ ਕੀਤੇ ਗਏ ਪਾਕਿਸਤਾਨੀ ਜਾਸੂਸਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਦਾ ਸਿਲਸਿਲਾ ਜਾਰੀ ਹੈ।

Baljeet Kaur

This news is Content Editor Baljeet Kaur