ਸਿੱਧੂ ਦੇ ਤਿਆਰ ਦਫਤਰ ''ਚ ਕਿਸੇ ਨੂੰ ਬੈਠਣਾ ਵੀ ਨਸੀਬ ਨਹੀਂ ਹੋਇਆ

06/15/2019 9:15:19 AM

ਅੰਮ੍ਰਿਤਸਰ (ਵੜੈਚ) : ਨਗਰ ਨਿਗਮ ਦੀ ਇਮਾਰਤ 'ਚ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਆਦੇਸ਼ਾਂ 'ਤੇ ਦਫਤਰ ਤਾਂ ਤਿਆਰ ਕਰਵਾ ਦਿੱਤਾ ਗਿਆ ਪਰ ਨਵਜੋਤ ਸਿੰਘ ਸਿੱਧੂ, ਡਾ. ਨਵਜੋਤ ਕੌਰ ਸਿੱਧੂ, ਉਨ੍ਹਾਂ ਦੇ ਵਿਧਾਇਕਾਂ ਜਾਂ ਕੌਂਸਲਰਾਂ ਨੂੰ ਦਫਤਰ 'ਚ ਇਕ ਦਿਨ ਵੀ ਬੈਠਣਾ ਨਸੀਬ ਨਹੀਂ ਹੋਇਆ। ਹਾਲਾਂਕਿ ਦਫਤਰ ਨੂੰ ਤਾਲਾ ਲੱਗਾ ਰਹਿਣ ਕਰ ਕੇ ਦਫਤਰ 'ਚ ਬੈਠਣ ਵਾਲੇ ਕਈ ਮੋਹਤਬਰ ਅੰਦਰੋਂ-ਅੰਦਰ ਬਾਗੋਬਾਗ ਵੀ ਹਨ। ਸਿੱਧੂ ਦੀ ਜਗ੍ਹਾ ਸਥਾਨਕ ਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਬਣਨ ਕਰ ਕੇ ਦਫਤਰ ਖੁੱਲ੍ਹਣ ਦੇ ਆਸਾਰ ਲਗਭਗ ਨਾਂਹ ਦੇ ਬਰਾਬਰ ਹਨ ਪਰ ਫਿਰ ਵੀ ਦਫਤਰ ਦੇ ਬਾਹਰਵਾਰ ਦਰਵਾਜ਼ੇ 'ਤੇ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੇ ਦਫਤਰ ਦੀ ਨੇਮ ਪਲੇਟ ਅੱਜ ਵੀ ਮੰਤਰੀ ਦਾ ਰਾਹ ਦੇਖ ਰਹੀ ਹੈ।

ਕੈਬਨਿਟ ਮੰਤਰੀ ਦਾ ਦਫਤਰ ਬਣਾਉਣ ਅਤੇ ਉਸ ਵਿਚ ਦਰਬਾਰ ਲਾ ਕੇ ਗੁਰੂ ਨਗਰੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦੇ ਐਲਾਨ ਤੋਂ ਬਾਅਦ ਕਈਆਂ ਦੇ ਚਿਹਰਿਆਂ ਦਾ ਰੰਗ ਪੀਲਾ ਵੀ ਪੈ ਗਿਆ ਸੀ ਕਿਉਂਕਿ ਜੇਕਰ ਮੰਤਰੀ ਦਫਤਰ 'ਚ ਬੈਠਦੇ ਤਾਂ ਕਿਸੇ ਦਾ ਨੰਬਰ ਦੂਸਰੇ, ਤੀਸਰੇ ਜਾਂ ਚੌਥੇ ਨੰਬਰ 'ਤੇ ਆ ਜਾਣਾ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਮੰਡਲ ਦਾ ਰੱਦੋਬਦਲ ਕਰਨ ਦੇ ਫੈਸਲੇ ਉਪਰੰਤ ਕਈਆਂ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ। ਖੂਬਸੂਰਤ ਦਫਤਰ ਤਿਆਰ ਹੋਣ ਉਪਰੰਤ ਕਈ ਵਾਰ ਫੈਸਲੇ ਵੀ ਬਦਲੇ ਗਏ, ਦਫਤਰ ਦਾ ਉਦਘਾਟਨ ਹੁੰਦਾ ਰਹਿ ਗਿਆ। ਦਫਤਰ ਵਿਚ ਕਈ ਕੈਬਨਿਟ ਮੰਤਰੀ ਸ. ਸਿੱਧੂ ਦੇ ਬੈਠਣ, ਕਦੀ ਡਾ. ਨਵਜੋਤ ਕੌਰ ਸਿੱਧੂ ਦੇ ਬੈਠਣ, ਕਦੀ ਅੰਮ੍ਰਿਤਸਰ ਦੇ ਵਿਧਾਇਕਾਂ ਦੇ ਬੈਠਣ ਅਤੇ ਕਦੀ ਹਲਕਾ ਪੂਰਬੀ ਦੇ ਕੌਂਸਲਰਾਂ ਦੇ ਬੈਠਣ ਦੀਆਂ ਹਵਾਵਾਂ ਚੱਲਦੀਆਂ ਰਹੀਆਂ ਪਰ ਹਾਲਾਤ ਅਜਿਹੇ ਬਦਲੇ ਕਿ ਦਫਤਰ ਦੇ ਬੰਦ ਦਰਵਾਜ਼ੇ 'ਤੇ ਤਾਲੇ ਲੱਗ ਕੇ ਰਹਿ ਗਏ।

ਕਿਹੜੇ ਕਮਿਸ਼ਨਰ ਦਾ ਕਿਥੇ ਹੈ ਡੇਰਾ
ਸ਼ਹਿਰਵਾਸੀਆਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਗੁਰੂ ਨਗਰੀ ਦੇ ਲੋਕਾਂ ਦੀ ਪਸੰਦ ਬਣੀ ਸਾਬਕਾ ਕਮਿਸ਼ਨਰ ਸੋਨਾਲੀ ਗਿਰੀ ਦੇ ਤਬਾਦਲੇ ਨੂੰ ਲੰਬਾ ਸਮਾਂ ਬੀਤ ਗਿਆ ਹੈ। ਉਨ੍ਹਾਂ ਤੋਂ ਬਾਅਦ ਕਮਿਸ਼ਨਰ ਦਫਤਰ 'ਚ ਹਰਬੀਰ ਸਿੰਘ ਦੇ ਆਉਣ ਉਪਰੰਤ ਦਫਤਰ 'ਤੇ ਬਤੌਰ ਕਮਿਸ਼ਨਰ ਉਨ੍ਹਾਂ ਦੇ ਨਾਂ ਦੀ ਪਲੇਟ ਲੱਗ ਗਈ ਪਰ ਮਾਲ ਰੋਡ ਸਥਿਤ ਕਮਿਸ਼ਨਰ ਦੀ ਕੋਠੀ ਦੇ ਬਾਹਰ ਅੱਜ ਵੀ ਕਮਿਸ਼ਨਰ ਦੇ ਨਾਂ ਨਾਲ ਸੋਨਾਲੀ ਗਿਰੀ ਦੇ ਨਾਂ ਦੀ ਪਲੇਟ ਹੀ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਿਕ ਸੋਨਾਲੀ ਗਿਰੀ ਕੋਠੀ 'ਚ ਨਹੀਂ ਰਹਿ ਰਹੇ ਪਰ ਉਨ੍ਹਾਂ ਦਾ ਕੁਝ ਸਾਮਾਨ ਕਮਿਸ਼ਨਰ ਕੋਠੀ 'ਚ ਹੀ ਪਿਆ ਹੈ। ਦਫਤਰ ਅਤੇ ਕਮਿਸ਼ਨਰ ਦੀ ਕੋਠੀ ਅੱਗੇ ਵੱਖ-ਵੱਖ ਨਾਵਾਂ ਦੀਆਂ ਪਲੇਟਾਂ ਨਾਲ ਕਈ ਸ਼ਹਿਰਵਾਸੀ ਸੋਚਣ ਲਈ ਮਜਬੂਰ ਹਨ ਕਿ ਸਾਡੇ ਕਮਿਸ਼ਨਰ ਦਫਤਰ ਵਾਲੇ ਹਨ ਕਿ ਕੋਠੀ ਵਾਲੇ ਹਨ।

Baljeet Kaur

This news is Content Editor Baljeet Kaur