ਮੋਸਟ ਵਾਂਟੇਡ ਗੈਂਗਸਟਰ ਹੈਰੀ ਚੱਠਾ ਨੇ ਨਾਮੀ ਵਪਾਰੀ ਬੇਦੀ ਤੋਂ ਮੰਗੀ ਫਿਰੌਤੀ

08/17/2018 12:05:26 PM

ਅੰਮ੍ਰਿਤਸਰ (ਨੀਰਜ) : ਵਿੱਕੀ ਗੌਂਡਰ ਇਨਕਾਊਂਟਰ ਤੋਂ ਬਾਅਦ ਗੈਂਗਸਟਰਾਂ ਨੂੰ ਖਤਮ ਕਰਨ ਦੇ ਪੁਲਸ ਦੇ ਦਾਅਵੇ ਠੁੱਸ ਨਜ਼ਰ ਆ ਰਹੇ ਹਨ। ਆਏ ਦਿਨ ਗੈਂਗਸਟਰਾਂ ਵਲੋਂ ਕਿਸੇ ਨਾ ਕਿਸੇ ਨਾਮੀ ਵਿਅਕਤੀ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਗਾਇਕ ਪਰਮੀਸ਼ ਵਰਮਾ ਤੋਂ ਫਿਰੌਤੀ ਮੰਗਣ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਹੁਣ ਪੰਜਾਬ ਦੇ ਟਾਪ-10 ਗੈਂਗਸਟਰਾਂ 'ਚੋਂ ਇਕ ਪੁਲਸ ਦੀ ਲਿਸਟ 'ਚ ਮੋਸਟ ਵਾਂਟੇਡ ਗੈਂਗਸਟਰ ਹੈਰੀ ਚੱਠਾ ਉਰਫ ਹੈਰੀ ਮਜੀਠਾ ਨੇ ਫੋਨ ਕਾਲ ਕਰਕੇ ਅੰਮ੍ਰਿਤਸਰ ਦੇ ਨਾਮੀ ਵਪਾਰੀ ਗੁਰਸਾਜਨ ਸਿੰਘ ਬੇਦੀ ਤੋਂ ਫਿਰੌਤੀ ਮੰਗੀ ਹੈ। ਇੰਨਾ ਹੀ ਨਹੀਂ, ਫਿਰੌਤੀ ਮੰਗਣ ਤੋਂ ਬਾਅਦ ਹੈਰੀ ਚੱਠਾ ਨੇ ਗੁਰਸਾਜਨ ਬੇਦੀ ਦੇ ਗੰਨਮੈਨ 'ਤੇ ਜਾਨਲੇਵਾ ਹਮਲਾ ਵੀ ਕਰ ਦਿੱਤਾ, ਜਦੋਂ ਕਿ ਬੇਦੀ ਨੇ ਫਿਰੌਤੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਇੰਨਾ ਕੁਝ ਹੋ ਜਾਣ ਦੇ ਬਾਵਜੂਦ ਸਿਟੀ ਪੁਲਸ ਵਲੋਂ ਗੁਰਸਾਜਨ ਬੇਦੀ ਨੂੰ ਨਾ ਤਾਂ ਸੁਰੱਖਿਆ ਉਪਲੱਬਧ ਕਰਵਾਈ ਜਾ ਰਹੀ ਹੈ ਤੇ ਨਾ ਹੀ ਅਜੇ ਤੱਕ ਹੈਰੀ ਚੱਠਾ ਵਰਗੇ ਖਤਰਨਾਕ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਹੈਰੀ ਚੱਠਾ ਸ਼ਰੇਆਮ ਅੰਮ੍ਰਿਤਸਰ 'ਚ ਘੁੰਮ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਸਾਲ 2016 'ਚ ਬੇਦੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ, ਜਿਸ ਦੀ ਐੱਫ. ਆਈ. ਆਰ. ਨੰ. 165 ਦਰਜ ਕੀਤੀ ਗਈ ਪਰ ਅੱਜ ਤੱਕ ਪੁਲਸ ਹੈਰੀ ਚੱਠਾ ਨੂੰ ਗ੍ਰਿਫਤਾਰ ਕਰਨ 'ਚ ਨਾਕਾਮ ਸਾਬਿਤ ਰਹੀ ਹੈ।

ਹੈਰੀ ਚੱਠਾ ਉਹ ਗੈਂਗਸਟਰ ਹੈ ਜੋ ਨਾਭਾ ਜੇਲ ਬ੍ਰੇਕ ਕਾਂਡ 'ਚ ਵਿੱਕੀ ਗੌਂਡਰ ਦੇ ਨਾਲ ਸੀ ਤੇ ਕਈ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਦੇ ਬਾਵਜੂਦ ਅਜਿਹੇ ਖਤਰਨਾਕ ਅਪਰਾਧੀ ਨੂੰ ਗ੍ਰਿਫਤਾਰ ਨਾ ਕੀਤਾ ਜਾਣਾ ਪੁਲਸ ਦੀ ਕਾਰਜਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰ ਰਿਹਾ ਹੈ। ਇੰਨਾ ਹੀ ਨਹੀਂ, ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਨੂੰ ਸ਼ਰੇਆਮ ਗੋਲੀਆਂ ਨਾਲ ਮਾਰਨ ਵਾਲੇ ਹੱਤਿਆਰੇ ਵੀ ਅਜੇ ਤੱਕ ਪੁਲਸ ਨਹੀਂ ਫੜ ਸਕੀ। ਗੁਰਸਾਜਨ ਬੇਦੀ ਤੇ ਉਨ੍ਹਾਂ ਦਾ ਪਰਿਵਾਰ ਇਸ ਫਿਰੌਤੀ ਦੀ ਕਾਲ ਤੇ ਗੰਨਮੈਨ 'ਤੇ ਹੋਣ ਵਾਲੇ ਹਮਲੇ ਤੋਂ ਬੇਹੱਦ ਸਦਮੇ 'ਚ ਹਨ ਅਤੇ ਉਨ੍ਹਾਂ ਨੂੰ ਆਪਣੀ ਜਾਨ-ਮਾਲ ਦਾ ਨੁਕਸਾਨ ਹੋਣ ਦਾ ਡਰ ਸਤਾ ਰਿਹਾ ਹੈ। ਬੇਦੀ ਪਾਕਿਸਤਾਨ ਤੋਂ ਜਿਪਸਮ ਦਾ ਆਯਾਤ ਕਰਦਾ ਹੈ ਤੇ ਟਰਾਂਸਪੋਰਟਰ ਵੀ ਹੈ। ਉਨ੍ਹਾਂ ਨੇ ਡੀ. ਜੀ. ਪੀ. ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਵਲੋਂ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਕੀਤੀ ਜਾਵੇ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਾ. ਮਨੀਸ਼ ਸ਼ਰਮਾ ਤੋਂ ਹੈਰੀ ਚੱਠਾ ਦੇ ਹੀ ਸਾਥੀ ਤੇ ਮੋਸਟ ਵਾਂਟੇਡ ਗੈਗਸਟਰ ਗੋਪੀ ਘਣਸ਼ਾਮਪੁਰੀਆ ਨੇ 2 ਕਰੋੜ ਦੀ ਫਿਰੌਤੀ ਮੰਗੀ ਸੀ ਅਤੇ ਡਾਕਟਰ ਨੂੰ ਕਿਡਨੈਪ ਵੀ ਕਰ ਲਿਆ ਸੀ। ਗੋਪੀ ਘਣਸ਼ਾਮਪੁਰੀਆ ਨੂੰ ਵੀ ਪੁਲਸ ਗ੍ਰਿਫਤਾਰ ਨਹੀਂ ਕਰ ਸਕੀ। ਉਥੇ ਹੀ ਇਸ ਸਬੰਧੀ ਪੁਲਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।