ਅੰਮ੍ਰਿਤਸਰ 'ਚ ਮੰਕੀਪਾਕਸ ਦੇ ਸ਼ੱਕੀ ਮਰੀਜ਼ ਮਗਰੋਂ ਹਰਕਤ 'ਚ ਸਿਹਤ ਮਹਿਕਮਾ, ਤਿਆਰ ਕੀਤਾ ਸਪੈਸ਼ਲ ਵਾਰਡ

07/28/2022 11:28:51 AM

ਅੰਮ੍ਰਿਤਸਰ (ਦਲਜੀਤ) - ਅੰਮ੍ਰਿਤਸਰ ਵਿਚ ਮੰਕੀਪਾਕਸ ਦੇ 2 ਸ਼ੱਕੀ ਮਰੀਜ਼ ਆਉਣ ਨਾਲ ਮੈਡੀਕਲ ਕਾਲਜ ਪ੍ਰਸ਼ਾਸਨ ਵਿਚ ਭਾਜੜ ਮਚ ਗਿਆ ਹੈ। ਇਸ ਦੇ ਚੱਲਦਿਆਂ ਸਿਹਤ ਵਿਭਾਗ ਵੀ ਹਰਕਤ ਵਿਚ ਆ ਗਿਆ ਹੈ। ਮੰਕੀਪਾਕਸ ਨੂੰ ਲੈ ਕੇ ਹਸਪਤਾਲ ਵਿਚ 10 ਬਿਸਤਰਿਆਂ ਦੀ ਵਾਰਡ ਬਣਾ ਲਈ ਗਈ ਹੈ, ਜਿਸ ਵਿਚ ਸਿਰਫ ਉਕਤ ਬੀਮਾਰੀ ਦੇ ਮਰੀਜ਼ ਹੀ ਦਾਖਲ ਕੀਤੇ ਜਾਣਗੇ। ਦੱਸਣਯੋਗ ਹੈ ਕਿ ਦੋ ਮਰੀਜ਼ਾਂ ਵਿਚੋਂ ਇਕ ਮਰੀਜ਼ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦਕਿ ਦੂਜੇ ਮਰੀਜ਼ ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਮਰੀਜ਼ ਦਾ ਨਮੂਨਾ ਮੰਕੀਪੋਕਸ ਦੀ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੂਣੇ ਨੂੰ ਭੇਜਿਆ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਹੁਣ ਤੱਕ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਆਇਆ : ਮੈਡੀਕਲ ਸੁਪਰਡੈਂਟ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੇ. ਡੀ. ਸਿੰਘ ਨੇ ਦੱਸਿਆ ਕਿ ਹਸਪਤਾਲ ਵਿਚ ਮੰਕੀਪੋਕਸ ਨੂੰ ਲੈ ਕੇ 10 ਬੈੱਡਾਂ ਦੀ ਵਾਰਡ ਤਿਆਰ ਕਰ ਦਿੱਤੀ ਗਈ ਹੈ। ਵਾਰਡ ਦੀ ਜ਼ਿੰਮੇਵਾਰੀ ਮਾਹਿਰ ਡਾਕਟਰਾਂ ਨੂੰ ਦਿੱਤੀ ਗਈ ਹੈ, ਉਥੇ ਡਾਕਟਰਾਂ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਭਵਿੱਖ ਵਿਚ ਮਰੀਜ਼ ਵਧਦੇ ਹਨ ਤਾਂ ਬੈੱਡਾਂ ਦਾ ਹੋਰ ਪ੍ਰਬੰਧ ਵੀ ਕੀਤਾ ਜਾਵੇਗਾ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਸਰਕਾਰ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਹੁਣ ਤੱਕ ਕੋਈ ਵੀ ਕੇਸ ਪਾਜ਼ੇਟਿਵ ਨਹੀਂ ਆਇਆ ਹੈ।

2 ਹੋਰ ਸ਼ੱਕੀ ਮਰੀਜ਼ ਹਸਪਤਾਲ ਵਿਚ ਦਾਖਲ
ਮੰਕੀਪੋਕਸ ਦੀ ਸੰਭਾਵਨਾ ਨੂੰ ਦੇਖਦੇ ਹੋਏ ਗੁਰੂ ਨਾਨਕ ਦੇਵ ਹਸਪਤਾਲ ਵਿਚ ਦੋ ਹੋਰ ਮਰੀਜ਼ ਦਾਖਲ ਕਰਵਾਏ ਗਏ ਹਨ। ਹਾਲਾਂਕਿ ਦੋਵਾਂ ਮਰੀਜ਼ਾਂ ਵਿਚ ਮੰਕੀਪੋਕਸ ਦੇ ਲੱਛਣ ਨਹੀਂ ਦਿਖਾਈ ਦਿੱਤੇ ਪਰ ਚਮੜੀ ’ਤੇ ਲਾਲ ਧੱਫੜ ਹਨ। ਹਾਲਾਂਕਿ ਦੋਵਾਂ ਦੇ ਸੈਂਪਲ ਜਾਂਚ ਲਈ ਲੈਬਾਰਟਰੀ ਭੇਜ ਦਿੱਤੇ ਗਏ ਹਨ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਕੀ ਹੈ ਮੰਕੀਪਾਕਸ?
ਡਾਕਟਰ ਰਜਨੀਸ਼ ਸ਼ਰਮਾ ਅਨੁਸਾਰ ਮੰਕੀਪਾਕਸ ਮਾਨਵ ਚੇਚਕ ਵਰਗਾ ਇਕ ਦੁਰਲੱਭ ਵਾਇਰਲ ਇਨਫੈਕਸ਼ਨ ਹੈ। ਇਹ ਪਹਿਲੀ ਵਾਰ 1958 ਵਿਚ ਖੋਜ ਲਈ ਰੱਖੇ ਗਏ ਬਾਂਦਰਾਂ ਵਿਚ ਪਾਇਆ ਗਿਆ ਸੀ। ਮੰਕੀਪਾਕਸ ਤੋਂ ਇਨਫੈਕਸ਼ਨ ਦਾ ਪਹਿਲਾਂ ਕੇਸ 1970 ਵਿਚ ਦਰਜ ਕੀਤਾ ਗਿਆ ਸੀ। ਵਾਇਰਸ ਦਾ ਪ੍ਰਸਾਰ ਇਨਫੈਕਟਿਡ ਵਿਅਕਤੀ ਜਾਂ ਜਾਨਵਰ ਦੇ ਨਜ਼ਦੀਕੀ ਸੰਪਰਕ ਦੁਆਰਾ ਜਾਂ ਵਾਇਰਸ ਨਾਲ ਦੂਸ਼ਿਤ ਸਮੱਗਰੀ ਦੁਆਰਾ ਫੈਲਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਜਾਨਵਰਾਂ ਜਿਵੇਂ ਚੂਹੇ, ਚੂਹੀਆਂ ਅਤੇ ਗਿਲਹਰੀ ਵਲੋਂ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਬੀਮਾਰੀ ਜ਼ਖਮਾਂ, ਸਰੀਰ ਦੇ ਤਰਲ ਪਦਾਰਥਾਂ, ਸਾਹ ਦੀਆਂ ਬੂੰਦਾਂ ਅਤੇ ਦੂਸ਼ਿਤ ਸਮੱਗਰੀ ਜਿਵੇਂ ਬਿਸਤਰੇ ਰਾਹੀਂ ਫੈਲਦੀ ਹੈ। ਵਾਇਰਸ ਚੇਚਕ ਨਾਲੋਂ ਘੱਟ ਛੂਤ ਵਾਲਾ ਹੁੰਦਾ ਹੈ ਅਤੇ ਘੱਟ ਗੰਭੀਰ ਬੀਮਾਰੀ ਦਾ ਕਾਰਨ ਬਣਦਾ ਹੈ। ਇੰਨ੍ਹਾਂ ਵਿਚੋਂ ਕੁਝ ਸੰਕਰਮਣ ਜਿਨਸੀ ਸੰਪਰਕ ਵਲੋਂ ਪ੍ਰਸਾਰਿਤ ਕੀਤੀਆਂ ਜਾ ਸਕਦੀਆਂ ਹਨ। ਡਬਲਯੂ. ਐੱਚ. ਓ. ਦੇ ਮੁਤਾਬਕ ਹੋਮੋਸੈਕਿਊਯਲ ਅਤੇ ਬਾਇਓਸੈਕਸੁਅਲ ਲੋਕਾਂ ਵਿਚ ਅਜੇ ਤੱਕ ਇਸ ਦੇ ਮਾਮਲੇ ਜ਼ਿਆਦਾ ਹਨ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਇਨ੍ਹਾਂ ਲੱਛਣਾਂ ’ਤੇ ਧਿਆਨ ਦੇਣ ਦੀ ਹੈ ਲੋੜ
ਤੇਜ਼ ਬੁਖ਼ਾਰ ਹੋ ਸਕਦਾ ਹੈ, ਸਿਰ ਵਿਚ ਤੇਜ਼ ਦਰਦ ਹੋਣਾ, ਸਰੀਰ ਦੇ ਕਿਸੇ ਵੀ ਹਿੱਸੇ ਵਿਚ ਸੋਜ ਆ ਸਕਦੀ ਹੈ। ਚਮੜੀ ’ਤੇ ਲਾਲ ਧੱਫੜ ਜਾਂ ਛਾਲੇ ਦਿਖਾਈ ਦਿੰਦੇ ਹਨ। ਸਰੀਰ ਵਿਚ ਊਰਜਾ ਦੀ ਲਗਾਤਾਰ ਘਾਟ ਵੀ ਇਸ ਬੀਮਾਰੀ ਦਾ ਇੱਕ ਲੱਛਣ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


rajwinder kaur

Content Editor

Related News