100 ਸਾਲਾ ਸ਼ਤਾਬਦੀ ਮੌਕੇ ਝਲਕਿਆ ਸ਼ਹੀਦਾਂ ਦੇ ਪਰਿਵਾਰਾਂ ਦਾ ਦਰਦ

04/14/2019 3:34:36 PM

ਅੰਮ੍ਰਿਤਸਰ (ਸਫਰ) : ਖੂਨੀ ਸਾਕਾ ਜਲਿਆਂਵਾਲਾ ਬਾਗ ਦੇ 100 ਸਾਲ ਬਾਅਦ ਵੀ 130 ਕਰੋੜ ਭਾਰਤੀਆਂ ਲਈ ਸਿਆਸਤਦਾਨ ਬ੍ਰਿਟਿਸ਼ ਹਕੂਮਤ ਤੋਂ ਮੁਆਫੀ ਨਹੀਂ ਮੰਗਵਾ ਸਕੇ। ਸਿਆਸੀ ਪਾਰਟੀਆਂ ਦਿੱਲੀ 'ਚ ਸੱਤਾ ਸੰਭਾਲਣ ਤੋਂ ਬਾਅਦ ਵੀ ਅਜਿਹਾ ਕੁਝ ਹੁਣ ਤੱਕ ਨਹੀਂ ਕਰ ਸਕੀਆਂ। ਸ਼ਹੀਦਾਂ ਦੇ ਪਰਿਵਾਰਾਂ 'ਚ ਇਸ ਗੱਲ ਦਾ ਜਿਥੇ ਰੋਸ ਦੇਖਣ ਨੂੰ ਮਿਲਿਆ, ਉਥੇ ਹੀ ਇਹੀ ਗੱਲ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੂੰ ਕਹਿਣਾ ਚਾਹੁੰਦੇ ਹਨ ਪਰ ਉਨ੍ਹਾਂ ਤੱਕ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੁੱਜਣ ਹੀ ਨਹੀਂ ਦਿੱਤਾ ਗਿਆ। 'ਜਗ ਬਾਣੀ' ਨੇ ਇਸ ਬਿੰਦੂ 'ਤੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਜਿਥੇ ਗੱਲਬਾਤ ਕੀਤੀ, ਉਥੇ ਹੀ ਮੌਕੇ 'ਤੇ ਜਾਣਿਆ 
ਸੂਰਤ-ਏ-ਹਾਲ। 

ਹੱਥ 'ਚ ਦਾਦਾ ਦੀ ਤਸਵੀਰ, ਦਿਲ 'ਚ ਗੁੱਸਾ
ਦਿੱਲੀ ਤੋਂ ਹਰੀਸ਼ ਖੰਨਾ ਹੱਥ 'ਚ ਆਪਣੇ ਦਾਦਾ ਲਾਲਾ ਰਾਮਜਸ ਖੰਨਾ ਦੀ ਤਸਵੀਰ ਲੈ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਜਲਿਆਂਵਾਲਾ ਬਾਗ ਪੁੱਜੇ ਸਨ। ਕਹਿਣ ਲੱਗੇ ਕਿ 100 ਸਾਲ ਬਾਅਦ ਭਾਰਤ ਦੀ 130 ਕਰੋੜ ਜਨਤਾ ਨੂੰ ਸਿਆਸਤਦਾਨ ਬ੍ਰਿਟੇਨ ਤੋਂ ਮੁਆਫੀ ਨਹੀਂ ਮੰਗਵਾ ਸਕੇ, ਜੇਕਰ ਸਾਰੇ ਭਾਰਤੀ ਮਜ਼੍ਹਬ ਤੇ ਸਿਆਸਤ ਭੁਲਾ ਕੇ ਇਕ ਆਵਾਜ਼ 'ਚ ਹੁੰਦੇ ਤਾਂ ਹੁਣ ਤੱਕ ਜਲਿਆਂਵਾਲਾ ਬਾਗ ਵਿਚ ਗੋਲੀ ਚਲਾਉਣ ਲਈ ਬ੍ਰਿਟਿਸ਼ ਹਕੂਮਤ ਮੁਆਫੀ ਮੰਗ ਚੁੱਕੀ ਹੁੰਦੀ। ਹਰੀਸ਼ ਖੰਨਾ ਦਾਦਾ ਦੀ ਤਸਵੀਰ ਸ਼ਹੀਦੀ ਲਾਟ 'ਤੇ ਰੱਖਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਮਿਲੀ। ਕਹਿਣ ਲੱਗੇ ਕਿ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਹਾਦਤ ਦਾ ਦਰਜਾ ਦੇਣ ਲਈ ਜਨਅੰਦੋਲਨ ਚਲਾਉਣਾ ਹੋਵੇਗਾ, ਨਹੀਂ ਤਾਂ ਸਿਆਸਤ ਇੰਝ ਹੀ ਸ਼ਹਾਦਤ 'ਤੇ ਰਾਜਨੀਤੀ ਕਰਦੀ ਰਹੇਗੀ।

ਲਖਨਊ ਤੋਂ ਨਾਨਾ ਜੀ ਨੂੰ ਸ਼ਰਧਾਂਜਲੀ ਦੇਣ ਪੁੱਜੇ ਅਬਦੁਲ ਵਲੀ
ਦੇਸ਼ ਦੀ ਆਜ਼ਾਦੀ ਲਈ ਜਲਿਆਂਵਾਲਾ ਬਾਗ 'ਚ ਮੇਰੇ ਨਾਨਾ ਦੀ ਮੌਲਾਨਾ ਅਬਦੁਲ ਵਲੀ ਫਿਰੰਗੀ ਮਹਿੰਦੀ ਨੇ ਵੀ ਸ਼ਹਾਦਤ ਦਿੱਤੀ ਸੀ। ਮਹਾਤਮਾ ਗਾਂਧੀ ਨਾਲ ਜੇਲ ਕੱਟੀ ਸੀ। ਮੈਂ ਲਖਨਊ ਦੇ ਫਿਰੰਗੀ ਮਹਿਲ ਤੋਂ ਚੱਲ ਕੇ ਇਥੇ ਆਇਆ ਹਾਂ। ਮੈਨੂੰ ਇਸ ਗੱਲ ਦਾ ਦੁੱਖ ਹੈ ਕਿ 100 ਸਾਲ ਬਾਅਦ ਵੀ ਸ਼ਹੀਦਾਂ ਦੇ ਸ਼ਰਧਾਂਜਲੀ ਸਮਾਰੋਹ ਵਿਚ ਸਿਆਸਤ ਵੰਡੀ ਗਈ ਹੈ। ਇਹ ਕਹਿੰਦੇ ਹੋਏ ਅਦਨਾਨ ਅਬਦੁਲ ਵਲੀ ਖਾਮੋਸ਼ ਹੋ ਗਏ। ਸ਼ਹੀਦਾਂ ਦੇ ਪਰਿਵਾਰਾਂ ਵਿਚ ਇਹ ਖਾਮੋਸ਼ੀ ਹਰੇਕ ਚਿਹਰੇ 'ਤੇ ਇਸ ਗੱਲ ਨੂੰ ਲੈ ਕੇ ਸੀ।
 

ਸਿਆਸਤ ਨੇ ਸ਼ਹੀਦਾਂ ਦੇ ਨਾਂ 'ਤੇ ਬਸ ਰਾਜਨੀਤੀ ਹੀ ਕੀਤੀ
ਜਲਿਆਂਵਾਲਾ ਬਾਗ ਸ਼ਤਾਬਦੀ ਸ਼ਰਧਾਂਜਲੀ ਸਮਾਰੋਹ ਨੂੰ ਲੈ ਕੇ ਸ਼ਹੀਦਾਂ ਦੇ ਪਰਿਵਾਰਾਂ 'ਚ ਸਿਆਸਤਦਾਨਾਂ ਵਿਰੁੱਧ ਰੋਸ ਸੀ, ਉਥੇ ਹੀ ਸਵਾਲ ਵੀ ਸਨ ਕਿ ਆਜ਼ਾਦੀ ਲਈ ਜਾਨ ਗੁਆਉਣ ਵਾਲਿਆਂ ਨੂੰ ਅੱਜ ਤੱਕ ਸ਼ਹੀਦ ਹੀ ਨਹੀਂ ਮੰਨਿਆ ਗਿਆ। ਜੋਧਾ ਸਿੰਘ ਦੇ ਦਾਦਾ ਗਿਆਨ ਸਿੰਘ, ਅੰਗਰੇਜ਼ ਸਿੰਘ ਦੇ ਪਿਤਾ ਕਰਨੈਲ ਸਿੰਘ ਤੇ ਅਮਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਸ਼ਹੀਦ ਹੋਏ ਸਨ। ਰਤਨ ਸਿੰਘ ਦੇ ਦਾਦਾ ਬਿਸ਼ਨ ਸਿੰਘ ਨੇ ਸੀਨੇ 'ਤੇ ਗੋਲੀਆਂ ਖਾਧੀਆਂ ਸਨ। ਸ਼ਹੀਦਾਂ ਦੇ ਇਨ੍ਹਾਂ ਪਰਿਵਾਰਾਂ ਨੇ ਹੁਣ ਤੱਕ ਦੀਆਂ ਸਰਕਾਰਾਂ ਨੂੰ ਜੰਮ ਕੇ ਕੋਸਦਿਆਂ ਕਿਹਾ ਕਿ ਸ਼ਹੀਦਾਂ 'ਤੇ ਰਾਜਨੀਤੀ ਹੀ ਹੋਈ ਹੈ, ਉਨ੍ਹਾਂ ਨੂੰ ਸਨਮਾਨ ਅਜੇ ਵੀ ਨਹੀਂ ਮਿਲਿਆ।

ਸ਼ਹੀਦਾਂ ਨੂੰ ਇਨਸਾਫ ਦਿਵਾਉਣ ਹਰਿਆਣਾ ਤੋਂ ਆਈ ਰੈਲੀ
ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਦੁਪਹਿਰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਜਲਿਆਂਵਾਲਾ ਬਾਗ ਤੱਕ ਕਿਸਾਨ ਮੋਰਚਾ ਸੰਗਠਨ ਨੇ ਰੈਲੀ ਕੱਢੀ। ਹੱਥ 'ਚ ਪੋਸਟਰ ਲੈ ਕੇ ਰੈਲੀ ਕੱਢਣ ਵਾਲੇ ਹਰਿਆਣਾ ਦੇ ਕਿਸਾਨ ਭਾਰੀ ਗਿਣਤੀ 'ਚ ਪੁੱਜੇ। ਨਾਅਰੇਬਾਜ਼ੀ ਕਰਦਿਆਂ ਕਰੀਬ 500 ਕਿਸਾਨਾਂ ਨੇ ਸ਼ਹਿਰ 'ਚ ਰੈਲੀ ਕੱਢੀ।
 

Baljeet Kaur

This news is Content Editor Baljeet Kaur