ਇਨਸਾਫ਼ ਲਈ ਤਰਸ ਰਹੀ ਹੈ ਸਹੁਰਿਆਂ ਦੀ ਤਸ਼ੱਦਦ ਦਾ ਸ਼ਿਕਾਰ ਹੋਈ ਵਿਆਹੁਤਾ

10/15/2020 1:03:13 PM

ਅੰਮ੍ਰਿਤਸਰ (ਸਰਬਜੀਤ) : ਮੇਰੇ ਪਤੀ ਨੇ ਆਪਣੇ ਮਾਤਾ-ਪਿਤਾ ਅਤੇ ਨਾਨੀ ਦੇ ਬਹਿਕਾਵੇ 'ਚ ਆ ਕੇ ਮੇਰੇ ਕੋਲੋਂ ਦਾਜ ਦੀ ਮੰਗ ਕਰਦੇ ਹੋਏ ਪਲਾਟ ਅਤੇ ਬੁਲੇਟ ਮੋਟਰਸਾਇਕਲ ਨਾ ਦੇਣ 'ਤੇ ਮੈਨੂੰ ਕਾਫ਼ੀ ਮਾਤਰਾ 'ਚ ਗੋਲੀਆਂ ਖਵਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਦੋਸ਼ ਪੀੜਤਾ ਰਾਧਿਕਾ ਪਤਨੀ ਕੁਨਾਲ ਨੇ ਲਾਏ। ਰਾਧਿਕਾ ਨੇ ਪੁਲਸ ਪ੍ਰਸ਼ਾਸਨ 'ਤੇ ਡੇਢ ਮਹੀਨਾ ਲੰਘ ਜਾਣ ਉਪਰੰਤ ਵੀ ਕੋਈ ਇਨਸਾਫ਼ ਨਾ ਦਿਵਾਉਣ ਦੇ ਦੋਸ਼ ਲਾਉਂਦਿਆਂ ਕਿਹਾ ਹੈ ਕਿ ਚੌਕੀ ਗੁੱਜਰਪੁਰਾ 'ਚ ਉਸ ਵਲੋਂ 31. 8. 2020 ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ, ਜਿਸ 'ਚ ਉਸ ਨੇ ਆਪਣੇ ਪਤੀ, ਸੱਸ, ਸਹੁਰਾ ਅਤੇ ਨਾਨੀ ਸੱਸ 'ਤੇ ਇਲਜ਼ਾਮ ਲਾਏ ਸਨ ਕਿ ਉਨ੍ਹਾਂ ਪਲਾਟ ਅਤੇ ਬੁਲੇਟ ਮੋਟਰਸਾਈਕਲ ਦੀ ਮੰਗ ਨਾ ਪੂਰੀ ਹੋਣ 'ਤੇ ਉਸਨੂੰ ਡਿਕਲੋਵਿਨ ਅਤੇ ਪੈਰਾਸਿਟਾਮੋਲ ਦੀਆਂ ਭਾਰੀ ਮਾਤਰਾ 'ਚ ਗੋਲੀਆਂ ਖਵਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਰਾਧਿਕਾ ਨੇ ਪੁਲਸ ਪ੍ਰਸ਼ਾਸਨ ਤੋਂ ਉਸਦੇ ਪਤੀ ਅਤੇ ਉਸਦੇ ਉਕਤ ਰਿਸ਼ਤੇਦਾਰਾਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ

ਰਾਧਿਕਾ ਦੇ ਪਿਤਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਗਰੀਬ ਪਰਿਵਾਰ ਨਾਲ ਸਬੰਧਤ ਹੈ, ਜਿਸ ਕਾਰਣ ਉਹ ਆਪਣੇ ਜਵਾਈ ਨੂੰ ਪਲਾਟ ਅਤੇ ਬੁਲੇਟ ਮੋਟਰਸੀਕਲ ਨਹੀਂ ਦੇ ਸਕਦੇ। ਜੇਕਰ ਪੁਲਸ ਤੋਂ ਕੋਈ ਇਨਸਫ਼ ਨਾ ਮਿਲਿਆ ਤਾਂ ਰਾਧਿਕਾ ਅਦਾਲਤ ਦਾ ਦਰਵਾਜਾ ਖੜਕਾਏਗੀ। ਇਸ ਮੌਕੇ ਪ੍ਰਧਾਨ ਕੇਵਲ ਸਿੰਘ ਸਿੱਧੂ ਵੀ ਹਾਜ਼ਰ ਸਨ। ਇਸ ਸਬੰਧੀ ਰਾਧਿਕਾ ਦੇ ਪਤੀ ਕੁਨਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਚੌਕੀ ਗੁੱਜਰਪੁਰਾ ਦੇ ਏ. ਐੱਸ. ਆਈ. ਕੁਲਵੰਤ ਸਿੰਘ ਨੇ ਕਿਹਾ ਕਿ ਰਾਧਿਕਾ ਨੇ ਇਕੱਲੀ ਨੇ ਹੀ ਗੋਲੀਆਂ ਨਹੀਂਂ ਖਾਂਦੀਆਂ, ਸਗੋਂ ਉਸਦੇ ਪਤੀ ਕੁਨਾਲ ਨੇ ਵੀ ਉਸ ਨਾਲ ਗੋਲੀਆਂ ਖਾ ਲਈਆਂ ਸਨ। ਇਸ ਸਬੰਧੀ ਦੋਵਾਂ ਵਲੋਂ ਲਿਖਤੀ ਸ਼ਿਕਾਇਤ ਆਈ ਹੈ। ਜਾਂਚ ਜਾਰੀ ਹੈ, ਜਿਹੜਾ ਵੀ ਦੋਸ਼ੀ ਪਾਇਆ ਜਾਵੇਗਾ, ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਬੀੜ ਬਾਬਾ ਬੁੱਢਾ ਸਾਹਿਬ ਨੇੜੇ ਗੰਡਾਸੀਆਂ ਨਾਲ ਵੱਢਿਆ ਨਿਹੰਗ ਸਿੰਘ

Baljeet Kaur

This news is Content Editor Baljeet Kaur