ਵੋਟ ਪਾ ਕੇ ਮਜੀਠੀਆ ਨੇ ਰਗੜੇ ਸਿੱਧੂ ਤੇ ਕੈਪਟਨ

05/19/2019 1:20:43 PM

ਅੰਮ੍ਰਿਤਸਰ (ਗੁਰਪ੍ਰੀਤ) : ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆਪਣੀ ਨਵੀਂ ਸਰਕਾਰ ਚੁਣ ਰਿਹਾ ਹੈ। ਅੱਜ ਆਖਰੀ 7ਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਦੇਸ਼ ਦੀ ਇਸ 17ਵੀਂ ਲੋਕ ਸਭਾ ਚੋਣ 'ਚ ਵੱਖੋ-ਵੱਖ ਸੂਬਿਆਂ 'ਚ ਹਜ਼ਾਰਾਂ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਦੇ ਚੱਲਦਿਆਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਵੀ ਆਪਣੇ ਪਿੰਡ 'ਚ ਵੋਟ ਪਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਹੱਥ 'ਚ ਫੜ੍ਹ ਕੇ ਕਈ ਵਾਅਦੇ ਕੀਤੇ ਪਰ ਇਕ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਗੁਰਦਾਸਪੁਰ ਤੋਂ ਜਾਖੜ ਹਾਰੇਗਾ ਤਾਂ ਕੈਪਟਨ ਨੂੰ ਵੀ ਅਸਤੀਫਾ ਦੇਣਾ ਪਵੇਗਾ।  ਇਸ ਦੇ ਨਾਲ ਹੀ ਉਨ੍ਹਾਂ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਸਿੱਧੂ ਨੇ ਚੋਣ ਪ੍ਰਚਾਰ ਨਹੀਂ ਕੀਤਾ ਸਗੋਂ ਉਹ ਲੋਕਾਂ ਸਾਹਮਣੇ ਨੱਚਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਰਾਧੇ ਮਾਂ ਦਾ ਚੇਲਾ ਤੇ ਨਾਚਾ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਤਾਂ ਬਿਨਾਂ ਲਾੜੇ ਵਾਲੀ ਬਰਾਤ ਹੈ। ਇਸ ਉਪਰੰਤ ਉਨ੍ਹਾਂ ਨੇ ਭਾਈ ਦਾਦੂਵਾਲ ਤੇ ਭਾਈ ਮੰਡ 'ਤੇ ਵੀ ਨਿਸ਼ਾਨਾ ਵਿੰਨ੍ਹਿਆ।

Baljeet Kaur

This news is Content Editor Baljeet Kaur