ਹਿੱਤ ਨੇ ਚੌਥੇ ਦਿਨ ਵੀ ਸੇਵਾ ਕਰ ਕੇ ਸਿੰਘ ਸਾਹਿਬਾਨ ਦੇ ਹੁਕਮ ਦੀ ਕੀਤੀ ਤਾਮੀਲ

02/02/2019 9:23:47 AM

ਅੰਮ੍ਰਿਤਸਰ (ਅਣਜਾਣ) : ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਜਿਨ੍ਹਾਂ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਵਡਿਆਉਣ ਦੀ ਭੁੱਲ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕਰ ਕੇ ਪੰਜ ਸਿੰਘ ਸਾਹਿਬਾਨ ਵਲੋਂ ਸੇਵਾ ਲਾਈ ਗਈ ਸੀ। ਉਨ੍ਹਾਂ ਦੀ ਸੇਵਾ ਅੱਜ ਚੌਥੇ ਦਿਨ 'ਚ ਪ੍ਰਵੇਸ਼ ਕਰ ਚੁੱਕੀ ਹੈ। ਜਥੇਦਾਰ ਹਿੱਤ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੁਰ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਫਿਰ ਦੁਪਹਿਰ ਸਮੇਂ ਗੁਰੂ ਘਰ 'ਚ ਸੰਗਤਾਂ ਦੇ ਜੋੜੇ ਝਾੜਨ, ਪਾਲਿਸ਼ ਕਰਨ ਤੇ ਭਾਂਡੇ ਮਾਂਜਣ ਦੀ ਸੇਵਾ ਕੀਤੀ।

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਖਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਨਖਾਹ ਲਾਈ ਗਈ ਹੈ। ਜਥੇਦਾਰ ਹਿੱਤ ਖਿਲਾਫ ਸਿੱਖ ਅਰਦਾਸ ਦੇ ਵਾਕ ਨੂੰ ਵਿਅਕਤੀ ਵਿਸ਼ੇਸ਼ ਲਈ ਵਰਤ ਕੇ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਹਨ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਹੁਕਮ ਦਿੱਤਾ ਗਿਆ ਹੈ ਕਿ ਹਿੱਤ ਸੱਤ ਦਿਨ ਸ੍ਰੀ ਪਟਨਾ ਸਾਹਿਬ ਵਿਖੇ ਰੋਜ਼ਾਨਾ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰਨ, ਸੰਗਤ ਦੇ ਜੂਠੇ ਬਰਤਨ ਮਾਂਜਣ ਅਤੇ ਕੀਰਤਨ ਸਰਵਣ ਕਰਨ। ਇਸੇ ਤਰ੍ਹਾਂ ਪੰਜ ਦਿਨ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕ-ਇਕ ਘੰਟਾ ਇਹ ਤਿੰਨੇ ਸੇਵਾਵਾਂ ਪੂਰੀਆਂ ਕਰਨ। ਸੇਵਾ ਦੌਰਾਨ ਦੋਹਾਂ ਹੀ ਪਾਵਨ ਅਸਥਾਨਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਹੁਕਮਨਾਮਾ ਸਰਵਣ ਕਰਨ ਤੇ ਸੇਵਾ ਸੰਪੂਰਨ ਹੋਣ 'ਤੇ ਇਕ-ਇਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ, ਬਾਣੀ ਸਰਵਣ ਕਰਨ ਅਤੇ ਦੋਹਾਂ ਅਸਥਾਨਾਂ 'ਤੇ 5100-5100 ਰੁਪਏ ਬਾਬਤ ਕੜਾਹ ਪ੍ਰਸਾਦ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਲਈ ਅਰਦਾਸ ਬੇਨਤੀ ਕਰਨ ਲਈ ਵੀ ਹੁਕਮ ਦਿੱਤਾ ਗਿਆ ਹੈ।

Baljeet Kaur

This news is Content Editor Baljeet Kaur