ਜਾਸੂਸੀ ਕਰਨ ਵਾਲਾ ਭਾਰਤੀ ਫੌਜੀ 4 ਦਿਨ ਦੇ ਪੁਲਸ ਰਿਮਾਂਡ ''ਤੇ

05/11/2019 9:54:42 AM

ਅੰਮ੍ਰਿਤਸਰ (ਸੰਜੀਵ) : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰਨ ਵਾਲੇ ਭਾਰਤੀ ਫੌਜ ਦੇ ਫੌਜੀ ਮਲਕੀਤ ਸਿੰਘ ਨਿਵਾਸੀ ਮੁਹਾਵਾ ਨੂੰ ਅੱਜ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ 'ਤੇ ਚਾਰ ਦਿਨ ਪੁਲਸ ਰਿਮਾਂਡ 'ਤੇ ਲੈ ਲਿਆ ਹੈ। ਪਿਛਲੇ ਕਰੀਬ ਡੇਢ ਸਾਲ ਤੋਂ ਪਾਕਿਸਤਾਨ ਲਈ ਭਾਰਤੀ ਫੌਜ ਦੀ ਜਾਸੂਸੀ ਕਰ ਰਹੇ ਮਲਕੀਤ ਸਿੰਘ ਤੋਂ ਬਰਾਮਦ ਕੀਤੇ ਗਏ 3 ਮੋਬਾਇਲ ਫੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਗਏ ਹਨ ਅਤੇ ਉਸ ਦੇ ਬੈਂਕ ਖਾਤਿਆਂ ਤੋਂ ਇਲਾਵਾ ਸਭ ਤੋਂ ਪਹਿਲਾਂ ਉਸ ਦੇ ਸੰਪਰਕ ਵਿਚ ਰਹਿਣ ਵਾਲੇ ਨੰਬਰਾਂ ਨੂੰ ਜਾਂਚਿਆ ਜਾ ਰਿਹਾ ਹੈ। ਦੇਸ਼ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ, ਜਿਨ੍ਹਾਂ ਵਿਚ ਰਾ, ਸੀ. ਬੀ. ਆਈ., ਇੰਟੈਲੀਜੈਂਸ ਤੋਂ ਇਲਾਵਾ ਭਾਰਤੀ ਫੌਜ ਦੀ ਇੰਟੈਲੀਜੈਂਸ ਵੀ ਛੇਤੀ ਮਲਕੀਤ ਸਿੰਘ ਕੋਲੋਂ ਆਪਣੀ ਜਾਂਚ ਦੀ ਕਾਰਵਾਈ ਸ਼ੁਰੂ ਕਰਨ ਜਾ ਰਹੀ ਹੈ।

ਪਿਛਲੇ ਦੁਪਹਿਰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਲਈ ਜਾਸੂਸੀ ਕਰ ਰਹੇ ਭਾਰਤੀ ਫੌਜ ਦੇ ਨੌਜਵਾਨ ਮਲਕੀਤ ਸਿੰਘ ਫੌਜੀ ਨਿਵਾਸੀ ਮੁਹਾਵਾ ਨੂੰ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਘਰਿੰਡਾ ਖੇਤਰ ਤੋਂ ਇੱਕ ਵੱਡੇ ਆਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਸੀ। ਮਲਕੀਤ ਸਿੰਘ ਪਿਛਲੇ ਕਰੀਬ ਡੇਢ ਸਾਲ ਤੋਂ ਪਾਕਿਸਤਾਨ ਲਈ ਜਾਸੂਸੀ ਕਰ ਰਿਹਾ ਸੀ। ਮਲਕੀਤ ਸ਼੍ਰੀਨਗਰ ਵਿਚ ਤਾਇਨਾਤ ਸੀ ਅਤੇ ਉਥੋਂ ਹੀ ਵਟਸਐਪ ਤੇ ਮੇਲ ਰਾਹੀਂ ਪਾਕਿਸਤਾਨ ਨੂੰ ਭਾਰਤੀ ਫੌਜ ਦੀਆਂ ਖੁਫੀਆ ਜਾਣਕਾਰੀਆਂ ਉਪਲੱਬਧ ਕਰਵਾ ਰਿਹਾ ਸੀ।

Baljeet Kaur

This news is Content Editor Baljeet Kaur