ਪੁਲਵਾਮਾ ਹਮਲੇ ਦੇ 60 ਦਿਨਾਂ ਬਾਅਦ ਆਈ. ਸੀ. ਪੀ. ''ਤੇ ਬੇਰੋਜ਼ਗਾਰ ਹੋਏ 7000 ਪਰਿਵਾਰ

04/15/2019 11:30:54 AM

ਅੰਮ੍ਰਿਤਸਰ (ਨੀਰਜ) : ਪੁਲਵਾਮਾ 'ਚ 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਹੋਏ ਹਮਲੇ ਦੇ 60 ਦਿਨ ਪੂਰੇ ਹੋ ਚੁੱਕੇ ਹਨ। ਇਸ ਹਮਲੇ ਨਾਲ ਜਿਥੇ ਸੀ. ਆਰ. ਪੀ. ਐੱਫ. ਜਵਾਨਾਂ ਦੇ ਪਰਿਵਾਰ ਬੇਰੋਜ਼ਗਾਰ ਹੋ ਗਏ ਤਾਂ ਉਥੇ ਹੀ ਇਸ ਦਾ ਅਸਰ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਸਪੱਸ਼ਟ ਦੇਖਣ ਨੂੰ ਮਿਲ ਰਿਹਾ ਹੈ। ਪੁਲਵਾਮਾ ਹਮਲੇ ਦੇ ਇਨ੍ਹਾਂ 60 ਦਿਨਾਂ 'ਚ ਆਈ. ਸੀ. ਪੀ. ਅਟਾਰੀ 'ਤੇ ਕੰਮ ਕਰਨ ਵਾਲੇ 7000 ਪਰਿਵਾਰ ਵੀ ਬੇਰੋਜ਼ਗਾਰ ਹੋ ਚੁੱਕੇ ਹਨ ਕਿਉਂਕਿ ਪਾਕਿਸਤਾਨ ਨਾਲ ਦਰਾਮਦ ਬੰਦ ਹੋਣ ਕਾਰਨ ਆਈ. ਸੀ. ਪੀ. ਅਟਾਰੀ 'ਤੇ ਕੰਮ ਬੰਦ ਹੋ ਚੁੱਕਾ ਹੈ।

ਕਰੋੜਾਂ ਦੇ ਟਰੱਕ ਵੀ ਹੋਏ ਜਾਮ
ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਦਰਾਮਦ-ਬਰਾਮਦ ਕਰਨ ਲਈ 500 ਦੇ ਲਗਭਗ ਟਰਾਂਸਪੋਰਟਰ ਵੀ ਸਿੱਧੇ ਤੇ ਅਸਿੱਧੇ ਰੂਪ ਨਾਲ ਜੁੜੇ ਹੋਏ ਸਨ ਤੇ ਆਪਣੇ ਪਰਿਵਾਰ ਪਾਲ ਰਹੇ ਸਨ ਪਰ ਪਿਛਲੇ 2 ਮਹੀਨਿਆਂ ਤੋਂ ਇਨ੍ਹਾਂ ਟਰਾਂਸਪੋਰਟਰਾਂ ਦੇ ਟਰੱਕਾਂ ਦੇ ਪਹੀਏ ਵੀ ਜਾਮ ਹੋ ਚੁੱਕੇ ਹਨ ਕਿਉਂਕਿ ਨਾ ਤਾਂ ਪਾਕਿਸਤਾਨ ਵੱਲੋਂ ਕੋਈ ਦਰਾਮਦ ਹੋ ਰਹੀ ਹੈ ਤੇ ਨਾ ਹੀ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦਾ ਬਰਾਮਦ ਹੋ ਰਹੀ ਹੈ। ਹਾਂ, ਅਫਗਾਨਿਸਤਾਨ ਵਲੋਂ ਜੇਕਰ 1-2 ਟਰੱਕ ਆ ਵੀ ਜਾਂਦੇ ਹਨ ਤਾਂ ਇਸ ਨਾਲ ਟਰਾਂਸਪੋਰਟਰਾਂ ਨੂੰ ਕੋਈ ਮੁਨਾਫ਼ਾ ਨਹੀਂ ਮਿਲਦਾ।

ਪਾਕਿਸਤਾਨ ਤੋਂ ਦਰਾਮਦ 1 ਲੱਖ ਬੋਰੀ ਸੀਮੈਂਟ ਵੀ ਹੋਇਆ ਖ਼ਰਾਬ
ਪਾਕਿਸਤਾਨ ਤੋਂ ਦਰਾਮਦ ਵਸਤੂਆਂ 'ਤੇ 200 ਫ਼ੀਸਦੀ ਡਿਊਟੀ ਲਾਏ ਜਾਣ ਦੇ 1-2 ਦਿਨਾਂ ਬਾਅਦ ਆਈ. ਸੀ. ਪੀ. 'ਤੇ 1 ਲੱਖ ਬੋਰੀ ਪਾਕਿਸਤਾਨੀ ਸੀਮੈਂਟ ਦਰਾਮਦ ਹੋਇਆ ਸੀ, ਜਿਸ ਨੂੰ ਭਾਰਤੀ ਵਪਾਰੀਆਂ ਨੇ ਚੁੱਕਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ 250 ਰੁਪਏ ਦੀ ਸੀਮੈਂਟ ਦੀ ਇਕ ਬੋਰੀ 'ਤੇ 900 ਰੁਪਏ ਦੇ ਕਰੀਬ ਕਸਟਮ ਡਿਊਟੀ ਲੱਗ ਗਈ। ਆਈ. ਸੀ. ਪੀ. 'ਤੇ ਪਿਆ ਪਾਕਿਸਤਾਨੀ ਸੀਮੈਂਟ ਵੀ ਇਸ ਸਮੇਂ ਖ਼ਰਾਬ ਹੋ ਚੁੱਕਾ ਹੈ, ਜਿਸ ਦੀ ਨੀਲਾਮੀ ਕਰਨ ਤੋਂ ਇਲਾਵਾ ਕਸਟਮ ਵਿਭਾਗ ਕੋਲ ਕੋਈ ਹੋਰ ਹੱਲ ਨਹੀਂ ਬਚਿਆ।

ਪਾਕਿਸਤਾਨੀ ਛੁਹਾਰੇ ਦੇ ਟਰੱਕ 'ਤੇ 2 ਲੱਖ ਦੀ ਬਜਾਏ 32 ਲੱਖ ਕਸਟਮ ਡਿਊਟੀ
ਪਾਕਿਸਤਾਨੀ ਸੀਮੈਂਟ ਦੇ ਨਾਲ-ਨਾਲ ਆਈ. ਸੀ. ਪੀ. ਅਟਾਰੀ 'ਤੇ ਪਾਕਿਸਤਾਨ ਵੱਲੋਂ ਦਰਾਮਦ ਕੀਤਾ ਗਿਆ ਛੁਹਾਰਾ ਵੀ ਖ਼ਰਾਬ ਹੋ ਰਿਹਾ ਹੈ ਤੇ ਪਾਕਿਸਤਾਨ ਇਸ ਨੂੰ ਰੀ-ਐਕਸਪੋਰਟ ਕਰਨ ਲਈ ਤਿਆਰ ਨਹੀਂ ਹੈ। ਭਾਰਤੀ ਵਪਾਰੀ ਪਾਕਿਸਤਾਨੀ ਛੁਹਾਰੇ ਨੂੰ ਇਸ ਲਈ ਉਠਾ ਨਹੀਂ ਰਹੇ ਕਿਉਂਕਿ ਛੁਹਾਰੇ ਦੇ ਇਕ ਟਰੱਕ 'ਤੇ ਜਿਥੇ 2 ਲੱਖ ਰੁਪਏ ਕਸਟਮ ਡਿਊਟੀ ਲੱਗਦੀ ਸੀ, ਉਸ 'ਤੇ ਇਸ ਸਮੇਂ 32 ਲੱਖ ਰੁਪਏ ਕਸਟਮ ਡਿਊਟੀ ਲੱਗਦੀ ਹੈ।

ਵਿੱਤ ਤੇ ਗ੍ਰਹਿ ਮੰਤਰੀ ਨੇ ਵੀ ਨਹੀਂ ਕੀਤੀ ਸੁਣਵਾਈ
ਕਾਰੋਬਾਰ ਬੰਦ ਹੋਣ ਕਾਰਨ ਦੁਖੀ ਕੁਲੀ ਤੇ ਵਪਾਰੀ ਨੇਤਾਵਾਂ ਵਲੋਂ ਵਿੱਤ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੀ ਆਪਣਾ ਦੁਖੜਾ ਸੁਣਾਇਆ ਗਿਆ ਪਰ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਹਜ਼ਾਰਾਂ ਦੀ ਗਿਣਤੀ 'ਚ ਬੇਰੋਜ਼ਗਾਰ ਹੋ ਚੁੱਕੇ ਕੁਲੀ, ਹੈਲਪਰ ਤੇ ਹੋਰ ਕਰਮਚਾਰੀ ਭਾਰਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਨੂੰ ਇਹ ਕਹੇ ਕਿ ਉਹ ਪਾਕਿਸਤਾਨ ਦਾ ਸਮਰਥਨ ਕਰ ਰਹੇ ਹਨ ਜਾਂ ਫਿਰ ਇਹ ਕਹੇ ਕਿ ਉਨ੍ਹਾਂ 'ਚ ਆਪਣੇ ਦੇਸ਼ ਪ੍ਰਤੀ ਪਿਆਰ ਨਹੀਂ ਹੈ।

Baljeet Kaur

This news is Content Editor Baljeet Kaur